ਸਪੀਕਰ ਵੱਲੋਂ CM ਨੂੰ ਨਹਿਰਾਂ ਪੱਕੀਆਂ ਕਰਨ ਦੇ ਮਾਮਲੇ ’ਤੇ ਫਰੀਦਕੋਟੀਆਂ ਦੀਆਂ ਚਿੰਤਾਵਾਂ ਵਿਚਾਰਨ ਦੀ ਅਪੀਲ

Saturday, Oct 22, 2022 - 04:48 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਹਿਰਾਂ ਪੱਕੀਆਂ ਕਰਨ ਕਰਕੇ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਦੇ ਸਬੰਧ ਵਿਚ ਫਰੀਦਕੋਟ ਦੀਆਂ ਵੱਖ-ਵੱਖ ਸੰਸਥਾਵਾਂ ਦੀਆਂ ਚਿੰਤਾਵਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਇਨ੍ਹਾਂ ਚਿੰਤਾਵਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ। ਸੁਸਾਇਟੀ ਫਾਰ ਇਕਾਲੋਜੀਕਲ ਐਂਡ ਇਨਵਾਇਰਮੈਂਟ ਰਿਸੋਰਸ ਫਰੀਦਕੋਟ ਤੇ ਜਲ ਜੀਵਨ ਬਚਾਓ ਮੋਰਚਾ ਅਤੇ ਹੋਰਨਾਂ ਲੋਕਾਂ ਵੱਲੋਂ ਨਹਿਰਾਂ ਪੱਕੀਆਂ ਕਰਨ ਕਰਕੇ ਦਰੱਖਤਾਂ ਨੂੰ ਹੋ ਰਹੇ ਨੁਕਸਾਨ ਦਾ ਮੁੱਦਾ ਪਿਛਲੇ ਦਿਨੀਂ ਵਿਧਾਨ ਸਭਾ ਸਪੀਕਲ ਪਾਸ ਉਠਾਇਆ ਗਿਆ, ਜਿਸ ’ਤੇ ਉਨ੍ਹਾਂ ਵੱਲੋਂ ਅੱਜ ਮੁੱਖ ਮੰਤਰੀ ਨੂੰ ਇਸ ਮਸਲੇ ਦਾ ਹੱਲ ਕਰਨ ਦੀ ਬੇਨਤੀ ਕੀਤੀ ਗਈ। 

ਉਨ੍ਹਾਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਹਰਿਆਲੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਫ਼ਰੀਦਕੋਟ ਇਲਾਕੇ ਦੇ ਲੋਕਾਂ ਵੱਲੋਂ ਰਾਜਸਥਾਨ ਫੀਡਰ ਅਤੇ ਸਰਹੰਦ ਫੀਡਰ ਨਹਿਰਾਂ ਦੀਆਂ ਪਟੜੀਆਂ ’ਤੇ ਰੁੱਖ ਲਾ ਕੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰਕੇ ਇਲਾਕੇ ਨੂੰ ਹਰਿਆ-ਭਰਿਆ ਬਣਾਇਆ ਗਿਆ ਹੈ। ਉਨ੍ਹਾਂ ਸ਼ੰਕਾ ਪ੍ਰਗਟ ਕੀਤਾ ਕਿ ਨਹਿਰਾਂ ਦੇ ਕੰਢਿਆਂ ਨੂੰ ਕੰਕਰੀਟ ਨਾਲ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਪਾਣੀ ਜ਼ਮੀਨ ਵਿਚ ਸਿੰਮਣੋਂ ਹਟ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜਾਂ ਆਸ-ਪਾਸ ਦੇ ਇਲਾਕੇ ਵਿਚ ਕਿਤੇ ਵੀ ਸੇਮ ਨਹੀਂ ਹੈ, ਜਿਸ ਕਰਕੇ ਰੁੱਖਾਂ ਨੂੰ ਵੱਢਣਾ ਸਹੀ ਨਹੀਂ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਪੂਰੀ ਤਰ੍ਹਾਂ ਕੰਮ ਰੋਕਿਆ ਨਹੀਂ ਜਾ ਸਕਦਾ ਤਾਂ ਭੋਲੂ ਵਾਲਾ ਪੁਲ ਤੋਂ ਲੈ ਕੇ ਮਚਾਕੀ ਮੱਲ ਸਿੰਘ ਵਾਲਾ ਦੇ ਪੁਲ ਤੱਕ ਨਹਿਰ ਪੱਕੀ ਨਾ ਕੀਤੀ ਜਾਵੇ ਤਾਂ ਜੋ ਵਾਤਾਵਰਨ ਅਤੇ ਮਨੁੱਖਤਾ ਨੂੰ ਕਾਫੀ ਹੱਦ ਤੱਕ ਬਚਾਇਆ ਜਾ ਸਕੇਗਾ ।   


Gurminder Singh

Content Editor

Related News