ਵਿਜੀਲੈਂਸ ਵੱਲੋਂ ਪੈਟਰੋਲ ਪੰਪ ਮਾਲਕ ਤੋਂ ਰਿਸ਼ਵਤ ਲੈਂਦਾ ਸਮਾਜ ਸੇਵੀ ਤੇ ਡਾਕਟਰ ਕਾਬੂ

Friday, Jul 07, 2023 - 04:23 AM (IST)

ਵਿਜੀਲੈਂਸ ਵੱਲੋਂ ਪੈਟਰੋਲ ਪੰਪ ਮਾਲਕ ਤੋਂ ਰਿਸ਼ਵਤ ਲੈਂਦਾ ਸਮਾਜ ਸੇਵੀ ਤੇ ਡਾਕਟਰ ਕਾਬੂ

 ਚੰਡੀਗੜ੍ਹ (ਬਿਊਰੋ) : ਸੂਬੇ 'ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਇਕ ਪ੍ਰਾਈਵੇਟ ਡਾਕਟਰ ਅਤੇ ਇਕ ਸਮਾਜ ਸੇਵੀ ਨੂੰ 2 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਡਾ. ਅਸ਼ੋਕ ਕੁਮਾਰ (ਬੀ.ਏ.ਐੱਮ.ਐੱਸ.) ਅਤੇ ਸਮਾਜ ਸੇਵੀ ਰਾਜਵੀਰ ਸਿੰਘ ਵਾਸੀ ਸੁੰਦਰ ਨਗਰ ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਲਖਵੀਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਬਰੋਟਾ ਰੋਡ, ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਰਾਸ਼ਟਰਗਾਨ ਦਾ ‘ਅਪਮਾਨ’ ਕਰਨ ਦੇ ਦੋਸ਼ ਹੇਠ 12 ਵਿਅਕਤੀ ਲਏ ਹਿਰਾਸਤ ’ਚ

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਹਿੰਦੋਸਤਾਨ ਪੈਟਰੋਲੀਅਮ ਕੰਪਨੀ ਤੋਂ ਸਾਰੀਆਂ ਸਰਕਾਰੀ ਪ੍ਰਵਾਨਗੀਆਂ ਲੈ ਕੇ ਪੈਟਰੋਲ ਪੰਪ ਦਾ ਲਾਇਸੈਂਸ ਲਿਆ ਸੀ। ਸੁਖਦੇਵ ਸਿੰਘ ਦੀ ਜ਼ਮੀਨ ’ਤੇ ਇਹ ਪੈਟਰੋਲ ਪੰਪ ਲਗਾਇਆ ਗਿਆ ਹੈ। ਕੁਝ ਦਿਨ ਪਹਿਲਾਂ ਸਮਾਜ ਸੇਵੀ ਰਾਜਵੀਰ ਸਿੰਘ 3-4 ਵਿਅਕਤੀਆਂ ਸਮੇਤ ਕਾਰ ਨੰਬਰ ਪੀਬੀ10 ਸੀਕੇ 4171 'ਚ ਆਇਆ ਅਤੇ ਉਸ ਦੇ ਪੈਟਰੋਲ ਪੰਪ ਦੀਆਂ ਫੋਟੋਆਂ ਖਿੱਚਣ ਲੱਗ ਪਿਆ ਅਤੇ ਕਿਹਾ ਕਿ ਇਹ ਪੈਟਰੋਲ ਪੰਪ ਗੈਰ-ਕਾਨੂੰਨੀ ਤੌਰ 'ਤੇ ਬਣਾਇਆ ਗਿਆ ਹੈ ਅਤੇ ਉਹ ਇਸ ਨੂੰ ਬੰਦ ਕਰਵਾਏਗਾ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ 2 ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼, ਗਰਮ-ਖਿਆਲੀ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਹੈ ਪੂਰਾ ਪਰਿਵਾਰ

ਸ਼ਿਕਾਇਤਕਰਤਾ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਸਪਸ਼ੱਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਸਾਰੇ ਵਿਭਾਗਾਂ ਤੋਂ ਐੱਨ.ਓ.ਸੀ. ਲੈਣ ਤੋਂ ਬਾਅਦ ਹੀ ਇਹ ਪੈਟਰੋਲ ਪੰਪ ਲਗਾਇਆ ਹੈ, ਜਿਸ 'ਤੇ ਰਾਜਵੀਰ ਸਿੰਘ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸ ਦਾ ਲਾਇਸੈਂਸ ਰੱਦ ਕਰਾ ਦੇਵੇਗਾ। ਇਸ ਤੋਂ ਬਾਅਦ ਰਾਜਵੀਰ ਨੇ ਸੋਮਵਾਰ ਨੂੰ ਕੁਝ ਵਿਅਕਤੀਆਂ ਨਾਲ ਜਾ ਕੇ ਡੀ.ਸੀ. ਲੁਧਿਆਣਾ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ ਨੂੰ ਡੀ.ਸੀ. ਨੇ ਸਬੰਧਤ ਵਿਭਾਗ ਨੂੰ ਮਾਰਕ ਕਰ ਦਿੱਤਾ।

ਇਹ ਵੀ ਪੜ੍ਹੋ : RBI ਦਾ ਅਹਿਮ ਫ਼ੈਸਲਾ, ਗਾਹਕਾਂ ਨੂੰ ਛੇਤੀ ਮਿਲੇਗਾ ਆਪਣੀ ਪਸੰਦ ਮੁਤਾਬਕ ਕਾਰਡ ਨੈੱਟਵਰਕ ਚੁਣਨ ਦਾ ਬਦਲ

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਫਿਰ ਜ਼ਮੀਨ ਦੇ ਮਾਲਕ ਸੁਖਦੇਵ ਸਿੰਘ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਅਤੇ ਸੁਖਦੇਵ ਨੇ ਅੱਗੇ ਰਾਜਵੀਰ ਸਿੰਘ ਦੇ ਨਜ਼ਦੀਕੀ ਡਾ. ਅਸ਼ੋਕ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਡਾ. ਅਸ਼ੋਕ ਕੁਮਾਰ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (ਡੀ.ਐੱਫ.ਐੱਸ.ਸੀ.) ਪੂਰਬੀ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਸਬੰਧਤ ਅਧਿਕਾਰੀ ਦੇ ਨਾਂ ’ਤੇ 25 ਲੱਖ ਦੀ ਰਿਸ਼ਵਤ ਮੰਗੀ ਅਤੇ ਸ਼ਿਕਾਇਤਕਰਤਾ ਨੇ ਦੋਵਾਂ ਨੂੰ 15 ਲੱਖ ਵਿੱਚ ਰਾਜ਼ੀ ਕਰ ਲਿਆ। ਰਾਜਵੀਰ ਅਤੇ ਡਾ. ਅਸ਼ੋਕ ਨੇ 2 ਲੱਖ ਰੁਪਏ ਐਡਵਾਂਸ ਅਤੇ 3 ਲੱਖ ਰੁਪਏ 2-4 ਦਿਨਾਂ ਵਿੱਚ ਤੇ ਬਾਕੀ 10 ਲੱਖ ਰੁਪਏ 2 ਕਿਸ਼ਤਾਂ 'ਚ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਨੌਜਵਾਨ ਨੂੰ ਤਾਲਿਬਾਨੀ ਸਜ਼ਾ! ਚੋਰੀ ਦੇ ਸ਼ੱਕ 'ਚ ਬੇਰਹਿਮੀ ਨਾਲ ਕੁੱਟਿਆ ਤੇ ਟਰੱਕ ਨਾਲ ਬੰਨ੍ਹ ਕੇ ਘੜੀਸਿਆ, ਮੌਤ

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਸਟੇਸ਼ਨ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120-ਬੀ ਤਹਿਤ ਐੱਫ.ਆਈ.ਆਰ. ਨੰਬਰ 14 ਮਿਤੀ 06.07.23 ਦਰਜ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟ੍ਰੈਪ ਲਗਾ ਕੇ ਡਾ. ਅਸ਼ੋਕ ਕੁਮਾਰ ਤੇ ਰਾਜਵੀਰ ਸਿੰਘ ਨੂੰ ਡੀ.ਐੱਫ.ਐੱਸ.ਸੀ .ਅਤੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਦੇ ਨਾਂ ’ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਡਾ. ਅਸ਼ੋਕ ਕੁਮਾਰ ਵੱਲੋਂ ਚਲਾਏ ਜਾ ਰਹੇ ਨਵਜੀਵਨ ਕਲੀਨਿਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News