14 ਨੌਜਵਾਨਾਂ ਲਈ ਰੱਬ ਬਣ ਕੇ ਆਇਆ ਡਾ. ਓਬਰਾਏ, 75 ਲੱਖ ਬਲੱਡ ਮਨੀ ਦੇ ਕੇ ਮੌਤ ਦੇ ਮੂੰਹੋਂ ਬਚਾਇਆ

Tuesday, May 19, 2020 - 07:57 PM (IST)

14 ਨੌਜਵਾਨਾਂ ਲਈ ਰੱਬ ਬਣ ਕੇ ਆਇਆ ਡਾ. ਓਬਰਾਏ, 75 ਲੱਖ ਬਲੱਡ ਮਨੀ ਦੇ ਕੇ ਮੌਤ ਦੇ ਮੂੰਹੋਂ ਬਚਾਇਆ

ਅੰਮ੍ਰਿਤਸਰ (ਸੰਧੂ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸ.ਪੀ.ਸਿੰਘ ਓਬਰਾਏ ਨੇ ਆਪਣੀ ਨੇਕ ਕਮਾਈ 'ਚੋਂ ਬਲੱਡ ਮਨੀ ਦੇ ਰੂਪ 'ਚ ਕਰੋੜਾਂ ਹੀ ਰੁਪਈਆ ਖਰਚ ਕਰ ਕੇ ਦੁਬਈ ਅੰਦਰ ਕਤਲ ਦੇ ਕੇਸ 'ਚ ਸਜ਼ਾ-ਯਾਫਤਾ 14 ਹੋਰਨਾਂ ਨੌਜਵਾਨਾਂ ਨੂੰ ਮੌਤ ਦੇ ਫੰਦੇ ਤੋਂ ਬਚਾ ਕੇ ਮੁੜ ਕਈ ਘਰ ਉੱਜੜਨ ਤੋਂ ਬਚਾ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਓਬਰਾਏ ਨੇ ਦੱਸਿਆ ਕਿ 31 ਦਸੰਬਰ 2015 ਨੂੰ ਸ਼ਾਰਜਾਹ 'ਚ ਹੋਏ ਇਕ ਗਰੁੱਪ ਝਗੜੇ ਦੌਰਾਨ ਜਲੰਧਰ ਜ਼ਿਲੇ ਦੇ ਕਸਬਾ ਸਮਰਾਏ ਦੇ 23 ਸਾਲਾ ਅਸ਼ਿਵ ਅਲੀ ਪੁੱਤਰ ਯੂਸਫ ਅਲੀ ਅਤੇ ਕਪੂਰਥਲਾ ਦੇ ਪਿੰਡ ਪੰਡੋਰੀ ਦੇ 25 ਸਾਲਾ ਵਰਿੰਦਰਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਕੁੱਲ 14 ਨੌਜਵਾਨ ਦੋਸ਼ੀ ਪਾਏ ਗਏ ਸਨ ਜਿਨ੍ਹਾਂ 'ਚੋਂ 12 ਭਾਰਤੀ ਅਤੇ 2 ਪਾਕਿਸਤਾਨੀ ਸਨ। ਇਨ੍ਹਾਂ ਸਾਰੇ ਨੌਜਵਾਨਾਂ ਨੂੰ 1 ਜਨਵਰੀ 2016 ਨੂੰ ਪੁਲਸ ਨੇ ਫ਼ੜ ਕੇ ਜੇਲ 'ਚ ਬੰਦ ਕਰ ਦਿੱਤਾ ਸੀ।

ਡਾ.ਓਬਰਾਏ ਨੇ ਦੱਸਿਆ ਕਿ ਕਤਲ ਕੇਸ 'ਚ ਫਸੇ ਨੌਜਵਾਨਾਂ ਤੇ ਬਜ਼ੁਰਗ ਮਾਪਿਆਂ, ਭੈਣਾਂ ਅਤੇ ਕੁਝ ਦੀਆਂ ਪਤਨੀਆਂ ਨੇ ਉਨ੍ਹਾਂ ਨੂੰ ਮਿਲ ਕੇ ਆਪਣੇ ਘਰਾਂ ਦੇ ਚਿਰਾਗਾਂ ਨੂੰ ਇਕ ਗਰੁੱਪ ਝਗੜੇ 'ਚ ਬੇਕਸੂਰ ਮੌਤ ਦੀ ਸਜ਼ਾ ਹੋਣ ਦਾ ਹਵਾਲਾ ਦਿੰਦਿਆਂ ਨਮ ਅੱਖਾਂ ਨਾਲ ਆਪਣੇ ਘਰ ਉੱਜੜਨ ਤੋਂ ਬਚਾਉਣ ਦਾ ਵਾਸਤਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਮ੍ਰਿਤਕ ਵਰਿੰਦਰਪਾਲ ਦੇ ਦੁਬਈ 'ਚ ਰਹਿੰਦੇ ਕਰੀਬੀ ਰਿਸ਼ਤੇਦਾਰ ਨਿਰਮਲ ਸਿੰਘ ਨੂੰ ਮਿਲ ਕੇ ਕੇਸ ਬਾਰੇ ਗੱਲਬਾਤ ਕੀਤੀ ਅਤੇ ਉਸ ਨੂੰ ਦੱਸਿਆ ਉਹ ਪੀੜਤ ਪਰਿਵਾਰਾਂ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਉਕਤ ਕੇਸ ਵਿਚ ਫ਼ਾਂਸੀ ਦੀ ਸਜ਼ਾ ਯਾਫਤਾ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਹਨ। ਇਸ ਉਪਰੰਤ ਉਹ ਖੁਦ 21ਮਈ 2018 ਨੂੰ ਨਿਰਮਲ ਸਿੰਘ ਨੂੰ ਨਾਲ ਲੈ ਕੇ ਅਦਾਲਤ ਵਿਚ ਪੇਸ਼ ਹੋਏ ਅਤੇ ਮਾਨਯੋਗ ਜੱਜ ਨੂੰ ਕਿਹਾ ਕਿ ਪੀੜਤ ਪਰਿਵਾਰ ਰਾਜ਼ੀਨਾਮੇ ਲਈ ਤਿਆਰ ਹਨ। ਡਾ. ਓਬਰਾਏ ਨੇ ਦੱਸਿਆ ਕਿ ਕੋਰਟ ਵੱਲੋਂ ਇਜਾਜ਼ਤ ਮਿਲਣ ਮਗਰੋਂ ਉਨ੍ਹਾਂ ਨੇ 9 ਜੁਲਾਈ 2018 ਨੂੰ ਪੀੜਤ ਪਰਿਵਾਰਾਂ ਨੂੰ ਬਲੱਡ ਮਨੀ ਦੇ ਪੈਸੇ ਸੌਂਪ ਕੇ ਸਮਝੌਤੇ ਦੇ ਲੋੜੀਂਦੇ ਕਾਗਜ਼ ਤਿਆਰ ਕਰਵਾਏ ਅਤੇ 24 ਅਕਤੂਬਰ ਨੂੰ ਉਨ੍ਹਾਂ ਖੁਦ ਪੇਸ਼ ਹੋ ਕੇ ਕੋਰਟ ਨੂੰ ਬਲੱਡ ਮਨੀ ਲੈਣ ਉਪਰੰਤ ਹੋਏ ਸਮਝੌਤੇ ਦੇ ਅਸਲ ਕਾਗਜ਼ ਸੌਂਪ ਦਿੱਤੇ ।

PunjabKesari

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਨਵੰਬਰ 2018 ਤੋਂ ਬਾਅਦ 8 ਮਹੀਨਿਆਂ ਅੰਦਰ ਇਸ ਕੇਸ 'ਤੇ ਕੁੱਲ 27 ਸੁਣਵਾਈਆਂ ਹੋਈਆਂ, ਜਿਸ ਦੌਰਾਨ ਉਹ ਬਹੁਤੀ ਵਾਰ ਖ਼ੁਦ ਕੋਰਟ 'ਚ ਪੇਸ਼ ਹੋਏ। ਉਨ੍ਹਾਂ ਇਹ ਵੀ ਦੱਸਿਆ ਕਿ 12 ਫ਼ਰਵਰੀ ਨੂੰ ਕੇਸ ਤੇ ਅਪੀਲ ਲੱਗ ਗਈ ਅਤੇ ਇਸ ਤੋਂ ਬਾਅਦ ਦੋ ਸੁਣਵਾਈਆਂ ਹੋਣ ਉਪਰੰਤ ਇਸ ਸਾਲ 8 ਅਪ੍ਰੈਲ ਨੂੰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਸਾਰੇ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰਦਿਆਂ ਕੁਝ ਸਮੇਂ ਬਾਅਦ ਕੇਸ 'ਚੋਂ ਬਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੇਸ ਤੇ ਕੁੱਲ 75 ਲੱਖ ਦੇ ਕਰੀਬ ਰੁਪਏ ਖਰਚ ਹੋਏ ਹਨ ਜਿਨ੍ਹਾਂ 'ਚੋਂ ਕੁਝ ਪੈਸੇ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਦਿੱਤੇ ਸਨ।

ਡਾ.ਓਬਰਾਏ ਨੇ ਦੱਸਿਆ ਕਿ ਜੇਲ 'ਚੋਂ ਰਿਹਾਅ ਹੋਏ 9 ਭਾਰਤੀ ਤੇ 2 ਪਾਕਿਸਤਾਨੀ ਨੌਜਵਾਨ ਕੁਝ ਸਮਾਂ ਪਹਿਲਾਂ ਵਿਸ਼ੇਸ਼ ਜਹਾਜ਼ਾਂ ਰਾਹੀਂ ਆਪਣੇ ਵਤਨ ਪੁੱਜ ਗਏ ਹਨ ਜਦ ਕਿ 3 ਭਾਰਤੀ ਨੌਜਵਾਨ ਜਹਾਜ਼ 'ਚ ਸੀਟ ਨਾ ਮਿਲਣ ਕਾਰਨ ਅਜੇ ਦੁਬਈ ਅੰਦਰ ਹਨ, ਜੋ ਜਲਦੀ ਹੀ ਵਾਪਸ ਆ ਜਾਣਗੇ। ਉਨ੍ਹਾਂ ਦੱਸਿਆ ਕਿ ਭਾਰਤ ਪਹੁੰਚੇ 9 ਨੌਜਵਾਨਾਂ ਨੂੰ ਕਰੋਨਾ ਵਾਇਰਸ ਕਾਰਨ ਮਿਲਟਰੀ ਹਸਪਤਾਲ ਚੇਨਈ ਅੰਦਰ 14 ਦਿਨਾਂ ਲਈ ਰੱਖਿਆ ਗਿਆ ਹੈ। 

ਡਾ. ਓਬਰਾਏ ਵੱਲੋਂ ਸਜ਼ਾ ਤੋਂ ਬਚਾਏ ਗਏ ਨੌਜਵਾਨਾਂ ਦੀ ਸੂਚੀ 
1. ਟੋਨੀ ਮਸੀਹ ਪੁੱਤਰ ਸ਼ਾਮੂ ਮਸੀਹ ਜ਼ਿਲ੍ਹਾ ਗੁਰਦਾਸਪੁਰ 
2. ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ 
3. ਨਵਨੀਤ ਕੁਮਾਰ ਪੁੱਤਰ ਰੂਪ ਲਾਲ ਜਿਲ੍ਹਾ ਗੁਰਦਾਸਪੁਰ 
4. ਰੋਹਿਤ ਪੁੱਤਰ ਡੈਨੀਅਲ ਜ਼ਿਲ੍ਹਾ ਗੁਰਦਾਸਪੁਰ 
5. ਹੈਪੀ ਪੁੱਤਰ ਪਿਆਰਾ ਮਸੀਹ ਜਿਲ੍ਹਾ  ਗੁਰਦਾਸਪੁਰ 
6. ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਜ਼ਿਲ੍ਹਾ ਨਵਾਂ ਸ਼ਹਿਰ 
7. ਅਜੇ ਕੁਮਾਰ ਪੁੱਤਰ ਮਦਨ ਲਾਲ ਨਵਾਂ ਸ਼ਹਿਰ 
8. ਗਿਆਨ ਚੰਦ ਪੁੱਤਰ ਗੁਰਮੀਤ ਲਾਲ ਹੁਸ਼ਿਆਰਪੁਰ 
9. ਕੁਲਵਿੰਦਰ ਸਿੰਘ ਪੁੱਤਰ ਸ਼ੁਕਰ ਸਿੰਘ ਜਿਲ੍ਹਾ ਕਪੂਰਥਲਾ 
10. ਬੂਟਾ ਸਿੰਘ ਪੁੱਤਰ ਬਲਵਿੰਦਰ ਸਿੰਘ ਜਿਲ੍ਹਾ ਕਪੂਰਥਲਾ 
11. ਪਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਜਲੰਧਰ 
12. ਦਲਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਕੁਰੂਕਸ਼ੇਤਰ (ਹਰਿਆਣਾ)
13. ਉਸਮਾਨ (ਪਾਕਿਸਤਾਨ)
14. ਸ਼ਾਜ਼ਾਬ (ਪਾਕਿਸਤਾਨ


author

Gurminder Singh

Content Editor

Related News