ਸੋਨੀਆ ਨੇ ਵਫਾਦਾਰ ਕਾਂਗਰਸੀ ਆਗੂਆਂ ਦੀਆਂ ਸੂਚੀਆਂ ਮੰਗਵਾਈਆਂ

09/22/2019 12:43:47 PM

ਜਲੰਧਰ (ਧਵਨ)— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਾਰਟੀ 'ਚ ਛੇਤੀ ਹੀ ਚੱਕ-ਥੱਲ ਕਰਨ ਦੀ ਤਿਆਰੀ 'ਚ ਹਨ ਅਤੇ ਜਥੇਬੰਦੀ ਨੂੰ ਚੁਸਤ-ਦਰੁਸਤ ਕਰਨ ਦੇ ਮੰਤਵ ਨਾਲ ਉਨ੍ਹਾਂ ਸਾਲ 2004 ਦੇ ਮਗਰੋਂ ਕਾਂਗਰਸ ਪ੍ਰਤੀ ਵਫਾਦਾਰ ਰਹੇ ਪਾਰਟੀ ਆਗੂਆਂ ਦੀਆਂ ਸੂਚੀਆਂ ਮੰਗਵਾ ਲਈਆਂ ਹਨ। ਕਾਂਗਰਸੀ ਹਲਕਿਆਂ ਤੋਂ ਜਾਣਕਾਰੀ ਮਿਲੀ ਹੈ ਕਿ ਪਾਰਟੀ ਦੀ ਨਵੇਂ ਸਿਰਿਓਂ ਸਿਰਜਣਾ ਕਰਨ ਲਈ ਅਤੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਨ 'ਚ ਸੋਨੀਆ ਵੱਲੋਂ ਵਫਾਦਾਰੀਆਂ ਨੂੰ ਖਾਸ ਤਰਜੀਹ ਦਿੱਤੀ ਜਾਵੇਗੀ। ਸੋਨੀਆ ਨੇ ਜਦੋਂ ਤੋਂ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਹੈ, ਉਸ ਮਗਰੋਂ ਅਜੇ ਜਥੇਬੰਦੀ ਦੀ ਉਸਾਰੀ ਕੀਤੀ ਜਾਣੀ ਹੈ ਅਤੇ ਹੁਣ ਕਿਉਂਕਿ 2 ਰਾਜਾਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਇਸ ਲਈ ਸੰਭਾਵਿਤ ਤੌਰ 'ਤੇ ਜਥੇਬੰਦੀ ਬਾਰੇ ਫੈਸਲਿਆਂ ਦਾ ਐਲਾਨ ਇਨ੍ਹਾਂ ਚੋਣਾਂ ਤੋਂ ਬਾਅਦ ਹੀ ਕੀਤਾ ਜਾਵੇਗਾ।

ਸੋਨੀਆ ਗਾਂਧੀ ਨੇ ਹਮੇਸ਼ਾ ਪੁਰਾਣੇ ਚਿਹਰਿਆਂ 'ਤੇ ਭਰੋਸਾ ਜਤਾਇਆ ਹੈ, ਇਸ ਲਈ ਪਿਛਲੇ 15-20 ਸਾਲਾਂ ਤੋਂ ਪਾਰਟੀ ਲਈ ਵਫਾਦਾਰੀ ਨਾਲ ਕੰਮ ਕਰ ਰਹੇ ਕਾਂਗਰਸੀ ਆਗੂਆਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਕਈ ਕਾਂਗਰਸੀ ਪਾਰਲੀਮੈਂਟ ਮੈਂਬਰ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਸੋਨੀਆ ਵੱਲੋਂ ਫਿਸਲਣ ਵਾਲੇ ਨੇਤਾਵਾਂ ਨੂੰ ਦਰਕਿਨਾਰ ਕੀਤਾ ਜਾਵੇਗਾ ਕਿਉਂਕਿ ਪਿਛਲੇ 3-4 ਸਾਲਾਂ 'ਚ ਕਈ ਵਫਾਦਾਰ ਆਗੂ ਵੀ ਫਿਸਲ ਕੇ ਭਾਜਪਾ ਦੀ ਝੋਲੀ 'ਚ ਪੈ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਸੋਨੀਆ ਨੇ ਜਿਸ ਤਰ੍ਹਾਂ ਪਹਿਲਾਂ ਹਰਿਆਣਾ ਤੇ ਬਾਅਦ 'ਚ ਪੰਜਾਬ ਦੇ ਸੰਦਰਭ 'ਚ ਫੈਸਲੇ ਲਏ ਹਨ, ਉਸ ਨਾਲ ਪਾਰਟੀ ਕਾਰਕੁੰਨਾਂ 'ਚ ਇਕ ਚੰਗਾ ਸੁਨੇਹਾ ਗਿਆ ਹੈ। ਹਰਿਆਣਾ 'ਚ ਸੋਨੀਆ ਨੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਖਿੱਚ-ਧੂਹ 'ਤੇ ਰੋਕ ਲਾਈ ਹੈ, ਜਦੋਂਕਿ ਪੰਜਾਬ 'ਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ ਸੁਨੀਲ ਜਾਖੜ ਨੂੰ ਮੁੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੇ ਅਹੁਦੇ 'ਤੇ ਮੁਕੱਰਰ ਕੀਤਾ ਹੈ। ਅਜੇ ਸੋਨੀਆ ਨੇ ਵੱਖ-ਵੱਖ ਰਾਜਾਂ 'ਚ ਪ੍ਰਧਾਨ ਦੇ ਅਹੁਦਿਆਂ ਤੋਂ ਅਸਤੀਫੇ ਦੇਣ ਵਾਲੇ ਕਾਂਗਰਸੀ ਆਗੂਆਂ ਦੀਆਂ ਨਵੀਆਂ ਨਿਯੁਕਤੀਆਂ ਵੀ ਕਰਨੀਆਂ ਹਨ। ਕੁਝ ਰਾਜਾਂ 'ਚ ਨਵੇਂ ਪ੍ਰਧਾਨਾਂ ਨੂੰ ਮੁਕੱਰਰ ਕੀਤਾ ਜਾਵੇਗਾ ਤਾਂ ਕਈ ਆਗੂਆਂ ਨੂੰ ਕੌਮੀ ਪੱਧਰ 'ਤੇ ਲਿਆਉਣ ਲਈ ਵੀ ਤਿਆਰੀਆਂ ਕੀਤੀਆਂ ਗਈਆਂ ਹਨ।


shivani attri

Content Editor

Related News