ਚੰਡੀਗੜ੍ਹ : ਸੋਨੂੰ ਸ਼ਾਹ ਕਤਲ ਮਾਮਲੇ ''ਚ ਹੋਟਲ ਸੰਚਾਲਕ ਨੇ ਕੀਤੇ ਅਹਿਮ ਖੁਲਾਸੇ
Friday, Oct 04, 2019 - 01:25 PM (IST)
ਚੰਡੀਗੜ੍ਹ (ਸੁਸ਼ੀਲ) : ਬੁੜੈਲ 'ਚ ਬਦਮਾਸ਼ ਸੋਨੂੰ ਸ਼ਾਹ ਦਾ ਕਤਲ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਬਦਮਾਸ਼ 25 ਸਤੰਬਰ ਨੂੰ ਟ੍ਰਿਬਿਊਨ ਚੌਕ 'ਤੇ ਪੁੱਜੇ ਸਨ। ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਬੁੜੈਲ 'ਚ ਨਿਊ ਡੀ. ਕੇ. ਪੈਲੇਸ ਹੋਟਲ ਸੰਚਾਲਕ ਧਰਮਿੰਦਰ ਬਦਮਾਸ਼ਾਂ ਨੂੰ ਆਪਣੀ ਗੱਡੀ 'ਚ ਬਿਠਾ ਕੇ ਬੁੜੈਲ ਲੈ ਕੇ ਗਿਆ। ਧਰਮਿੰਦਰ ਵੀ ਸੋਨੂੰ ਸ਼ਾਹ ਨੂੰ ਹਰ ਮਹੀਨੇ ਪੈਸੇ ਦੇਣ ਤੋਂ ਤੰਗ ਆ ਚੁੱਕਿਆ ਸੀ। ਇਸੇ ਕਾਰਣ ਉਸ ਨੇ ਲਾਰੈਂਸ ਬਿਸ਼ਨੋਈ ਦਾ ਸਾਥ ਦਿੱਤਾ। ਇਹ ਖੁਲਾਸਾ ਪੀ. ਜੀ. ਆਈ. ਦੇ ਕੋਲ ਫੜ੍ਹੇ ਗਏ ਹੋਟਲ ਸੰਚਾਲਕ ਨਵਾਂ ਗਰਾਓਂ ਨਿਵਾਸੀ ਧਰਮਿੰਦਰ ਨੇ ਪੁਲਸ ਪੁੱਛਗਿੱਛ 'ਚ ਕੀਤਾ।
ਸੋਨੂੰ ਸ਼ਾਹ ਤੋਂ ਤੰਗ ਆ ਕੇ ਹੀ ਉਹ ਆਪਣੇ ਕੋਲ ਦੇਸੀ ਕੱਟਾ ਰੱਖਦਾ ਸੀ। ਕ੍ਰਾਈਮ ਬ੍ਰਾਂਚ ਨੇ ਧਰਮਿੰਦਰ ਤੋਂ ਦੇਸੀ ਕੱਟਾ ਤੇ 3 ਕਾਰਤੂਸ ਬਰਾਮਦ ਕੀਤੇ ਹਨ। ਧਰਮਿੰਦਰ ਨੂੰ ਵੀਰਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕਰ ਕੇ ਪੁਲਸ ਨੇ ਉਸ ਦਾ ਪੰਜ ਦਿਨ ਦਾ ਰਿਮਾਂਡ ਮੰਗਿਆ। ਪੁਲਸ ਨੇ ਦਲੀਲ ਦਿੱਤੀ ਕਿ ਸੋਨੂੰ ਸ਼ਾਹ ਦੇ ਕਤਲ 'ਚ ਉਸ ਦਾ ਹੱਥ ਹੈ। ਮੁਲਜ਼ਮ ਤੋਂ ਪੁੱਛਗਿੱਛ ਕਰਨੀ ਹੈ। ਅਦਾਲਤ ਨੇ ਪੁਲਸ ਦੀ ਦਲੀਲ ਸੁਣਨ ਤੋਂ ਬਾਅਦ ਉਸ ਨੂੰ ਚਾਰ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਮੋਹਾਲੀ ਦੇ ਹੋਟਲ ਕਿੰਗ ਪੈਲੇਸ 'ਚ ਠਹਿਰਾਇਆ ਸੀ
ਪੁੱਛਗਿੱਛ 'ਚ ਧਰਮਿੰਦਰ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਹੀ ਉਸ ਨੇ ਸੋਨੂੰ ਸ਼ਾਹ ਦੀ ਹੱਤਿਆ ਕਰਨ ਵਾਲੇ ਗੈਂਗਸਟਰਾਂ ਨੂੰ ਆਪਣੇ ਦੋਸਤ ਚੰਦਨ ਦੇ ਮੋਹਾਲੀ ਸੈਕਟਰ-80 ਦੇ ਹੋਟਲ ਕਿੰਗ ਪੈਲੇਸ 'ਚ ਠਹਿਰਾਇਆ ਸੀ। ਗੈਂਗਸਟਰਾਂ ਨੂੰ ਠਹਿਰਾਉਣ ਲਈ ਉਸ ਨੇ ਆਪਣਾ ਆਈ. ਡੀ. ਪਰੂਫ਼ ਦਿੱਤਾ ਸੀ। ਧਰਮਿੰਦਰ ਨੇ ਦੱਸਿਆ ਕਿ ਬੁੜੈਲ ਜੇਲ 'ਚ ਕੈਦੀਆਂ ਨੇ ਉਸ ਦਾ ਸੰਪਰਕ ਲਾਰੈਂਸ ਬਿਸ਼ਨੋਈ ਨਾਲ ਕਰਵਾਇਆ ਸੀ। ਸੋਨੂੰ ਸ਼ਾਹ ਦੀ ਬਦਮਾਸ਼ੀ ਤੋਂ ਤੰਗ ਆ ਕੇ ਹੀ ਉਸ ਨੇ ਗੈਂਗਸਟਰਾਂ ਦਾ ਸਾਥ ਦਿੱਤਾ।
2 ਗੈਂਗਸਟਰਾਂ ਦੇ ਨਾਂ ਦੱਸੇ
ਧਰਮਿੰਦਰ ਨੇ ਪੁਲਸ ਨੂੰ ਪੰਜ ਗੈਂਗਸਟਰਾਂ ਵਿਚੋਂ ਦੋ ਦੇ ਨਾਂ ਦੱਸੇ ਹਨ। ਇਸ ਤੋਂ ਇਲਾਵਾ ਤਿੰਨ ਗੈਂਗਸਟਰਾਂ ਨੂੰ ਉਸ ਨੇ ਹੋਟਲ ਦੀ ਸੀ. ਸੀ. ਟੀ. ਵੀ. ਫੁਟੇਜ ਦੇਖ ਕੇ ਪਛਾਣ ਲਿਆ। ਪੁਲਸ ਹੁਣ ਗੈਂਗਸਟਰਾਂ ਦੀ ਫੋਟੋ ਤੋਂ ਹੀ ਉਨ੍ਹਾਂ ਦੇ ਨਾਂ ਅਤੇ ਪਤੇ ਭਾਲਣ 'ਚ ਲੱਗੀ ਹੋਈ ਹੈ। ਸੋਨੂੰ ਸ਼ਾਹ ਦੀ ਹੱਤਿਆ ਤੋਂ ਬਾਅਦ ਹੋਟਲ ਸੰਚਾਲਕ ਧਰਮਿੰਦਰ ਦਿੱਲੀ ਜਾ ਕੇ ਲੁਕ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਕ੍ਰਾਈਮ ਬ੍ਰਾਂਚ ਦੀ ਟੀਮ ਉਸ ਨੂੰ ਦਿੱਲੀ ਤੋਂ ਫੜ ਕੇ ਲਿਆਈ ਸੀ। ਕਈ ਦਿਨਾਂ ਤੱਕ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਨੂੰ ਆਪਣੇ ਕੋਲ ਰੱਖਿਆ ਤੇ ਉਸ ਦੀ ਨਿਸ਼ਾਨਦੇਹੀ 'ਤੇ ਚੰਦਨ ਨੂੰ ਵੀ ਫੜ ਲਿਆ ਸੀ।