ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਦਾ ਧੰਦਾ ਸਥਾਪਿਤ ਕਰਨ ਲਈ ਤ੍ਰਿਪਤ ਬਾਜਵਾ ਦਾ ਵਿਸ਼ੇਸ਼ ਉਪਰਾਲਾ
Tuesday, Sep 07, 2021 - 12:10 PM (IST)
ਚੰਡੀਗੜ੍ਹ (ਸ਼ਰਮਾ) : ਡੇਅਰੀ ਵਿਕਾਸ ਵਿਭਾਗ ਵਲੋਂ ਪੰਜਾਬ ਰਾਜ ਵਿਚ ਸਥਾਪਿਤ ਕੀਤੇ ਗਏ ਆਪਣੇ 9 ਸਿਖਲਾਈ ਕੇਂਦਰਾਂ ਰਾਹੀ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਘਰਾਂ ਵਿਚ ਰੁਜ਼ਗਾਰ ਹਾਸਲ ਕਰਨ ਲਈ ਦੋ ਹਫ਼ਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਵਿਚ ਹਰ ਸਾਲ ਲਗਭਗ 6000 ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਤੋਂ ਇਲਾਵਾ ਵਿਭਾਗ ਵਲੋਂ 4 ਹਫ਼ਤੇ ਦਾ ਡੇਅਰੀ ਉਦਮ ਸਿਖਲਾਈ ਪ੍ਰੋਗਰਾਮ ਵੀ ਚਲਾਇਆ ਜਾਂਦਾ ਹੈ, ਜਿਸ ਵਿਚ ਮੌਜੂਦਾ ਦੁੱਧ ਉਤਪਾਦਕਾ ਨੂੰ ਵਿਗਿਆਨਕ ਤਰੀਕੇ ਨਾਲ ਡੇਅਰੀ ਦਾ ਕੀਤਾ ਅਪਣਾਉਣ ਲਈ ਐਡਵਾਂਸ ਸਿਖਲਾਈ ਦਿੱਤੀ ਜਾਂਦੀ ਹੈ। ਹਰ ਸਾਲ 1000 ਸਿਖਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਵਾਂ ਡੇਅਰੀ ਯੂਨਿਟ ਸਥਾਪਿਤ ਕਰਨ ਹਿੱਤ 2 ਤੋਂ 20 ਦੁਧਾਰੂ ਪਸ਼ੂਆਂ ਦੀ ਖਰੀਦ ਕਰਨ ਤੇ 17500 ਰੁਪਏ ਪ੍ਰਤੀ ਪਸ਼ੂ ਜਰਨਲ ਜਾਤੀ ਅਤੇ 23100/- ਰੁਪਏ ਅਨੁਸੂਚਿਤ ਜਾਤੀ ਦੇ ਲਾਭਪਾਤਰੀ ਨੂੰ ਵਿੱਤੀ ਮਦਦ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਲਈ ਮੱਧ ਪ੍ਰਦੇਸ਼ ਤੋਂ ਆਈਆਂ ਵੋਟਿੰਗ ਮਸ਼ੀਨਾਂ
ਬਾਜਵਾ ਨੇ ਦੱਸਿਆ ਕਿ ਦੁਧਾਰੂ ਪਸ਼ੂਆਂ ਨੂੰ ਗਰਮੀ ਸਰਦੀ, ਉਚੇ ਨੀਵੇਂ ਸਥਾਨ ਅਤੇ ਭੀੜ ਭੜਕੇ ਤੋਂ ਬਚਾਉਣ ਲਈ ਪਸ਼ੂ ਪਾਲਕਾਂ ਨੂੰ ਇਹ ਸਹੂਲਤਾਂ ਦੇਣ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਮਾਹਰਾਂ ਦੀ ਰਾਏ ਨਾਲ ਡੇਅਰੀ ਸ਼ੈੱਡਾਂ ਦੇ ਡਿਜ਼ਾਇਨ ਤਿਆਰ ਕੀਤੇ ਗਏ ਹਨ। ਇਸ ਮੁਤਾਬਕ ਸ਼ੈੱਡ ਬਣਾਉਣ ਵਾਲੇ ਪਸ਼ੂ ਪਾਲਕ ਨੂੰ 1.50 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਨ੍ਹਾਂ ਸ਼ੈੱਡਾਂ ਦੇ ਡਿਜ਼ਾਇਨ, ਜੋ ਕਿ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਅਤੇ ਅਗਾਂਹਵਧੂ ਦੁੱਧ ਉਤਪਾਦਕਾਂ ਨਾਲ ਵਿਚਾਰ ਕਰਕੇ ਬਣਾਏ ਗਏ ਹਨ, ਵਿਚ 10 ਤੋ 20 ਪਸ਼ੂਆਂ ਲਈ ਡਿਜ਼ਾਇਨ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦੀ ਲਾਗਤ ਕੀਮਤ 4 ਤੋ 6 ਲੱਖ ਰੁਪਏ ਤੱਕ ਹੈ।
ਇਹ ਵੀ ਪੜ੍ਹੋ : ਟਰਾਂਸਪੋਰਟ ਮਾਫੀਆ ਅੱਗੇ ਗੋਡੇ ਟੇਕ ਕੇ ਸਰਕਾਰੀ ਬੱਸ ਸੇਵਾ ਦੀ ਬਲੀ ਲੈ ਰਹੀ ਹੈ ਕਾਂਗਰਸ ਸਰਕਾਰ : ਸਰਬਜੀਤ ਮਾਣੂੰਕੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ