ਉੱਪ ਮੁੱਖ ਮੰਤਰੀ ਸੋਨੀ ਨੇ ‘ਬਸੇਰਾ’ ਯੋਜਨਾ ਤਹਿਤ ਜ਼ਮੀਨਾਂ ਦੇ ਮਾਲਕਾਨਾ ਹੱਕ ਅਤੇ ਦਸਤਾਵੇਜ਼ ਸੌਂਪੇ

11/04/2021 5:13:45 PM

ਜਲੰਧਰ/ਅੰਮ੍ਰਿਤਸਰ (ਧਵਨ, ਕਮਲ) : ਪੰਜਾਬ ਦੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਪੰਜਾਬ ਸਰਕਾਰ ਦੀ ‘ਬਸੇਰਾ’ ਯੋਜਨਾ ਦੇ ਅਧੀਨ ਕੇਂਦਰੀ ਵਿਧਾਨ ਸਭਾ ਹਲਕਾ ਅੰਮ੍ਰਿਤਸਰ ’ਚ 32 ਝੁੱਗੀ-ਝੌਂਪੜੀਆਂ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਮਾਲਕਾਨਾ ਹੱਕ ਅਤੇ ਸਰਟੀਫਿਕੇਟ ਸੌਂਪੇ। ਸੋਨੀ ਨੇ ਕਿਹਾ ਕਿ ਬਸੇਰਾ ਸਕੀਮ ਦਾ ਮੁੱਖ ਟੀਚਾ ਪੰਜਾਬ ਨੂੰ ਝੁੱਗੀ-ਝੌਂਪੜੀ ਤੋਂ ਮੁਕਤ ਕਰਨਾ ਹੈ ਅਤੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ’ਚ ਰਹਿਣ ਵਾਲੇ ਨਾਗਰਿਕਾਂ ਨੂੰ ਮੁੱਢਲੀਆਂ ਸੇਵਾਵਾਂ ਦੇਣਾ ਹੈ। ਉਨ੍ਹਾਂ ਕਿਹਾ ਕਿ ਇਹ ਮਾਲਕਾਨਾ ਹੱਕ ਰਿਹਾਇਸ਼ੀ ਪਤੇ ਅਤੇ ਸਰਟੀਫਿਕੇਟ ਦੇ ਰੂਪ ’ਚ ਵੈਲਿਡ ਹੋਵੇਗਾ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਕਿਸੇ ਵੀ ਵਿੱਤੀ ਸੰਸਥਾ ਤੋਂ ਘਰ ਲਈ ਕਰਜ਼ਾ ਲੈਣ ਲਈ ਇਨ੍ਹਾਂ ਸਰਟੀਫਿਕੇਟਾਂ ਦੀ ਵਰਤੋਂ ਕਰ ਸਕੇਗਾ। ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੁੱਗੀ-ਝੌਂਪੜੀ ’ਚ ਰਹਿਣ ਵਾਲੇ ਲੋਕਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਝੁੱਗੀ-ਝੌਂਪੜੀ ਵਾਲੇ ਏਰੀਆ ’ਚ 12 ਲੱਖ ਰੁਪਏ ਖਰਚ ਕਰ ਕੇ ਨਵੀਂ ਸੜਕ ਬਣਾਈ ਜਾਵੇਗੀ ਅਤੇ ਉੱਥੇ 20 ਲੱਖ ਰੁਪਏ ਦੀ ਲਾਗਤ ਨਾਲ ਪਾਣੀ, ਸੀਵਰੇਜ ਅਤੇ ਸਟ੍ਰੀਟ ਲਾਈਟਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਸੋਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ’ਚ ਹਰੇਕ ਨਾਗਰਿਕ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਦੇ ਕੇ ਇਕ ਇਤਿਹਾਸਿਕ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਦੇਸ਼ ’ਚ ਪਹਿਲੇ ਸਥਾਨ ’ਤੇ ਪਹੁੰਚ ਚੁੱਕਾ ਹੈ, ਜਿੱਥੇ ਸਭ ਤੋਂ ਸਸਤੀ ਬਿਜਲੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਗਰੀਬ ਲੋਕਾਂ ਦੇ ਬਿਜਲੀ ਬਿੱਲਾਂ ਦੇ ਬਕਾਇਆ ਨੂੰ ਸਰਕਾਰ ਨੇ ਮੁਆਫ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਮੰਡੀ ਬੋਰਡ ਦੇ ਟੈਕਨੀਕਲ ਐਡਵਾਈਜ਼ਰ ਬਰਾੜ ਦੀ ਨਿਯੁਕਤੀ ਦਾ ਮਾਮਲਾ ਹਾਈ ਕੋਰਟ ਪੁੱਜਾ

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 40 ਹਜ਼ਾਰ ਦੇ ਲਗਭਗ ਵਪਾਰੀਆਂ ਦਾ ਵੈਟ ਟੈਕਸ ਮੁਆਫ ਕੀਤਾ ਹੈ ਜੋ ਵਪਾਰੀ ਵਰਗ ਲਈ ਇਕ ਬਹੁਤ ਵੱਡੀ ਰਾਹਤ ਹੈ। ਸਰਕਾਰ ਬਾਕੀ 8000 ਵੈਟ ਮਾਮਲਿਆਂ ਦਾ ਨਿਪਟਾਰਾ ਵੀ ਆਪਸੀ ਸਹਿਮਤੀ ਨਾਲ ਕਰ ਦੇਵੇਗੀ। ਬਸੇਰਾ ਯੋਜਨਾ ਦੇ ਬਾਕੀ ਰਹਿ ਗਏ ਲਾਭਪਾਤਰੀਆਂ ਬਾਰੇ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਛੇਤੀ ਰਾਹਤ ਦਿੱਤੀ ਜਾਵੇਗੀ। ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਰੋਜ਼ਾਨਾ ਹੀ ਲੋਕ ਹਿੱਤਾਂ ’ਚ ਫੈਸਲੇ ਲੈ ਰਹੀ ਹੈ। ਬਜ਼ੁਰਗਾਂ ਦੀਆਂ ਪੈਨਸ਼ਨਾਂ ਨੂੰ ਸਰਕਾਰ ਪਹਿਲਾਂ ਹੀ ਦੁੱਗਣਾ ਕਰ ਚੁੱਕੀ ਹੈ ਅਤੇ ਸ਼ਗਨ ਸਕੀਮ ਦੀ ਰਾਸ਼ੀ ਵੀ ਵਧਾਈ ਗਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ 90 ਫੀਸਦੀ ਵਾਅਦਿਆਂ ਨੂੰ ਪੂਰਾ ਕਰ ਚੁੱਕੀ ਹੈ ਅਤੇ ਬਾਕੀ 10 ਫੀਸਦੀ ਵਾਅਦੇ ਵੀ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪੂਰਨ ਬਹੁਮਤ ਹਾਸਲ ਕਰੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਮਲਵਿੰਦਰ ਸਿੰਘ ਮੱਲੀ, ਹਰਦੀਪ ਸਿੰਘ ਅਤੇ ਕੌਂਸਲਰ ਵਿਕਾਸ ਸੋਨੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਰੇਤ ਮਾਈਨਿੰਗ ’ਚ ਸ਼ਾਮਲ ਕਾਂਗਰਸੀਆਂ ਦੇ ਨਾਂ ਉਜਾਗਰ ਕਰਨ ਕੈਪਟਨ : ਸ਼੍ਰੋਮਣੀ ਅਕਾਲੀ ਦਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News