ਮਿਲਾਵਟ ਰਹਿਤ ਮਠਿਆਈਆਂ ਬਣਾਉਣ ਲਈ ਹਲਵਾਈ ਹੋਏ ਚੌਕੰਨੇ

Sunday, Oct 18, 2026 - 02:34 PM (IST)

ਮਿਲਾਵਟ ਰਹਿਤ ਮਠਿਆਈਆਂ ਬਣਾਉਣ ਲਈ ਹਲਵਾਈ ਹੋਏ ਚੌਕੰਨੇ

ਤਲਵੰਡੀ ਭਾਈ (ਪਾਲ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿਉਹਾਰਾਂ ਦੀ ਆਮਦ ਤੋਂ ਪਹਿਲਾਂ ਪੰਜਾਬ ਭਰ ਦੇ ਹਲਵਾਈਆਂ ਵੱਲੋਂ ਭਾਰੀ ਮਾਤਰਾ ਵਿਚ ਤਿਆਰ ਕੀਤੀਆਂ ਜਾ ਰਹੀਆਂ ਮਠਿਆਈਆਂ ਤੇ ਹੋਰ ਮਹਿੰਗੇ ਉਤਪਾਦਾਂ ਦੀ ਕੁਆਲਟੀ ਅਤੇ ਲੰਬੇ ਸਮੇਂ ਤੱਕ ਸੁਰੱਖਿਅਤ ਰੱਖੇ ਜਾਣ ਲਈ ਕਾਫੀ ਸੋਚ ਵਿਚਾਰਾਂ ਚੱਲ ਰਹੀਆਂ ਹਨ। ਕੁੱਝ ਚੋਣਵੇ ਹਲਵਾਈਆਂ ਨੇ ‘ਜਗਬਾਣੀ’ ਨਾਲ ਗੱਲਬਾਤ ਕਰਦਿਆ ਕਿਹਾ ਕਿ ਖਾਣ-ਪੀਣ ਦੀਆਂ ਦੂਸਰੀਆਂ ਚੀਜ਼ਾਂ ਵਾਂਗ ਮਠਿਆਈਆਂ ਨੂੰ ਸੁਰੱਖਿਅਤ ਰੱਖਣ ਲਈ ਵੀ ਸਟੋਰਜ਼ ਸਿਸਟਮ ਹੋਣਾ ਚਾਹੀਦਾ ਹੈ ਤਾਂ ਜੋ ਖੋਏ ਦਾ ਸਵਾਦਲਾਪਣ ਬਰਕਰਾਰ ਰੱਖਿਆ ਜਾ ਸਕੇ। ਹਲਵਾਈਆਂ ਨੇ ਦੱਸਿਆ ਕਿ ਪੰਜਾਬ ਅੰਦਰ ਪੈਦਾ ਕੀਤੇ ਜਾਂਦੇ ਦੁੱਧ ਵਿਚੋਂ 70 ਫ਼ੀਸਦੀ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਵਰਤਿਆ ਜਾਂਦਾ ਹੈ, ਜਦੋਂ ਕਿ ਬਾਕੀ ਮਠਿਆਈਆਂ ਸਮੇਤ ਦੂਸਰੇ ਉਤਪਾਦਾਂ ਵਿਚ ਵਰਤਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਬਹੁਤੇ ਲੋਕਾਂ ਕੋਲ ਦੁੱਧ ਦੀ ਗੁਣਵੱਤਾ ਅਤੇ ਮਿਲਾਵਟ ਦਾ ਪਤਾ ਲਗਾਉਣ ਸਬੰਧੀ ਕੋਈ ਤਕਨੀਕ ਨਹੀਂ ਹੈ, ਇਸ ਲਈ ਸਰਕਾਰ ਨੂੰ ਆਧੁਨਿਕ ਲੈਬ ਸਥਾਪਿਤ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਦੁੱਧ ਦੀ ਜਾਂਚ ਲਈ ਤੇਜ਼ ਤੇ ਸਸਤੀ ਤਕਨੀਕ ਵਰਤੋਂ ਵਿਚ ਲਿਆਂਦੀ ਜਾ ਸਕੇ। ਉਨ੍ਹਾਂ ਮੰਨਿਆ ਕਿ ਦੁੱਧ ਵਿਚ ਬੈਕਟੀਰੀਆ, ਡਿਟਰਜੈਂਟ ਅਤੇ ਹੋਰ ਮਿਲਾਵਟੀ ਤੱਤਾਂ ਦੀ ਪਰਖ ਲਈ ਸਬੰਧ ਮਹਿਕਮੇ ਵੱਲੋਂ ਪਹਿਲਾਂ ਵੀ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ। ਪਰ ਫਿਰ ਵੀ ਤਿਉਹਾਰਾਂ ਦੇ ਦਿਨਾਂ ਵਿਚ ਸਿਹਤ ਵਿਭਾਗ ਵੱਲੋਂ ਮਠਿਆਈਆਂ ਦੀਆਂ ਕੀਤੀਆਂ ਜਾਂਦੀਆਂ ਚੈਕਿੰਗਾਂ ’ਚ ਹੋਣ ਵਾਲੇ ਨੁਕਸਾਨ ਦਾ ਖਮਿਆਜ਼ਾ ਸਬੰਧਿਤ ਦੁਕਾਨਦਾਰਾਂ ਨੂੰ ਭੁਗਤਣਾ ਪੈਂਦਾ ਹੈ।


author

Babita

Content Editor

Related News