ATM ’ਚੋਂ ਲੱਖਾਂ ਰੁਪਏ ਲੁੱਟਣ ਵਾਲਾ ਫੌਜੀ ਚੜ੍ਹਿਆ ਪੁਲਸ ਹੱਥੇ, ਦੱਸੀ ਘਟਨਾ ਨੂੰ ਅੰਜਾਮ ਦੇਣ ਦੀ ਵਜ੍ਹਾ

Saturday, Sep 11, 2021 - 05:21 PM (IST)

ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ਸ਼ਹਿਰ ਦੇ ਬਾਬਾ ਨਾਮਦੇਵ ਚੌਕ ’ਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. ਨੂੰ ਗੈਸ ਕਟਰ ਨਾਲ ਕੱਟ ਕੇ ਉਸ ’ਚੋਂ 4 ਲੱਖ 84 ਹਜ਼ਾਰ ਦੀ ਨਕਦੀ ਲੁੱਟ ਕੇ ਲਿਜਾਣ ਵਾਲੇ ਲੁਟੇਰੇ ਚਰਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਸਤੀ ਬੇਲਾ ਸਿੰਘ ਥਾਣਾ ਮੱਲਾਂਵਾਲਾ ਨੂੰ ਸੀ.ਆਈ.ਏ. ਸਟਾਫ ਫਿਰੋਜ਼ਪੁਰ ਅਤੇ ਥਾਣਾ ਸਿਟੀ ਦੀ ਪੁਲਸ ਨੇ ਜੁਆਇੰਟ ਆਪ੍ਰੇਸ਼ਨ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਹੋਈ ਪ੍ਰੈੱਸ ਕਾਨਫਰੰਸ ’ਚ ਇਹ ਜਾਣਕਾਰੀ ਦਿੰਦਿਆਂ ਐੱਸ. ਪੀ. ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ 2 ਸਤੰਬਰ 2021 ਨੂੰ ਸਵੇਰੇ ਕਰੀਬ 2 ਵਜੇ ਇੱਕ ਵਿਅਕਤੀ ਚਿੱਟੇ ਰੰਗ ਦੀ ਆਲਟੋ ਕਾਰ ’ਚ ਆਇਆ, ਜੋ ਗੈਸ ਕਟਰ ਨਾਲ ਏ.ਟੀ.ਐੱਮ਼ ਕੱਟ ਕੇ ਉਸ ’ਚੋਂ ਨਕਦੀ ਕੱਢ ਕੇ ਲੈ ਗਿਆ।

PunjabKesari

ਉਨ੍ਹਾਂ ਦੱਸਿਆ ਕਿ ਇਸ ਲੁਟੇਰੇ ਨੂੰ ਫੜਨ ਲਈ ਐੱਸ.ਐੱਸ.ਪੀ. ਫਿਰੋਜ਼ਪੁਰ ਰਾਜਪਾਲ ਸਿੰਘ ਸੰਧੂ ਵੱਲੋਂ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਅਤੇ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ’ਚ ਇੱਕ ਸਾਂਝੀ ਟੀਮ ਬਣਾਈ ਗਈ ਸੀ ਤੇ ਡੀ.ਐੱਸ.ਪੀ. ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਇਸ ਜੁਆਇੰਟ ਟੀਮ ਨੇ ਸਖਤ ਮਿਹਨਤ ਕਰਕੇ ਸੋਕੜ ਨਹਿਰ ਮੱਲਾਂਵਾਲਾ ਰੋਡ ’ਤੇ ਨਾਕਾਬੰਦੀ ਕਰਦੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੋਂ ਪੁਲਸ ਨੇ ਲੁੱਟ ਦੀ ਘਟਨਾ ’ਚ ਵਰਤੀ ਆਲਟੋ ਕਾਰ ਨੰ. ਪੀ ਬੀ 05 ਏਕੇ-1279 ਅਤੇ ਏ.ਟੀ.ਐੱਮ਼ ਮਸ਼ੀਨ ਕੱਟਣ ਲਈ ਵਰਤਿਆ ਕਟਰ ਬਰਾਮਦ ਕਰ ਲਿਆ ਹੈ।

ਐੱਸ.ਪੀ. ਚੀਮਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਫੜੇ ਗਏ ਲੁਟੇਰੇ ਨੇ ਦੱਸਿਆ ਕਿ ਉਹ ਪੱਛਮੀ ਬੰਗਾਲ ’ਚ ਭਾਰਤੀ ਫੌਜ ’ਚ ਨੌਕਰੀ ਕਰਦਾ ਹੈ ਅਤੇ ਛੁੱਟੀ ’ਤੇ ਆਇਆ ਹੋਇਆ ਸੀ ਤੇ ਉਸ ਨੇ ਆਪਣੇ ਦੋਸਤਾਂ ਤੋਂ ਕਾਫੀ ਪੈਸਾ ਉਧਾਰ ਲੈ ਕੇ ਸ਼ੇਅਰ ਮਾਰਕੀਟ ’ਚ ਲਗਾਇਆ ਹੋਇਆ ਸੀ। ਸ਼ੇਅਰ ਮਾਰਕੀਟ ’ਚ ਉਸ ਨੂੰ ਬਹੁਤ ਘਾਟਾ ਪੈ ਗਿਆ ਤੇ ਉਸ ਨੇ ਦੋਸਤਾਂ ਤੋਂ ਲਏ ਪੈਸੇ ਵਾਪਸ ਕਰਨ ਲਈ ਇਸ ਲੁੱਟ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਲੁਟੇਰੇ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।


Manoj

Content Editor

Related News