ਹੁੰਡਾਈ ਕਾਰਾਂ ਦੇ ਸਪੇਅਰ ਪਾਰਟਸ ਸਟੋਰ ’ਚ ਭਿਆਨਕ ਅੱਗ

Sunday, Aug 12, 2018 - 01:23 AM (IST)

ਹੁੰਡਾਈ ਕਾਰਾਂ ਦੇ ਸਪੇਅਰ ਪਾਰਟਸ ਸਟੋਰ ’ਚ ਭਿਆਨਕ ਅੱਗ

ਹੁਸ਼ਿਆਰਪੁਰ,  (ਘੁੰਮਣ)-  ਅੱਜ ਸਵੇਰੇ ਸਥਾਨਕ ਟਾਂਡਾ ਰੋਡ ’ਤੇ ਹੁੰਡਾਈ ਕਾਰਾਂ ਦੇ ਸ਼ੋਅਰੂਮ ਵਰਮਾ ਹੁੰਡਾਈ ਦੇ ਸਪੇਅਰ ਪਾਰਟਸ ਸਟੋਰ ’ਚ ਭਿਆਨਕ ਅੱਗ ਲੱਗ ਜਾਣ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਖਤਸ਼ਾ ਹੈ। ਸ਼ੋਅਰੂਮ ਦੇ ਜੀ. ਐੱਮ. ਇੰਦਰਜੀਤ ਸਿੰਘ ਪਰਮਾਰ ਨੇ ਦੱਸਿਆ ਕਿ ਸਵੇਰੇ 9.20 ਵਜੇ ਜਦੋਂ ਉਹ ਸਟਾਫ਼ ਨਾਲ ਮੀਟਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਵਰਕਸ਼ਾਪ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਸਪੇਅਰ ਪਾਰਟਸ ਸਟੋਰ ’ਚੋਂ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਸਟਾਫ਼ ਨੇ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਇਹ ਘਟਣ ਦੀ ਬਜਾਏ ਭਿਆਨਕ ਰੂਪ ਧਾਰਨ ਕਰ ਗਈ। ਇਸ ਦੌਰਾਨ ਮੌਕੇ ’ਤੇ ਪਹੁੰਚੇ ਫਾਇਰ ਕਰਮੀਆਂ ਨੇ ਕਾਫੀ ਜੱਦੋ-ਜਹਿਦ ਉਪਰੰਤ ਕਰੀਬ 2 ਘੰਟੇ ਬਾਅਦ ਦੋ ਫਾਇਰ ਟੈਂਡਰਾਂ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਇਆ। ਸੋਨਾਲੀਕਾ ਉਦਯੋਗ ਸਮੂਹ ਦੇ ਇਕ ਫਾਇਰ ਟੈਂਡਰ ਨੇ ਵੀ ਅੱਗ ਬੁਝਾਉਣ ’ਚ ਮਦਦ ਕੀਤੀ। 
ਫਾਇਰ ਕਰਮਚਾਰੀਆਂ ਨੇ ਫੌਰੀ ਤੌਰ ’ਤੇ ਕਾਰਵਾਈ ਕਰ ਕੇ ਵੱਡਾ ਹਾਦਸਾ ਟਾਲ  ਦਿੱਤਾ। ਘਟਨਾ ਸਥਾਨ ’ਤੇ ਇਕ ਪਾਸੇ ਪਲਾਈਬੋਰਡ ਦਾ ਬਹੁਤ ਵੱਡਾ ਗੋਦਾਮ ਹੈ ਅਤੇ ਦੂਜੇ ਪਾਸੇ ਪੈਟਰੋਲ ਪੰਪ। ਫਾਇਰ ਕਰਮਚਾਰੀਆਂ ਵੱਲੋਂ ਮੁਸਤੈਦੀ ਨਾਲ ਅੱਗ ਬੁਝਾਉਣ ਦੀ ਕੀਤੀ ਗਈ ਕਾਰਵਾਈ ਦੀ ਲੋਕਾਂ ਨੇ ਕਾਫੀ ਸ਼ਲਾਘਾ ਕੀਤੀ। 
ਸ਼ੋਅਰੂਮ ਦੇ ਅਕਾਊਂਟਸ ਮੈਨੇਜਰ ਵਿਜੇ ਝਾਅ ਅਨੁਸਾਰ ਸਪੇਅਰ ਪਾਰਟਸ ਸਟੋਰ ’ਚ ਲੱਖਾਂ ਰੁਪਏ ਦਾ ਸਟਾਕ ਪਿਆ ਸੀ, ਜੋ ਕਿ ਅੱਗ ਨਾਲ ਸਡ਼ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਸ਼੍ਰੀ ਝਾਅ ਨੇ ਦੱਸਿਆ ਕਿ ਨੁਕਸਾਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। 
 


Related News