ਸਪੀਕਰ ਸੰਧਵਾਂ, ਮੰਤਰੀ ਭੁੱਲਰ, ਮੀਤ ਹੇਅਰ, ETO ਸਣੇ ਕਈ ਨਹੀਂ ਹੋਏ ਅਦਾਲਤ ’ਚ ਪੇਸ਼, ਹੋ ਸਕਦੀਆਂ ਮੁਸ਼ਕਿਲਾਂ

Saturday, Aug 27, 2022 - 11:06 AM (IST)

ਸਪੀਕਰ ਸੰਧਵਾਂ, ਮੰਤਰੀ ਭੁੱਲਰ, ਮੀਤ ਹੇਅਰ, ETO ਸਣੇ ਕਈ ਨਹੀਂ ਹੋਏ ਅਦਾਲਤ ’ਚ ਪੇਸ਼, ਹੋ ਸਕਦੀਆਂ ਮੁਸ਼ਕਿਲਾਂ

ਤਰਨਤਾਰਨ (ਰਮਨ) - ਸਾਲ 2020 ਦੌਰਾਨ ਜ਼ਹਿਰੀਲੀ ਸ਼ਰਾਬ ਮਾਮਲੇ ’ਚ ਹੋਈਆਂ ਮੌਤਾਂ ਦੇ ਸਬੰਧ ’ਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਵੱਲੋਂ ਉਸ ਸਮੇਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਉਪਰ ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧਰਨਾ ਦਿੰਦੇ ਹੋਏ ਹਾਈਵੇ ਜਾਮ ਕੀਤਾ ਗਿਆ ਸੀ। ਇਸ ਸਬੰਧੀ ਪੁਲਸ ਵੱਲੋਂ ਉਕਤ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਥਾਣਾ ਸਦਰ ਵਿਖੇ ਦੋ ਮਾਮਲੇ ਦਰਜ ਕੀਤੇ ਗਏ ਸਨ। ਮਾਣਯੋਗ ਅਦਾਲਤ ’ਚ ਚੱਲ ਰਹੇ ਕੇਸ ਦੀ ਸੁਣਵਾਈ ਲਈ ਸ਼ੁਕੱਰਵਾਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਹੋਰ ਵਿਧਾਇਕ ਗੈਰ ਹਾਜ਼ਰ ਪਾਵੇ ਗਏ। 

ਇਸ ਕੇਸ ’ਚ ਸ਼ਾਮਲ 5 ‘ਆਪ’ ਵਰਕਰਾਂ ਵੱਲੋਂ ਪਿਛਲੀ ਤਾਰੀਕ ’ਤੇ ਗੈਰ ਹਾਜ਼ਰ ਰਹਿਣ ਕਾਰਨ ਨਿੱਜੀ ਮੁੱਚਲਕਿਆਂ ਅਤੇ 1000 ਰੁਪਏ ਪ੍ਰਤੀ ਕੇਸ ਜੁਰਮਾਨਾ ਵਸੂਲਣ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਗਈ ਸੀ, ਜਿਨ੍ਹਾਂ ’ਚੋਂ 4 ਵੱਲੋਂ ਅੱਜ ਬੇਲ ਨਾ ਭਰਨ ਕਾਰਨ ਮਾਣਯੋਗ ਅਦਾਲਤ ਨੇ ਜੇਲ੍ਹ ਭੇਜਣ ਦਾ ਫਰਮਾਨ ਜਾਰੀ ਕਰ ਦਿੱਤਾ, ਜਦਕਿ ਇਕ ਵੱਲੋਂ ਬੇਲ ਸਮੇਂ ’ਤੇ ਪੇਸ਼ ਹੋ ਕੇ ਭਰ ਦਿੱਤੀ ਗਈ। ਅਦਾਲਤ ਵਿਚ ਪੇਸ਼ ਹੋਏ ਵਕੀਲ ਬੂਟਾ ਸਿੰਘ ਨੇ ਦੱਸਿਆ ਕਿ ਲਾਲਜੀਤ ਸਿੰਘ ਭੁੱਲਰ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਰਭਜਨ ਸਿੰਘ ਈ. ਟੀ. ਓ., ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਆਦਿ ਮਾਣਯੋਗ ਬਗੀਚਾ ਸਿੰਘ ਦੀ ਅਦਾਲਤ ਵਿਚ ਸ਼ੁੱਕਰਵਾਰ ਪੇਸ਼ ਨਹੀਂ ਹੋਏ, ਜਦਕਿ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਆਪਣੀ ਸਮੇਂ ’ਤੇ ਆ ਹਾਜ਼ਰੀ ਲਵਾਈ। 

ਇਸ ਦੌਰਾਨ ਮਾਣਯੋਗ ਅਦਾਲਤ ਵੱਲੋਂ ਇਸ ਕੇਸ ਦੀ ਸੁਣਵਾਈ ਲਈ ਅਗਲੀ ਤਾਰੀਖ਼ 9 ਸਤੰਬਰ ਦਿੱਤੀ ਗਈ ਹੈ। ਵਕੀਲ ਨੇ ਦੱਸਿਆ ਕਿ ਪਿਛਲੀ 30 ਜੁਲਾਈ ਦੀ ਤਰੀਕ ਨੂੰ ਕੇਸ ’ਚ ਸ਼ਾਮਲ ਰਣਜੀਤ ਸਿੰਘ ਚੀਮਾ, ਮਨਜਿੰਦਰ ਸਿੰਘ ਬਿੱਟੂ, ਕੇਵਲ ਕ੍ਰਿਸ਼ਨ ਚੋਹਲਾ, ਸਰਬਦੀਪ ਸਿੰਘ ਡਿੰਪੀ, ਹਰਜੀਤ ਸਿੰਘ ਫੌਜੀ ਵਰਕਰਾਂ ਵੱਲੋਂ ਅਦਾਲਤ ’ਚ ਗੈਰ-ਹਾਜ਼ਰ ਹੋਣ ਕਾਰਨ ਮਾਣਯੋਗ ਜੱਜ ਵੱਲੋਂ ਇਨ੍ਹਾਂ ਪੰਜਾਂ ਵਿਅਕਤੀਆਂ ਖ਼ਿਲਾਫ਼ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਦੇ ਹੋਏ ਪੁਲਸ ਹਿਰਾਸਤ ’ਚ ਲੈ ਲਿਆ ਗਿਆ, ਜਿਸ ਤੋਂ ਬਾਅਦ ਪੰਜਾਂ ਵਿਅਕਤੀਆਂ ਵੱਲੋਂ ਨਿੱਜੀ ਮੁਚੱਲਕੇ ਅਤੇ 1000 ਰੁਪਏ ਪ੍ਰਤੀ ਕੇਸ ਦਾ ਜੁਰਮਾਨਾ ਦੇਣ ਤੋਂ ਬਾਅਦ ਜ਼ਮਾਨਤ ਹਾਸਲ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਾਣਯੋਗ ਅਦਾਲਤ ਵੱਲੋਂ ਸ਼ੁੱਕਰਵਾਰ ਅਦਾਲਤ ’ਚ ਪੇਸ਼ ਹੋਏ ‘ਆਪ’ ਵਰਕਰ ਰਣਜੀਤ ਸਿੰਘ ਚੀਮਾ ਦੀ ਬੇਲ ਮਨਜ਼ੂਰ ਕਰ ਲਈ ਗਈ, ਜਦਕਿ ਬਾਕੀ ਉਕਤ ਚਾਰਾਂ ਵਰਕਰਾਂ ਨੂੰ ਅਦਾਲਤ ਦੇ ਹੁਕਮਾਂ ਤਹਿਤ 14 ਦਿਨ ਦੀ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੈਰ-ਹਾਜ਼ਰ ਰਹਿਣ ਵਾਲੇ ਮੰਤਰੀਆਂ ਆਦਿ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਾਣਯੋਗ ਅਦਾਲਤ ਕੋਲੋਂ ਬਿਨਾਂ ਮਨਜ਼ੂਰੀ ਲਏ ਵਿਦੇਸ਼ ਜਾਣਾ ਅਤੇ ਅਦਾਲਤ ’ਚ ਗੈਰ ਹਾਜ਼ਰ ਪਾਏ ਜਾਣ ਨੂੰ ਲੈ ਉਨ੍ਹਾਂ ਦੀ ਮੁਸ਼ਕਿਲ ਵੱਧ ਸਕਦੀ ਹੈ।


author

rajwinder kaur

Content Editor

Related News