ਸਪੀਕਰ ਰਾਣਾ ਕੇ. ਪੀ. ਦੀ ਰਿਹਾਇਸ਼ ਸਾਹਮਣੇ ਭਾਂਡੇ ਖੜਕਾ ਕੇ ਪ੍ਰਦਰਸ਼ਨ
Friday, Nov 24, 2017 - 04:17 AM (IST)

ਰੂਪਨਗਰ,(ਵਿਜੇ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸੂਬਾਈ ਪੱਧਰ 'ਤੇ ਮੰਗਾਂ ਦੇ ਹੱਲ ਲਈ ਵਿੱਢੇ ਗਏ ਸੰਘਰਸ਼ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਰੂਪਨਗਰ 'ਚ ਰਿਹਾਇਸ਼ ਦੇ ਸਾਹਮਣੇ ਭਾਂਡੇ ਖੜਕਾ ਕੇ ਪ੍ਰਦਰਸ਼ਨ ਕੀਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਫੈਸਲਾ ਸਰਕਾਰ ਵੱਲੋਂ ਬਿਨਾਂ ਵਿਉਂਤਬੰਦੀ ਤੇ ਜਲਦਬਾਜ਼ੀ 'ਚ ਲਿਆ ਗਿਆ ਹੈ, ਜਿਸ ਕਾਰਨ ਕੇਂਦਰ ਖਾਲੀ ਭਾਂਡੇ ਵਾਂਗ ਹੋ ਗਏ ਹਨ। ਇਸੇ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਰਕਾਰ ਨੂੰ ਜਗਾਉਣ ਲਈ ਖਾਲੀ ਭਾਂਡੇ ਖੜਕਾ ਕੇ ਰੋਸ-ਵਿਖਾਵਾ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਅੱਜ ਤੋਂ ਪੂਰੇ ਪੰਜਾਬ 'ਚ ਜਿਥੇ ਵੀ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੰਸਦ ਮੈਂਬਰ ਮੌਜੂਦ ਹਨ, ਉਥੇ ਉਨ੍ਹਾਂ ਦੀਆਂ ਰਿਹਾਇਸ਼ਾਂ ਨੇੜੇ 30 ਨਵੰਬਰ ਤੱਕ ਲਗਾਤਾਰ ਭੁੱਖ ਹੜਤਾਲ ਤੇ ਧਰਨੇ ਦਿੱਤੇ ਜਾਣਗੇ।
ਉਨ੍ਹਾਂ ਮੰਗ ਕੀਤੀ ਕਿ 3 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਦਾਖਲਾ ਯਕੀਨੀ ਬਣਾਉਂਦੇ ਹੋਏ ਪ੍ਰੀ ਪ੍ਰਾਇਮਰੀ ਸਿੱਖਿਆ ਆਂਗਣਵਾੜੀ ਕੇਂਦਰਾਂ 'ਚ ਲਾਜ਼ਮੀ ਕੀਤੀ ਜਾਵੇ, ਆਂਗਣਵਾੜੀ ਕੇਂਦਰਾਂ 'ਚ ਬਿਜਲੀ, ਪਾਣੀ, ਪਖਾਨੇ ਆਦਿ ਦਾ ਪ੍ਰਬੰਧ ਕੀਤਾ ਜਾਵੇ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਈ.ਪੀ.ਐੱਫ. ਤੇ ਈ.ਐੱਸ.ਆਈ. ਦੇ ਘੇਰੇ 'ਚ ਲਿਆਂਦਾ ਜਾਵੇ।
ਇਸ ਮੌਕੇ ਸੀਟੂ ਦੇ ਜ਼ਿਲਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ, ਜ਼ਿਲਾ ਪ੍ਰਧਾਨ ਗੁਰਬਖਸ਼ ਕੌਰ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ ਮੁਕੰਦਪੁਰ, ਸੁਦੇਸ਼ ਬੰਗਾ, ਜਸਪਾਲ ਕੌਰ, ਬਲਵੀਰ ਕੌਰ, ਅੰਜੂ ਬਾਲਾ, ਜਸਵੀਰ ਕੌਰ, ਸੀਮਾ ਸੈਲਾ, ਨਿਰਮਲ ਕੌਰ, ਸੁਖਜੀਤ ਬਹਿਰਾਮ, ਪਰਮਜੀਤ ਕੌਰ, ਜਗਦੀਸ਼ ਕੌਰ, ਸੁਖਵਿੰਦਰ ਕੌਰ, ਕਵਿਤਾ ਸ਼ਰਮਾ, ਕ੍ਰਿਸ਼ਨਾ ਆਦਿ ਨੇ ਸੰਬੋਧਨ ਕੀਤਾ।