ਸੋਨੀਆ ਗਾਂਧੀ ਤੇ ਰਾਹੁਲ ਕੁਝ ਹੀ ਦਿਨਾਂ ’ਚ ਸੁਲਝਾਉਣਗੇ ਪੰਜਾਬ ਕਾਂਗਰਸ ਦੇ ਮੁੱਦੇ : ਅਸ਼ਵਨੀ ਕੁਮਾਰ

07/01/2021 3:07:42 PM

ਗੁਰਦਾਸਪੁਰ (ਹਰਮਨ) : ਪੰਜਾਬ ਕਾਂਗਰਸ ’ਚ ਪਏ ਕਾਟੋ ਕਲੇਸ਼ ਦੇ ਸਬੰਧ ’ਚ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਆਗੂ ਅਤੇ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਹੈ ਕਿ ਜਲਦੀ ਹੀ ਸਾਰੇ ਵਿਵਾਦ ਨੂੰ ਸੁਲਝਾ ਲਿਆ ਜਾਵੇਗਾ। ਉਨ੍ਹਾਂ ਪੰਜ ਮੁੱਖ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ 100 ਫੀਸਦੀ ਪੂਰਾ ਕਰਨਗੇ ਸਗੋਂ ਉਹ ਕਾਂਗਰਸ ਦੇ ਨਾਰਾਜ਼ ਆਗੂਆਂ ਅਤੇ ਵਰਕਰਾਂ ਨੂੰ ਵੀ ਬਣਦਾ ਮਾਣ ਸਤਿਕਾਰ ਦੇਣਗੇ। ਇਸ ਸੰਦਰਭ ਵਿਚ ਗੱਲਬਾਤ ਕਰਦਿਆਂ ਅਸ਼ਵਨੀ ਕੁਮਾਰ ਨੇ ਕਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਿਆਪਕ ਵਿਚਾਰ-ਵਟਾਂਦਰੇ ਦੇ ਆਧਾਰ ’ਤੇ ਉਚਿਤ ਫੈਸਲੇ ਲੈਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਵਾਲੇ ਦਿਨਾਂ ਵਿਚ ਆਪਣੇ ਬਾਕੀ ਬਚੇ ਵਾਅਦਿਆਂ ਨੂੰ ਵੀ ਪੂਰਾ ਕਰੇਗੀ ਅਤੇ ਵਿਕਾਸ ਤੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਮੁੜ ਚੋਣ ਲੜ ਕੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਵੇਗੀ। ਡਾ. ਕੁਮਾਰ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ’ਚ ਅਹਿਮ ਭੂਮਿਕਾ ਦੇਣ ਦੀ ਹਮਾਇਤੀ ਹੈ, ਪਰ ਇਹ ਭੂਮਿਕਾ ਕਿਸ ਸੂਰਤ ਵਿਚ ਹੋਵੇਗੀ ਇਸ ਦਾ ਅੰਤਿਮ ਫੈਸਲਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਲੈਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਵੱਡਾ ਫੇਰਬਦਲ ਕੀਤਾ ਜਾ ਸਕਦਾ ਹੈ । ਵਰਕਰਾਂ ਦੀ ਯੋਗਤਾ ਮੁਤਾਬਕ ਉਨ੍ਹਾਂ ਨੂੰ ਯੋਗ ਭੂਮਿਕਾ ਅਤੇ ਅਹੁੱਦੇ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਮੋਹਾਲੀ ਨੂੰ ਮੈਡੀਕਲ-ਹੱਬ ਵਜੋਂ ਕੀਤਾ ਜਾ ਰਿਹੈ ਵਿਕਸਿਤ: ਬਲਬੀਰ ਸਿੰਘ ਸਿੱਧੂ

ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਪਾਰਟੀ ਦੇ ਆਗੂ ਇਕ-ਦੂਸਰੇ ਉੱਪਰ ਜਨਤਕ ਤੌਰ ’ਤੇ ਦੂਸ਼ਣਬਾਜੀ ਨਾ ਕਰਨ ਅਤੇ ਪਾਰਟੀ ਦੀ ਏਕਤਾ ਸਭ ਤੋਂ ਵੱਡਾ ਮਕਸਦ ਹੈ। ਪਿਛਲੇ ਦਿਨਾਂ ਵਿਚ ਰਾਹੁਲ ਗਾਂਧੀ ਨੇ ਵੱਡੇ ਪੱਧਰ ’ਤੇ ਪਾਰਟੀ ਦੇ ਸਾਰੇ ਪ੍ਰਮੁੱਖ ਕਾਂਗਰਸੀ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ ਅਤੇ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਬਾਰੇ ਪੂਰੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਆਪਣੀ ਨਿਗਰਾਨੀ ਵਿਚ ਹੀ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰੇਗੀ। ਡਾ. ਕੁਮਾਰ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦਿਆਂ ਉਹ ਕਹਿ ਸਕਦੇ ਹਨ ਕਿ ਅਗਲੇ ਸਾਲ ਦੀਆਂ ਚੋਣਾਂ ਉਪਰੰਤ ਕਾਂਗਰਸ ਮੁੜ ਸੱਤਾ ਵਿਚ ਆਵੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਡੇ ਪੈਮਾਨੇ ’ਤੇ ਪੰਜਾਬ ਦੇ ਵਿਧਾਇਕਾਂ ਅਤੇ ਲੀਡਰਾਂ ਨਾਲ ਸੰਪਰਕ ਸਥਾਪਤ ਕਰ ਰਹੇ ਹਨ ਤਾਂ ਜੋ ਜਿਹੜੇ ਵੀ ਗਿਲੇ-ਸ਼ਿਕਵੇ ਹਨ ਉਹ ਦੂਰ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਸ਼ਵਨੀ ਸੇਖੜੀ ਵੀ ਕਾਂਗਰਸ ’ਚ ਹੀ ਬਣੇ ਰਹਿਣਗੇ।

ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਮੇਤ ਵਧੇਰੇ ਸੂਬਿਆਂ ’ਚ ਕਾਂਗਰਸ ’ਚ ਪੈਦਾ ਹੋਈ ਧੜੇਬਾਜ਼ੀ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 


Anuradha

Content Editor

Related News