ਸਪਾਰਕਿੰਗ ਕਾਰਨ ਬਿਜਲੀ ਦੇ ਉਪਕਰਨ ਸੜੇ, ਲੱਖਾਂ ਦਾ ਨੁਕਸਾਨ
Sunday, Jun 17, 2018 - 06:33 AM (IST)
ਫਤਿਹਗੜ੍ਹ ਸਾਹਿਬ(ਜਗਦੇਵ)- ਬੀਤੀ ਰਾਤ ਆਈ ਤੇਜ਼ ਹਨੇਰੀ ਨਾਲ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਆਪਸ ਵਿਚ ਸਪਾਰਕਿੰਗ ਹੋਣ ਕਰਕੇ ਪਿੰਡ ਦਾਦੂਮਾਜਰਾ ਦੇ ਕਰੀਬ 25 ਘਰਾਂ 'ਚ ਬਿਜਲੀ ਦੇ ਉਪਕਰਨ ਸੜਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਪ੍ਰਧਾਨ ਅਮਰਿੰਦਰ ਸਿੰਘ, ਹਰਜਿੰਦਰ ਸਿੰਘ ਬੈਦਵਾਣ, ਸੁਖਦਰਸ਼ਨ ਸਿੰਘ, ਠੇਕੇਦਾਰ ਗੁਰਚਰਨ ਸਿੰਘ, ਦਿਲਬਾਗ ਸਿੰਘ, ਪਰਮਜੀਤ ਸਿੰਘ ਬੈਦਵਾਣ ਨੇ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ ਬਿਜਲੀ ਬੋਰਡ ਵੱਲੋਂ ਆਏ ਕਰਮਚਾਰੀਆਂ ਨੇ ਬਿਜਲੀ ਦੇ ਖੰਭੇ ਨੂੰ ਪੁੱਟ ਕੇ ਦੂਜੀ ਥਾਂ 'ਤੇ ਲਾਇਆ ਸੀ ਪਰ ਉਨ੍ਹਾਂ ਲਾਪ੍ਰਵਾਹੀ ਕਰਦਿਆਂ ਬਿਜਲੀ ਦੀਆਂ ਤਾਰਾਂ ਨੂੰ ਪੂਰੀ ਤਰ੍ਹਾਂ ਨਹੀਂ ਸੀ ਕੱਸਿਆ। ਜਦੋਂ ਬੀਤੀ ਰਾਤ ਹਨੇਰੀ ਆਈ ਤਾਂ ਕਰੀਬ 25 ਘਰਾਂ ਦੇ ਏ. ਸੀ., ਕੂਲਰ, ਫਰਿੱਜ, ਪੱਖੇ, ਟੀ. ਵੀ., ਸਬਮਰਸੀਬਲ ਮੋਟਰਾਂ, ਬੱਲਬ ਟਿਊਬਾਂ, ਵਾਟਰ ਕੂਲਰ, ਇਨਵਰਟਰ ਆਦਿ ਸੜ ਗਏ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਦੋਂ ਇਸ ਸਬੰਧੀ ਸਬ-ਡਵੀਜ਼ਨ ਬਡਾਲੀ ਆਲਾ ਸਿੰਘ ਦੇ ਐੱਸ. ਡੀ. ਓ. ਪਰਮਜੀਤ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
