ਪੁਰਾਣੀ ਰੰਜਿਸ਼ ਕਾਰਣ ਸ਼ਿਵ ਨਗਰ ''ਚ ਸੋਨੂੰ ਪਿਸਤੌਲ ''ਤੇ ਚਲਾਈਆਂ ਗੋਲੀਆਂ

Wednesday, Jul 24, 2019 - 01:44 AM (IST)

ਪੁਰਾਣੀ ਰੰਜਿਸ਼ ਕਾਰਣ ਸ਼ਿਵ ਨਗਰ ''ਚ ਸੋਨੂੰ ਪਿਸਤੌਲ ''ਤੇ ਚਲਾਈਆਂ ਗੋਲੀਆਂ

ਜਲੰਧਰ (ਵਰੁਣ)–ਨਾਗਰਾ ਦੇ ਸ਼ਿਵ ਨਗਰ 'ਚ ਦੇਰ ਰਾਤ ਲਗਭਗ 20 ਨੌਜਵਾਨਾਂ ਨੇ ਸੋਨੂੰ ਪਿਸਤੌਲ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਹਿਲਾਂ ਫਾਇਰਿੰਗ ਕੀਤੀ ਅਤੇ ਬਾਅਦ 'ਚ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ਤੋਂ ਫਿਲਹਾਲ ਕੋਈ ਵੀ ਗੋਲੀ ਦਾ ਖੋਲ ਬਰਾਮਦ ਨਹੀਂ ਹੋਇਆ ਹੈ।
ਸਿਵਲ ਹਸਪਤਾਲ 'ਚ ਦਾਖਲ ਓਂਕਾਰ ਸਿੰਘ ਉਰਫ ਸੋਨੂੰ ਪਿਸਤੌਲ ਵਾਸੀ ਸ਼ਿਵ ਨਗਰ ਨੇ ਦੱਸਿਆ ਕਿ ਉਹ ਰਾਤ ਨੂੰ ਸ਼ਿਵ ਨਗਰ ਪਾਰਕ ਦੇ ਨੇੜੇ ਬਰਗਰ ਖਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਲਗਭਗ 20-25 ਨੌਜਵਾਨ ਉਸ ਵੱਲ ਆਏ ਤੇ ਹਵਾਈ ਫਾਇਰਿੰਗ ਕੀਤੀ। ਬਾਅਦ ਵਿਚ ਇਕ ਫਾਇਰ ਸਿੱਧਾ ਕੀਤਾ, ਜੋ ਉਸ ਦੇ ਕੰਨ ਦੇ ਨੇੜਿਓਂ ਹੋ ਕੇ ਨਿਕਲ ਗਿਆ। ਉਸ ਤੋਂ ਬਾਅਦ ਹਮਲਾਵਰਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦਾਅਵਾ ਹੈ ਕਿ ਉਸ ਨੂੰ ਇਕ ਛੱਰਾ ਲੱਗਾ ਅਤੇ ਹਮਲਾਵਰਾਂ ਨੇ ਪਿਸਤੌਲ ਦੇ ਬੱਟ ਨਾਲ ਵੀ ਉਸ ਨੂੰ ਜ਼ਖ਼ਮੀ ਕਰ ਦਿੱਤਾ। ਹਮਲੇ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ, ਜਿਸ ਤੋਂ ਬਾਅਦ ਸੋਨੂੰ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸੋਨੂੰ ਦੇ ਭਰਾ ਮੋਹਿਤ ਦਾ ਦੋਸ਼ ਹੈ ਕਿ 4 ਦਿਨ ਪਹਿਲਾਂ ਟੈਗੋਰ ਨਗਰ ਵਿਚ ਉਸ ਦੇ ਘਰ ਵਿਚ ਵੀ ਕੁਝ ਅਣਪਛਾਤੇ ਨੌਜਵਾਨ ਆ ਗਏ ਸਨ, ਜੋ ਸ਼ਾਇਦ ਉਸ ਦੇ ਭਰਾ ਨੂੰ ਲੱਭ ਰਹੇ ਸਨ। ਮੌਕੇ 'ਤੇ ਥਾਣਾ ਨੰਬਰ 5 ਦੀ ਪੁਲਸ ਨੂੰ ਬੁਲਾਇਆ ਸੀ ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਏ ਸਨ। ਥਾਣਾ ਨੰਬਰ 1 ਦੇ ਮੁਖੀ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਰਾਤ ਪੌਣੇ 12 ਵਜੇ ਦੇ ਕਰੀਬ ਉਨ੍ਹਾਂ ਕੋਲ ਸੂਚਨਾ ਆਈ ਸੀ। ਗੋਲੀ ਚੱਲੀ ਹੈ ਜਾਂ ਨਹੀਂ ਇਹ ਜਾਂਚ ਵਿਚ ਪਤਾ ਲੱਗੇਗਾ। ਫਿਲਹਾਲ ਪੁਲਸ ਦੇਰ ਰਾਤ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।

23 ਦਿਨ ਬਾਅਦ ਲਿਆ ਗੋਲੀਆਂ ਚਲਾਉਣ ਦਾ ਬਦਲਾ
29 ਜੂਨ ਨੂੰ ਰਾਤ ਦੇ ਸਮੇਂ ਸੋਨੂੰ ਅਤੇ ਉਸ ਦੇ ਸਾਥੀਆਂ ਨੇ ਗੁਰੂ ਅਮਰਦਾਸ ਕਾਲੋਨੀ ਵਿਚ ਆਪਣੇ ਵਿਰੋਧੀ ਗੁੱਟ 'ਤੇ ਗੋਲੀ ਚਲਾਈ ਸੀ, ਜਿਸ ਨਾਲ 2 ਨੌਜਵਾਨ ਜ਼ਖ਼ਮੀ ਹੋਏ ਸਨ। ਦੋਸ਼ ਸੀ ਕਿ ਸੋਨੂੰ ਨੇ ਆਪਣੇ ਸਾਥੀਆਂ ਨਾਲ ਆ ਕੇ ਫਾਇਰ ਕੀਤੇ ਸਨ। ਤੇਜ਼ਧਾਰ ਹਥਿਆਰਾਂ ਨਾਲ ਵੀ ਨੌਜਵਾਨਾਂ 'ਤੇ ਹਮਲਾ ਕੀਤਾ ਸੀ। ਹਮਲੇ ਵਿਚ ਅਕਾਸ਼ ਤੇ ਕਾਲੂ ਨਾਂ ਦੇ 2 ਨੌਜਵਾਨ ਜ਼ਖ਼ਮੀ ਹੋਏ ਸਨ ਪਰ ਥਾਣਾ ਡਵੀਜ਼ਨ ਨੰ. 1 ਦੀ ਪੁਲਸ ਨੇ ਸੋਨੂੰ 'ਤੇ ਅਤੇ ਜ਼ਖ਼ਮੀ ਹੋਏ ਨੌਜਵਾਨਾਂ 'ਤੇ ਵੀ ਕੇਸ ਦਰਜ ਕੀਤਾ ਸੀ। ਮਾਮਲਾ ਰਾਜਨੀਤੀ ਨਾਲ ਜੁੜਿਆ ਹੋਣ ਕਾਰਣ ਪੁਲਸ ਨੂੰ ਦੋਵਾਂ ਪੱਖਾਂ 'ਤੇ ਕਰਾਸ ਚਾਰਜ ਕਰਨਾ ਪਿਆ ਸੀ। ਸੋਨੂੰ 'ਤੇ ਹਮਲਾ ਹੋਣਾ ਕੋਈ ਪਲਾਨ ਸੀ ਜਾਂ ਫਿਰ ਕੋਈ ਸੋਚੀ-ਸਮਝੀ ਸਾਜ਼ਿਸ਼, ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ। ਸੋਨੂੰ ਦੀ ਹਾਲਤ ਖਤਰੇ ਤੋਂ ਬਾਹਰ ਹੈ, ਜਿਸ ਦਾ ਦੇਰ ਰਾਤ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।


author

Karan Kumar

Content Editor

Related News