''ਅਸੀਂ ਵੀ ਤੁਹਾਡੇ ਪੁੱਤਰ ਵਾਂਗ ਹਾਂ'' : ਸੋਨੂੰ ਸੂਦ

03/14/2019 4:52:41 PM

ਕੋਟ ਈਸੇ ਖਾਂ (ਗਾਂਧੀ, ਸੰਜੀਵ) : ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਘਲੋਟੀ ਦੇ ਸ਼ਹੀਦ ਜਵਾਨ ਜੈਮਲ ਸਿੰਘ ਦੇ ਪਰਿਵਾਰ ਨਾਲ ਬਾਲੀਵੁੱਡ ਐਕਟਰ ਸੋਨੂ ਸੂਦ ਨੇ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸੋਨੂੰ ਸੂਦ ਨੇ 1.50 ਲੱਖ ਰੁਪਏ ਦਾ ਚੈੱਕ ਦੇ ਕੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਦੀ ਮਦਦ ਕੀਤੀ। ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ਕਿ ਸ਼ਹੀਦ ਸਾਡੇ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਇਹ ਸਾਡੇ ਦੇਸ਼ ਅਤੇ ਪਰਿਵਾਰਾਂ ਦੀ ਰਾਖੀ ਲਈ ਸਰਹੱਦਾਂ 'ਤੇ ਜਾਨਾਂ ਵਾਰਦੇ ਹਨ। ਇਨ੍ਹਾਂ ਦੀ ਬਦੌਲਤ ਹੀ ਅਸੀਂ ਆਪਣੇ ਘਰਾਂ 'ਚ ਚੈਨ ਦੀ ਨੀਂਦ ਸੌਂਦੇ ਹਾਂ। ਇਸ ਲਈ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣਾ ਪਰਿਵਾਰ ਸਮਝਦੇ ਹੋਏ ਹਰ ਦੁੱਖ-ਸੁੱਖ ਦੇ ਮੌਕੇ ਅਸੀਂ ਉਨ੍ਹਾਂ ਦੇ ਨਾਲ ਖੜ੍ਹੀਏ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਨੂੰ ਮੋਗਾ ਸਥਿਤ ਆਪਣੀ ਕੱਪੜੇ ਦੀ ਦੁਕਾਨ ਤੋਂ ਵੀ ਮਦਦ ਦੇਣ ਦਾ ਐਲਾਨ ਕੀਤਾ। 

ਇਸ ਮੌਕੇ ਜਦੋਂ ਸ਼ਹੀਦ ਜੈਮਲ ਸਿੰਘ ਦੀ ਮਾਂ ਆਪਣੇ ਪੁੱਤਰ ਦੀ ਫੋਟੋ ਦੇਖ ਕੇ ਰੋਣ ਲੱਗ ਪਈ ਤਾਂ ਸੋਨੂੰ ਸੂਦ ਨੇ ਜੈਮਲ ਸਿੰਘ ਦੀ ਮਾਂ ਨੂੰ ਗਲਵੱਕੜੀ ਪਾ ਕੇ ਦਿਲਾਸਾ ਦਿੰਦੇ ਹੋਏ ਕਿਹਾ ਕਿ ਅਸੀਂ ਉਸ ਅਮਰ ਸ਼ਹੀਦ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਅਸੀਂ ਵੀ ਤੁਹਾਡੇ ਪੁੱਤਰ ਵਾਂਗ ਹਾਂ। ਇਸ ਮੌਕੇ ਉਨ੍ਹਾਂ ਦੀ ਭੈਣ ਮਾਲਵਿਕਾ ਸੱਚਰ, ਗੌਤਮ ਸੱਚਰ ਆਦਿ ਹਾਜ਼ਰ ਸਨ।


Anuradha

Content Editor

Related News