ਪਾਵਰਕਾਮ ਦੀ ਸਪੈਸ਼ਲ ਚੈਕਿੰਗ, ਬਿਜਲੀ ਦੀ ਚੋਰੀ ਤੇ ਗ਼ਲਤ ਵਰਤੋਂ ਕਰਨ ਵਾਲਿਆਂ ਨੂੰ ਠੋਕਿਆ 40 ਲੱਖ ਜੁਰਮਾਨਾ
Sunday, Aug 11, 2024 - 05:21 AM (IST)
ਜਲੰਧਰ (ਪੁਨੀਤ)– ਪਾਵਰਕਾਮ ਨੇ ਬਿਜਲੀ ਚੋਰਾਂ ਖ਼ਿਲਾਫ਼ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ 3,200 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਈ। ਚੈਕਿੰਗ ਦੌਰਾਨ ਬਿਜਲੀ ਚੋਰੀ ਦੇ 137 ਕੇਸ ਫੜਦੇ ਹੋਏ ਚੋਰਾਂ ਨੂੰ 40 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਛੁੱਟੀ ਵਾਲੇ ਦਿਨ 110 ਦੇ ਲਗਭਗ ਟੀਮਾਂ ਨੇ ਇਕੱਠਿਆਂ ਰੇਡ ਕਰਦੇ ਹੋਏ ਇੰਨੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ।
ਪਾਵਰਕਾਮ ਨਾਰਥ ਜ਼ੋਨ ਦੇ ਹੈੱਡ ਚੀਫ ਇੰਜੀ. ਰਮੇਸ਼ ਲਾਲ ਸਾਰੰਗਲ ਵੱਲੋਂ ‘ਸਟਾਪ ਲਾਸਿਸ’ ਦੇ ਨਾਂ ਨਾਲ ਵਿਸ਼ੇਸ਼ ਜਾਂਚ ਦੇ ਹੁਕਮ ਦਿੱਤੇ ਗਏ। ਇਸ ਤਹਿਤ ਚਾਰਾਂ ਸਰਕਲਾਂ ਦੇ ਸੁਪਰਿੰਟੈਂਡੈਂਟ ਇੰਜੀਨੀਅਰਾਂ ਦੀ ਪ੍ਰਧਾਨਗੀ ਵਿਚ ਐਕਸੀਅਨਾਂ ਵੱਲੋਂ ਚੈਕਿੰਗ ਕਰਵਾਉਣ ਦੀ ਕਮਾਨ ਸੰਭਾਲੀ ਗਈ। ਐੱਸ.ਡੀ.ਓ. ਅਤੇ ਜੇ.ਈ. ਵੱਲੋਂ ਫੀਲਡ ਵਿਚ ਜਾ ਕੇ ਟੀਮਾਂ ਦੀ ਅਗਵਾਈ ਕਰਦੇ ਹੋਏ ਖਪਤਕਾਰਾਂ ’ਤੇ ਰੇਡ ਕੀਤੀ ਗਈ। ਹਰੇਕ ਸਰਕਲ ਵਿਚ 25 ਤੋਂ 30 ਟੀਮਾਂ ਨੂੰ ਮਿਲਾ ਕੇ ਕੁੱਲ 110 ਟੀਮਾਂ ਨੇ 3,200 ਕੁਨੈਕਸ਼ਨ ਚੈੱਕ ਕੀਤੇ।
ਇਸ ਪੂਰੀ ਕਾਰਵਾਈ ਵਿਚ ਬਿਜਲੀ ਚੋਰੀ ਅਤੇ ਬਿਜਲੀ ਦੀ ਗਲਤ ਵਰਤੋਂ ਕਰਨ ਵਾਲੇ 137 ਖਪਤਕਾਰਾਂ ਨੂੰ 39.89 ਲੱਖ (ਲੱਗਭਗ 40 ਲੱਖ) ਜੁਰਮਾਨਾ ਕੀਤਾ ਗਿਆ ਹੈ। ਇਨ੍ਹਾਂ ਵਿਚ ਸਿੱਧੀ ਚੋਰੀ ਦੇ 27 ਕੇਸਾਂ ਵਿਚ 35.59 ਲੱਖ ਜੁਰਮਾਨਾ ਕੀਤਾ ਗਿਆ। ਉਕਤ ਜੁਰਮਾਨਾ ਪਹਿਲੀ ਜਾਂਚ ਦੇ ਮੁਤਾਬਕ ਹੈ, ਜੋ ਕਿ ਆਉਣ ਵਾਲੇ ਸਮੇਂ ਵਿਚ ਵਧ ਕੇ 40 ਲੱਖ ਤੋਂ ਪਾਰ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ- ਨੈਸ਼ਨਲ ਹਾਈਵੇ 'ਤੇ ਖੁੱਲ੍ਹੇ ਆਸਮਾਨ ਹੇਠ 'ਮੂੰਗਫਲੀ-ਰੇੜੀਆਂ' ਵਾਂਗ ਵੰਡੀ ਜਾ ਰਹੀ ਏਡਜ਼ ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਉਥੇ ਹੀ, ਯੂ.ਯੂ.ਈ. (ਬਿਜਲੀ ਦੀ ਗਲਤ ਵਰਤੋਂ) ਕਰਨ ਦੇ 50 ਕੇਸ ਫੜੇ ਗਏ ਹਨ। ਉਕਤ ਖਪਤਕਾਰਾਂ ਵੱਲੋਂ ਘਰੇਲੂ ਬਿਜਲੀ ਦੀ ਵਪਾਰਕ ਅਤੇ ਗਲਤ ਵਰਤੋਂ ਕੀਤੀ ਜਾ ਰਹੀ ਸੀ, ਜੋ ਕਿ ਨਿਯਮਾਂ ਦੇ ਉਲਟ ਹੈ। ਅਧਿਕਾਰੀਆਂ ਦੇ ਮੁਤਾਬਕ ਘਰਾਂ ਵਿਚ ਬਣੀਆਂ ਦੁਕਾਨਾਂ ਲਈ ਵੱਖ ਮੀਟਰ ਲਗਵਾਉਣਾ ਜ਼ਰੂਰੀ ਹੈ ਪਰ ਲੋਕ ਘਰਾਂ ਦੀ ਬਿਜਲੀ ਤੋਂ ਦੁਕਾਨਾਂ ਦਾ ਕੁਨੈਕਸ਼ਨ ਚਲਾਉਂਦੇ ਹਨ, ਜੋ ਕਿ ਗ਼ਲਤ ਹੈ। ਇਸ ਕਾਰਨ ਉਕਤ 50 ਖਪਤਕਾਰਾਂ ਨੂੰ 4.30 ਲੱਖ ਰੁਪਏ ਜੁਰਮਾਨਾ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਸਰਕਲ ਦੇ 951 ਮੀਟਰਾਂ ਦੀ ਚੈਕਿੰਗ ਵਿਚ ਚੋਰੀ ਦੇ 18 ਕੇਸਾਂ ਨੂੰ 6.83 ਲੱਖ ਜੁਰਮਾਨਾ, ਕਪੂਰਥਲਾ ਵਿਚ 808 ਮੀਟਰਾਂ ਅਧੀਨ ਚੋਰੀ ਦੇ 56 ਕੇਸਾਂ ਵਿਚ 16.81 ਲੱਖ, ਹੁਸ਼ਿਆਰਪੁਰ ਵਿਚ 789 ਕੁਨੈਕਸ਼ਨਾਂ ਵਿਚਕਾਰ 27 ਕੇਸਾਂ ਨੂੰ 7.90 ਲੱਖ, ਨਵਾਂਸ਼ਹਿਰ ਦੇ 652 ਕੇਸਾਂ ਵਿਚ 36 ਕੇਸਾਂ ਅਧੀਨ 8.35 ਲੱਖ ਜੁਰਮਾਨਾ ਕੀਤਾ ਗਿਆ ਹੈ।
ਸੈਂਕੜੇ ਮੀਟਰ ਉਤਾਰ ਕੇ ਜਾਂਚ ਲਈ ਭੇਜੇ : ਚੀਫ ਇੰਜੀ. ਸਾਰੰਗਲ
ਚੀਫ ਇੰਜੀ. ਰਮੇਸ਼ ਲਾਲ ਸਾਰੰਗਲ ਨੇ ਦੱਸਿਆ ਕਿ ਬਿਜਲੀ ਦੀ ਗਲਤ ਵਰਤੋਂ ਤੇ ਚੋਰੀ ਰੋਕਣ ਲਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਸਿੱਧੀ ਕੁੰਡੀ, ਓਵਰਲੋਡ ਸਮੇਤ ਵੱਖ-ਵੱਖ ਕੇਸਾਂ ਵਿਚ ਸੈਂਕੜੇ ਮੀਟਰ ਉਤਾਰ ਕੇ ਉਨ੍ਹਾਂ ਨੂੰ ਜਾਂਚ ਲਈ ਲੈਬ ਵਿਚ ਭੇਜਿਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਏ.ਸੀ. ਅਤੇ ਕੂਲਰ ਦੀ ਵਰਤੋਂ ਨਾਲ ਵਧ ਰਹੀ ਚੋਰੀ
ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦੇ ਬਾਵਜੂਦ ਬਿਜਲੀ ਚੋਰੀ ਦੇ ਕੇਸ ਰੁਕਣ ਦਾ ਨਾਂ ਨਹੀਂ ਲੈ ਰਹੇ। ਮੁਫ਼ਤ ਬਿਜਲੀ ਦੇ ਬਾਵਜੂਦ ਚੋਰੀ ਦੇ ਕੇਸ ਹੈਰਾਨ ਕਰਨ ਵਾਲੀ ਗੱਲ ਲੱਗਦੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿਚ ਏ.ਸੀ. ਅਤੇ ਕੂਲਰ ਦੀ ਵਰਤੋਂ ਬੇਹੱਦ ਵਧ ਜਾਂਦੀ ਹੈ, ਜਿਸ ਕਾਰਨ ਬਿਜਲੀ ਚੋਰੀ ਦੇ ਕੇਸ ਵਧਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਮਹੀਨੇ ਵਿਚ 300 ਯੂਨਿਟ ਜਲਦ ਪੂਰੇ ਹੋ ਜਾਂਦੇ ਹਨ ਅਤੇ ਕਈ ਖ਼ਪਤਕਾਰ ਬਿਜਲੀ ਦਾ ਬਿੱਲ ਬਚਾਉਣ ਲਈ ਕੁੰਡੀ ਵਰਗੇ ਹੱਥਕੰਡੇ ਅਪਣਾਉਣ ਲੱਗਦੇ ਹਨ, ਜਿਸ ਨਾਲ ਵਿਭਾਗ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਗਰਮੀ ਦੇ ਦਿਨਾਂ ਵਿਚ ਵਿਭਾਗ ਵੱਲੋਂ ਗੰਭੀਰਤਾ ਦਿਖਾਈ ਜਾਂਦੀ ਹੈ ਤਾਂ ਕਿ ਚੋਰੀ ਦੇ ਕੇਸਾਂ ਨੂੰ ਫੜਿਆ ਜਾ ਸਕੇ।
ਇਹ ਵੀ ਪੜ੍ਹੋ- ਪੰਚਾਇਤੀ ਚੋਣ ਐਕਟ 'ਚ ਵੱਡੇ ਬਦਲਾਅ ਦੀ ਤਿਆਰੀ 'ਚ ਪ੍ਰਸ਼ਾਸਨ, ਪਾਰਟੀ ਸਿੰਬਲ 'ਤੇ ਨਹੀਂ ਲੜਨਗੇ ਉਮੀਦਵਾਰ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e