ਨਸ਼ੇੜੀ ਪੁੱਤ ਨੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਕਥਿਤ ਤੌਰ ’ਤੇ ਮਾਂ ਨੂੰ ਮੌਤ ਦੇ ਘਾਟ ਉੱਤਾਰਿਆ

Monday, Nov 08, 2021 - 06:29 PM (IST)

ਨਸ਼ੇੜੀ ਪੁੱਤ ਨੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਕਥਿਤ ਤੌਰ ’ਤੇ ਮਾਂ ਨੂੰ ਮੌਤ ਦੇ ਘਾਟ ਉੱਤਾਰਿਆ

ਸਮਰਾਲਾ, (ਸੰਜੇ ਗਰਗ) : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਪੂਨੀਆ ਵਿਖੇ ਇਕ ਨਸ਼ੇੜੀ ਪੁੱਤ ਵੱਲੋਂ ਕਥਿਤ ਤੌਰ ’ਤੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਮਾਮਲੇ ਬਾਰੇ ਕੁਝ ਵੀ ਦੱਸਣ ਤੋਂ ਪੁਲਸ ਨੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ ਪਰ ਪਿੰਡ ਦੇ ਲੋਕਾਂ ਅਤੇ ਹੋਰ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਸ ਨੇ ਕਾਰਵਾਈ ਲਈ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਦੀ ਕਾਰਵਾਈ ਲਈ ਲਾਸ਼ ਨੂੰ ਹਸਪਤਾਲ ਭੇਜਣ ਲਈ ਬਿਆਨ ਲਿਖੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕਈ ਸਾਲਾਂ ਬਾਅਦ ਪੁੱਤਾਂ ਕੋਲ ਆਈ ਮਾਂ ਨਾਲ ਵਾਪਰੀ ਅਨਹੋਣੀ, ਇੰਝ ਮਿਲੀ ਮੌਤ ਕਿ ਸੋਚਿਆ ਨਾ ਸੀ

ਹੁਣ ਤੱਕ ਦੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ ਸਾਢੇ 4 ਵਜੇ ਪਿੰਡ ਪੂਨੀਆ ਨਿਵਾਸੀ ਜਗਜੀਵਨ ਸਿੰਘ (27) ਪੁੱਤਰ ਰਾਮ ਸਿੰਘ, ਜੋ ਕਿ ਕਥਿਤ ਤੌਰ ’ਤੇ ਨਸ਼ਿਆਂ ਦਾ ਆਦੀ ਦੱਸਿਆ ਜਾ ਰਿਹਾ ਹੈ, ਨੇ ਆਪਣੀ ਮਾਂ ਭਿੰਦਰ ਕੌਰ (50) ਕੋਲੋ ਨਸ਼ੇ ਦੀ ਲੱਤ ਪੂਰੀ ਕਰਨ ਲਈ ਪੈਸਿਆਂ ਦੀ ਮੰਗ ਕੀਤੀ। ਮਾਂ ਨੇ ਜਦੋਂ ਪੁੱਤ ਨੂੰ ਪੈਸੇ ਨਾ ਦਿੱਤੇ ਅਤੇ ਨਸ਼ਾ ਕਰਨ ਤੋਂ ਵਰਜਿਆ ਤਾਂ ਗੁੱਸੇ ਵਿਚ ਆਇਆ ਇਹ ਨਸ਼ੇੜੀ ਪੁੱਤ ਆਪਣੀ ਮਾਂ ਨਾਲ ਝਗੜਾ ਕਰਨ ਲੱਗ ਪਿਆ। ਇਸ ਦੌਰਾਨ ਪੁੱਤ ਨੇ ਮਾਂ ਨੂੰ ਬੁਰੀ ਤਰ੍ਹਾਂ ਪਟਕ ਕੇ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਗੁੱਝੀ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਲਾਕਿ ਮ੍ਰਿਤਕ ਦੀ ਨੂੰਹ ਅਤੇ ਉਸ ਦੀ ਧੀ ਨੇ ਕਿਸੇ ਵੀ ਤਰ੍ਹਾਂ ਦੇ ਲੜਾਈ-ਝਗੜੇ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ।

ਦਿਨ ਚੜ੍ਹਦੇ ਹੀ ਜਦੋਂ ਪਿੰਡ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ। ਜਿਸ ’ਤੇ ਪੁਲਸ ਤਾਂ ਮੌਕੇ ’ਤੇ ਪਹੁੰਚ ਗਈ ਪਰ ਕਈ ਘੰਟੇ ਬੀਤਣ ਮਗਰੋਂ ਵੀ ਇਸ ਸੰਬੰਧ ’ਚ ਅਗਲੀ ਕਾਰਵਾਈ ਲਈ ਕੋਈ ਵੀ ਆਪਣੇ ਬਿਆਨ ਲਿਖਵਾਉਣ ਲਈ ਸਾਹਮਣੇ ਨਹੀਂ ਆਇਆ। ਮ੍ਰਿਤਕ ਦਾ ਪਤੀ ਰਾਮ ਸਿੰਘ ਵੀ ਸ਼ਰਾਬ ਪੀਣ ਦਾ ਆਦਿ ਹੈ ਅਤੇ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਘਟਨਾ ਵੇਲੇ ਰਾਮ ਸਿੰਘ ਘਰ ਵਿਚ ਹੀ ਹਾਜ਼ਰ ਸੀ। ਉਧਰ ਇਸ ਮਾਮਲੇ ’ਚ ਸਥਾਨਕ ਪੁਲਸ ਨੇ ਮ੍ਰਿਤਕ ਜਨਾਨੀ ਦੇ ਕਤਲ ਹੋਣ ਦੀ ਪੁਸ਼ਟੀ ਨਹੀਂ ਕੀਤੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲੰਬੀ ਨੇੜੇ ਵੱਡੀ ਵਾਰਦਾਤ, ਵੱਡੇ ਭਰਾ ਨੇ ਛੋਟੇ ਭਰਾ ਦਾ ਕਹੀ ਮਾਰ-ਮਾਰ ਕਤਲ ਕਰ ਖੇਤ ’ਚ ਦੱਬ ਦਿੱਤੀ ਲਾਸ਼


author

Gurminder Singh

Content Editor

Related News