ਸ੍ਰੀ ਅਕਾਲ ਤਖਤ ਪੁੱਜਾ ਲੰਗਾਹ ਵਲੋਂ ਅਕਾਲੀ-ਭਾਜਪਾ ਲਈ ਪ੍ਰਚਾਰ ਕਰਨ ਦਾ ਮਾਮਲਾ

04/24/2019 6:34:47 PM

ਅੰਮ੍ਰਿਤਸਰ (ਅਨਜਾਣ) : ਪੰਥ 'ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਵਲੋਂ ਅਕਾਲੀ-ਭਾਜਪਾ ਦੇ ਹੱਕ ਵਿਚ ਚੋਣ ਪ੍ਰਚਾਰ ਵਿੱਢਣ 'ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਪਿੰਡ ਖੋਦੇਬੇਟ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਦੇ ਸਤਬੀਰ ਸਿੰਘ ਨੇ ਪਿੰਡ ਵਾਸੀਆਂ ਅਤੇ ਭਾਈ ਲਖਵਿੰਦਰ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਅਤੇ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਦਿਆਰਥੀ ਨੇ ਕੋਈ ਪੰਜਾਹ ਤੋਂ ਉੱਪਰ ਦਸਤਖਤਾਂ ਵਾਲਾ ਸ਼ਿਕਾਇਤ ਪੱਤਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਸੌਂਪਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁੱਚਾ ਸਿੰਘ ਲੰਗਾਹ ਪੰਥ 'ਚੋਂ ਛੇਕੇ ਜਾਣ ਦੇ ਬਾਵਜੂਦ ਵੀ ਵੱਖ-ਵੱਖ ਥਾਵਾਂ 'ਤੇ ਲੱਗੀਆਂ ਧਾਰਮਿਕ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਸਟੇਜਾਂ 'ਤੇ ਪ੍ਰਚਾਰ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਦੱਸਦਾ ਹੈ। ਜਦ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮੇ ਅਨੁਸਾਰ ਕੋਈ ਵੀ ਵਿਅਕਤੀ ਜਿੰਨੀ ਦੇਰ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗ ਲੈਂਦਾ ਉਦੋਂ ਤੱਕ ਕਿਸੇ ਨਾਲ ਵੀ ਰੋਟੀ-ਬੇਟੀ ਦੀ ਸਾਂਝ ਦੇ ਇਲਾਵਾ ਕਿਸੇ ਸਟੇਜ ਤੋਂ ਨਹੀਂ ਬੋਲ ਸਕਦਾ । 
ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਇਕ ਬਲਾਤਕਾਰੀ ਬੰਦਾ ਸਾਨੂੰ ਮੰਦੀ ਸ਼ਬਦਾਵਲੀ ਬੋਲ ਰਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਨੂੰ ਸਿੱਧਾ ਚੈਲੰਜ ਕਰ ਰਿਹਾ ਹੈ ਅਤੇ ਲੰਗਾਹ ਇਸ ਸਬੰਧੀ ਜ਼ੇਲ ਯਾਤਰਾ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੰਦੇ ਨੂੰ ਉਸ ਦੀ ਭੁੱਲ 'ਤੇ ਸੇਵਾ ਲਗਾਉਂਦਾ ਹੈ ਤਾਂ ਉਸ ਨੂੰ ਕੱਢ ਦਿੱਤਾ ਜਾਂਦਾ ਹੈ। ਬੀਬੀ ਜਗੀਰ ਕੌਰ ਵੇਲੇ ਵੀ ਉਸ ਸਮੇਂ ਦੇ ਮੌਜੂਦਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਕੱਢ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਜਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਫੈਸਲਾ ਨਾ ਲਿਆ ਗਿਆ ਤਾਂ ਸੰਗਤ ਨਾਲ ਧਰਨਾ ਲਗਾਇਆ ਜਾਵੇਗਾ। 
ਸਿੰਘ ਸਾਹਿਬ ਦੇ ਆਉਣ 'ਤੇ ਕੀਤੀ ਜਾਵੇਗੀ ਸ਼ਿਕਾਇਤ
ਇਸ ਸਬੰਧੀ ਜਦ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਦੇ ਆਉਣ 'ਤੇ ਸ਼ਿਕਾਇਤ ਪੱਤਰ ਸੌਂਪ ਦਿੱਤਾ ਜਾਵੇਗਾ। ਵਿਚਾਰ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Gurminder Singh

Content Editor

Related News