ਅਧਿਆਪਕ ਦਿਵਸ ’ਤੇ ਵਿਸ਼ੇਸ਼, ਥੈਂਕਿਊ ਟੀਚਰਸ, ਤਾਲਾਬੰਦੀ ’ਚ ਵੀ ਜਗਾਈ ਰੱਖੀ ਸਿੱਖਿਆ ਦੀ ਲੋਅ

Sunday, Sep 05, 2021 - 11:09 AM (IST)

ਜਲੰਧਰ (ਸੁਮਿਤ)–ਕਿਸੇ ਵੀ ਦੇਸ਼ ਦੀ ਤਰੱਕੀ ਵਿਚ ਸਿੱਖਿਆ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਅਤੇ ਸਹੀ ਸਿੱਖਿਆ ਪ੍ਰਣਾਲੀ ਨਾਲ ਹੀ ਦੇਸ਼ ਨੂੰ ਡਾਕਟਰਾਂ, ਇੰਜੀਨੀਅਰਾਂ ਅਤੇ ਸਾਇੰਟਿਸਟਾਂ ਤੋਂ ਇਲਾਵਾ ਹੋਰ ਖੇਤਰਾਂ ਦੇ ਮਾਹਿਰ ਮਿਲ ਪਾਉਂਦੇ ਹਨ। ਮਾਰਚ 2020 ਵਿਚ ਜਦੋਂ ਪੂਰੀ ਦੁਨੀਆ ਨੂੰ ਕੋਰੋਨਾ ਨੇ ਆਪਣੀ ਲਪੇਟ ਵਿਚ ਲਿਆ ਤਾਂ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਅਤੇ ਇਥੇ ਵੀ ਤਾਲਾਬੰਦੀ ਲਾਈ ਗਈ। ਇਥੋਂ ਤੱਕ ਕਿ ਕਈ ਸੂਬਿਆਂ ਜਾਂ ਸ਼ਹਿਰਾਂ ਵਿਚ ਤਾਂ ਕਰਫ਼ਿਊ ਵੀ ਲਾਇਆ ਗਿਆ। ਸਭ ਦੇ ਕੰਮ-ਧੰਦੇ ਅਤੇ ਦਫ਼ਤਰ ਬੰਦ ਹੋ ਗਏ ਤਾਂ ਅਜਿਹੇ ਵਿਚ ਬੱਚਿਆਂ ਦੇ ਸਕੂਲ ਵੀ ਬੰਦ ਹੋ ਗਏ ਅਤੇ ਸਭ ਤੋਂ ਵੱਡੀ ਚੁਣੌਤੀ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣਾ ਸੀ। ਅਜਿਹੇ ਵਿਚ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਅਧਿਆਪਕਾਂ ਦੀ ਸੀ ਅਤੇ ਉਨ੍ਹਾਂ ਇਸ ਮੁਸ਼ਕਲ ਘੜੀ ਵਿਚ ਜਿਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਅਤੇ ਸਿੱਖਿਆ ਦੀ ਲੋਅ ਨੂੰ ਜਗਾਈ ਰੱਖਿਆ, ਇਸ ਦੇ ਲਈ ਉਨ੍ਹਾਂ ਨੂੰ ਸ਼ੁਕਰੀਆ ਕਹਿਣਾ ਤਾਂ ਬਣਦਾ ਹੀ ਹੈ ਅਤੇ ਇਸ ਦੇ ਲਈ ਅਧਿਆਪਕ ਦਿਵਸ ਤੋਂ ਵੱਧ ਕੋਈ ਮੌਕਾ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਸਟਰਾਂ ਤੇ ਮਾਫ਼ੀਆ ਦਾ ਰਾਜ, ਸਰਕਾਰ ਤੇ ਪੁਲਸ ਅਪਰਾਧ ਰੋਕਣ ’ਚ ਅਸਫ਼ਲ : ਅਸ਼ਵਨੀ ਸ਼ਰਮਾ

ਤਕਨੀਕ ਦੀ ਸਹੀ ਵਰਤੋਂ ਨਾਲ ਜਾਰੀ ਰਹੀ ਪੜ੍ਹਾਈ
ਜਦੋਂ ਸਭ ਕੁਝ ਬੰਦ ਸੀ ਅਤੇ ਸਾਰਿਆਂ ਨੂੰ ਕੋਰੋਨਾ ਤੋਂ ਡਰ ਲੱਗ ਰਿਹਾ ਸੀ ਤਾਂ ਅਜਿਹੇ ਵਿਚ ਤਕਨੀਕ ਦੀ ਸਹੀ ਵਰਤੋਂ ਕੀਤੀ ਗਈ ਅਤੇ ਹੋਰ ਦੇਸ਼ਾਂ ਵਾਂਗ ਆਨਲਾਈਨ ਸਿੱਖਿਆ ਆਰੰਭ ਕੀਤੀ ਗਈ। ਹਾਲਾਂਕਿ ਪ੍ਰਾਈਵੇਟ ਸੰਸਥਾਵਾਂ ਕੋਲ ਇਸ ਦੇ ਲਈ ਪ੍ਰਬੰਧ ਕਾਫ਼ੀ ਹੱਦ ਤੱਕ ਉਪਲੱਬਧ ਸਨ ਪਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਤਾਂ ਇਹ ਪੂਰੀ ਤਰ੍ਹਾਂ ਨਵੀਂ ਗੱਲ ਸੀ। ਕਈ ਪੁਰਾਣੇ ਅਧਿਆਪਕ ਤਾਂ ਇਸ ਤੋਂ ਕੋਹਾਂ ਦੂਰ ਸਨ, ਫਿਰ ਵੀ ਸਾਰਿਆਂ ਨੇ ਇਸ ਚੁਣੌਤੀ ਨੂੰ ਸਵੀਕਾਰਿਆ ਅਤੇ ਆਨਲਾਈਨ ਪੜ੍ਹਾਈ ਜਾਰੀ ਰੱਖੀ।

ਆਪਣੇ ਬੱਚਿਆਂ ਨੂੰ ਵੀ ਪੜ੍ਹਾਇਆ ਅਤੇ ਵਿਦਿਆਰਥੀਆਂ ਨੂੰ ਵੀ
ਆਨਲਾਈਨ ਕਲਾਸਾਂ ਦੌਰਾਨ ਸਭ ਤੋਂ ਜ਼ਿਆਦਾ ਮੁਸ਼ਕਿਲ ਅਧਿਆਪਕਾਂ ਨੂੰ ਸੀ ਕਿਉਂਕਿ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਦੀ ਆਨਲਾਈਨ ਕਲਾਸ ਲਾਉਣੀ ਪੈਂਦੀ ਸੀ ਅਤੇ ਇਸ ਦੇ ਨਾਲ ਹੀ ਆਪਣੇ ਬੱਚਿਆਂ ਦੀ ਆਨਲਾਈਨ ਕਲਾਸ ਵੀ ਲੁਆਉਣੀ ਪੈਂਦੀ ਸੀ। ਮਹਿਲਾ ਅਧਿਆਪਕਾਂ ਨੇ ਤਾਂ ਆਪਣੇ ਘਰ ਦਾ ਕੰਮ ਵੀ ਵੇਖਣਾ ਹੁੰਦਾ ਸੀ, ਫਿਰ ਵੀ ਪੜ੍ਹਾਈ ਜਾਰੀ ਰਹੀ ਅਤੇ ਇਸ ਦਾ ਸਿਹਰਾ ਵੀ ਅਧਿਆਪਕਾਂ ਨੂੰ ਵੀ ਜਾਂਦਾ ਹੈ।

ਇਹ ਵੀ ਪੜ੍ਹੋ: ਮੋਗਾ ਰੈਲੀ ਵਿਚ ਹੋਏ ਟਕਰਾਅ 'ਤੇ ਡਾ. ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ

ਪੜ੍ਹਾਈ ਆਫ਼ਲਾਈਨ ਵੀ ਅਤੇ ਆਨਲਾਈਨ ਵੀ
ਹਾਲਾਂਕਿ ਹੁਣ ਭਾਵੇਂ ਪੰਜਾਬ ਵਿਚ ਸਿੱਖਿਆ ਸੰਸਥਾਵਾਂ ਪੂਰੀ ਤਰ੍ਹਾਂ ਖੋਲ੍ਹ ਦਿੱਤੀਆਂ ਗਈਆਂ ਹਨ ਪਰ ਕੁਝ ਮਹੀਨੇ ਤਾਂ ਸਕੂਲ ਖੁੱਲ੍ਹਣ ਦੇ ਨਾਲ ਆਫ਼ਲਾਈਨ ਅਤੇ ਉਸਦੇ ਨਾਲ ਹੀ ਜਿਹੜੇ ਬੱਚੇ ਸਕੂਲ ਨਹੀਂ ਆ ਰਹੇ ਸਨ, ਉਨ੍ਹਾਂ ਦੀ ਆਨਲਾਈਨ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਅਧਿਆਪਕਾਂ ’ਤੇ ਹੀ ਸੀ। ਅਜਿਹੇ ਸਮੇਂ ਵਿਚ ਇਕ ਹੀ ਅਧਿਆਪਕ ਪਹਿਲਾਂ ਸਵੇਰੇ ਸਕੂਲ ਵਿਚ ਪੜ੍ਹਾਉਂਦਾ ਸੀ ਅਤੇ ਫਿਰ ਦੁਪਹਿਰੇ ਬੱਚਿਆਂ ਨੂੰ ਆਨਲਾਈਨ ਵੀ ਪੜ੍ਹਾਉਂਦਾ ਸੀ। ਅਧਿਆਪਕਾਂ ਵੱਲੋਂ ਇਹ ਕੰਮ ਆਪਣਾ ਫਰਜ਼ ਸਮਝ ਕੇ ਕੀਤਾ ਗਿਆ ਅਤੇ ਅਜਿਹੇ ਸਮੇਂ ਵਿਚ ਵੀ ਕੀਤਾ ਗਿਆ, ਜਦੋਂ ਕੁਝ ਨੂੰ ਤਾਂ ਤਨਖਾਹ ਵੀ ਸਮੇਂ ’ਤੇ ਨਹੀਂ ਮਿਲ ਪਾ ਰਹੀ ਸੀ। ਕਹਿੰਦੇ ਹਨ ਕਿ ਹੁਕਮ ਦੇਣਾ ਤਾਂ ਆਸਾਨ ਹੈ ਪਰ ਜਦੋਂ ਤੱਕ ਹੁਕਮਾਂ ’ਤੇ ਅਮਲ ਨਹੀਂ ਹੋਵੇਗਾ ਤਾਂ ਉਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਸਿੱਖਿਆ ਮਹਿਕਮੇ ਵੱਲੋਂ ਕੋਰੋਨਾ ਦੌਰਾਨ ਜਿਹੜੇ ਵੀ ਹੁਕਮ ਜਾਰੀ ਕੀਤੇ ਗਏ, ਉਨ੍ਹਾਂ ਸਾਰਿਆਂ ਨੂੰ ਅਧਿਆਪਕਾਂ ਵੱਲੋਂ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਦੂਜੀ ਖ਼ੁਰਾਕ ਸਬੰਧੀ ਸਰਕਾਰੀ ਟੀਕਾਕਰਨ ਕੇਂਦਰਾਂ ਨੂੰ ਨਵੀਆਂ ਹਦਾਇਤਾਂ ਜਾਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News