ਹੁਣ ਵੱਡੇ ਰਿਹਾਇਸ਼ੀ ਭਵਨਾਂ ''ਤੇ ਸੋਲਰ ਪਾਵਰ ਪਲਾਂਟ ਲਾਉਣਾ ਜ਼ਰੂਰੀ
Thursday, Jan 04, 2018 - 10:04 AM (IST)
ਚੰਡੀਗੜ੍ਹ (ਨਰਿੰਦਰ ਵਤਸ) - ਹਰਿਆਣਾ ਵਿਚ ਹੁਣ ਨਵੇਂ ਬਣਨ ਵਾਲੇ ਵੱਖ-ਵੱਖ ਸੰਸਥਾਨਾਂ ਦੇ ਭਵਨਾਂ 'ਤੇ ਸੋਲਰ ਪਾਵਰ ਪਲਾਂਟ ਲਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਇਸ ਸਬੰਧੀ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਹੈ।
ਇਸਦੇ ਤਹਿਤ ਪ੍ਰਾਈਵੇਟ ਸਕੂਲ, ਕਾਲਜ, ਹੋਸਟਲ, ਤਕਨੀਕੀ ਸਿੱਖਿਆ ਸੰਸਥਾਨ ਆਦਿ ਲਈ ਬਿਜਲੀ ਦੇ ਮਨਜ਼ੂਰਸ਼ੁਦਾ ਲੋਡ ਨਾਲ ਘੱਟੋ-ਘੱਟ 5 ਫੀਸਦੀ ਸਮਰੱਥਾ ਦੇ ਪਾਵਰ ਪਲਾਂਟ ਲਾਉਣੇ ਜ਼ਰੂਰੀ ਹੋਣਗੇ। ਨਾਲ ਹੀ ਸਰਕਾਰ ਨੇ 500 ਵਰਗ ਗਜ਼ ਜਾਂ ਉਸ ਤੋਂ ਜ਼ਿਆਦਾ ਜ਼ਮੀਨ 'ਤੇ ਬਣਨ ਵਾਲੇ ਰਿਹਾਇਸ਼ੀ ਭਵਨਾਂ 'ਤੇ ਵੀ ਸੋਲਰ ਪਾਵਰ ਪਲਾਂਟ ਲਾਉਣਾ ਜ਼ਰੂਰੀ ਕਰ ਦਿੱਤਾ ਹੈ।
ਸਰਕਾਰ ਵੱਲੋਂ ਜਾਰੀ ਆਰਡੀਨੈਂਸ ਅਨੁਸਾਰ ਨਵੇਂ ਬਣਨ ਵਾਲੇ ਜਿਹੜੇ ਭਵਨਾਂ ਦਾ ਬਿਜਲੀ ਦਾ ਮਨਜ਼ੂਰਸ਼ੁਦਾ ਲੋਡ 30 ਕਿਲੋਵਾਟ ਜਾਂ ਇਸ ਤੋਂ ਜ਼ਿਆਦਾ ਹੋਵੇਗਾ, ਉਨ੍ਹਾਂ ਦੀਆਂ ਛੱਤਾਂ 'ਤੇ 5 ਕਿਲੋਵਾਟ ਜਾਂ ਉਸ ਤੋਂ ਜ਼ਿਆਦਾ ਸਮਰੱਥਾ ਦੇ ਸੋਲਰ ਪਾਵਰ ਪਲਾਂਟ ਲਾਉਣੇ ਜ਼ਰੂਰੀ ਹੋਣਗੇ। ਨਗਰ ਨਿਗਮ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੀ ਹੱਦ ਵਿਚ ਆਉਣ ਵਾਲੇ ਰਿਹਾਇਸ਼ੀ ਭਵਨਾਂ 'ਤੇ ਘੱਟੋ-ਘੱਟ ਇਕ ਕਿਲੋਵਾਟ ਦੀ ਸਮਰੱਥਾ ਵਾਲੇ ਸੋਲਰ ਫੋਟੋਵੋਲਟਿਕ ਪਾਵਰ ਪਲਾਂਟ ਲਾਉਣੇ ਜ਼ਰੂਰੀ ਹੋਣਗੇ। ਜਿਨ੍ਹਾਂ ਰਿਹਾਇਸ਼ੀ ਭਵਨਾਂ ਦਾ ਮਨਜ਼ੂਰਸ਼ੁਦਾ ਬਿਜਲੀ ਲੋਡ 20 ਕਿਲੋਵਾਟ ਜਾਂ ਇਸ ਤੋਂ ਜ਼ਿਆਦਾ ਹੋਵੇਗਾ, ਉਨ੍ਹਾਂ ਦੇ ਮਾਲਕਾਂ ਨੂੰ ਇਨ੍ਹਾਂ 'ਤੇ 5 ਫੀਸਦੀ ਸਮਰੱਥਾ ਦੇ ਸੋਲਰ ਪਾਵਰ ਪਲਾਂਟ ਲਗਾਉਣੇ ਪੈਣਗੇ।ਹਰਿਆਣਾ ਨਿਊ ਐਂਡ ਰੀਨਿਊਏਬਲ ਐਨਰਜੀ ਡਿਪਾਰਟਮੈਂਟ ਵੱਲੋਂ ਹਰਿਆਣਾ ਸਟੇਟ ਇੰਡਸਟਰੀਅਲ ਐਂਡ ਇਨਫਰਾਸਟਰੱਕਚਰ ਕਾਰਪੋਰੇਸ਼ਨ ਨੂੰ ਨਿਯਮਾਂ ਦੀ ਪਾਲਣਾ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।