ਗਲਤ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਪਈ ਮਹਿੰਗੀ
Thursday, Aug 08, 2019 - 04:27 PM (IST)
ਲੁਧਿਆਣਾ (ਕੁਲਵੰਤ) : ਸੋਸ਼ਲ ਮੀਡੀਆ ਦਾ ਮਤਲਬ ਹੈ ਕਿ ਜੋ ਲੋਕ ਹਰ ਰੋਜ਼ ਮਿਲ ਨਹੀਂ ਸਕਦੇ, ਉਹ ਇਕ-ਦੂਜੇ ਦੇ ਸੰਪਰਕ 'ਚ ਰਹਿ ਕੇ ਆਪਣੇ ਵਿਚਾਰ ਸਾਂਝੇ ਕਰ ਸਕਣ ਅਤੇ ਆਪਸੀ ਰਿਸ਼ਤੇ ਹੋਰ ਵਧੀਆ ਹੋ ਸਕਣ ਪਰ ਆਧੁਨਿਕਤਾ ਦੇ ਦੌਰ 'ਤੇ ਕੁਝ ਅਜਿਹੇ ਸਿਰਫਿਰੇ ਲੋਕ ਵੀ ਮੌਜੂਦ ਹਨ, ਜੋ ਆਪਣੀ ਭੜਾਸ ਕੱਢਣ ਲਈ ਕਿਸੇ ਵੀ ਧਰਮ ਖਿਲਾਫ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਵੀ ਨਹੀਂ ਡਰਦੇ। ਹਾਲਾਂਕਿ ਅਜਿਹੇ ਲੋਕਾਂ ਕਾਰਨ ਹੀ ਸਮਾਜ 'ਚ ਅਸ਼ਾਂਤੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਅਜਿਹੇ ਹੀ ਇਕ ਸਿਰਫਿਰੇ ਨੂੰ ਸ਼ਿਮਲਾਪੁਰੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ ਹੈ, ਜੋ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਸ਼ਰੇਆਮ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਸ਼ਬਦ ਵਰਤ ਰਿਹਾ ਸੀ।
ਦੋਸ਼ੀ ਦੀ ਪਛਾਣ ਕੁਆਲਟੀ ਚੌਂਕ, ਸ਼ਿਮਲਾਪੁਰੀ ਦੇ ਰਹਿਣ ਵਾਲੇ ਅਜੇ ਵਰਮਾ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦਵਾਈ ਵਿਕਰੇਤਾ ਦਵਿੰਦਰ ਸਿੰਘ ਮੂਲ ਰੂਪ ਵਾਸੀ ਗੁਰਦਾਸਪੁਰ ਅਤੇ ਹਾਲ ਵਾਸੀ ਖੁੱਡ ਮੁਹੱਲਾ ਦੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਸੰਤ ਸਿਪਾਹੀ ਨਾਮੀ ਇਕ ਸੰਸਥਾ ਬਣਾਈ ਹੋਈ ਹੈ। ਸੰਸਥਾ ਦਾ ਕਾਰਜ ਪੰਜਾਬ 'ਚ ਹੋ ਰਹੇ ਨਾਬਾਲਗਾਂ ਨਾਲ ਕੁਕਰਮ ਕਰਨ ਵਾਲੇ ਅਤੇ ਦਾਜ ਲਈ ਔਰਤਾਂ ਨੂੰ ਤੰਗ-ਪਰੇਸ਼ਾਨ ਕਰਨ ਵਾਲਿਆਂ ਖਿਲਾਫ ਆਵਾਜ਼ ਚੁੱਕਣਾ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣਾ ਹੈ, ਜਿਸ ਲਈ ਇਸੇ ਨਾ ਨਾਲ ਉਨ੍ਹਾਂ ਨੇ ਇਕ ਵਟਸਐਪ ਗਰੁੱਪ ਵੀ ਬਣਾਇਆ ਹੈ। ਗਰੁੱਪ ਦੇ ਨਾਲ ਕਾਫੀ ਲੋਕ ਜੁੜੇ ਹੋਏ ਹਨ ਅਤੇ ਉਸ ਦਾ ਐਡਮਿਨ ਵੀ ਉਹ ਖੁਦ ਹੈ। ਦਵਿੰਦਰ ਦਾ ਦੋਸ਼ ਸੀ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਗਰੁੱਪ 'ਚ ਇਕ ਵਾਇਸ ਮੈਸੇਜ ਆਇਆ, ਜਿਸ 'ਚ ਪਹਿਲੇ ਗੁਰੂ ਜੀ ਸਬੰਧੀ ਇਤਰਾਜ਼ਯੋਗ ਸ਼ਬਦ ਵਰਤੇ ਗਏ, ਜਿਸ ਨੰਬਰ ਤੋਂ ਇਹ ਸੁਨੇਹਾ ਆਇਆ ਸੀ, ਕਈ ਮਹੀਨੇ ਤੱਕ ਉਨ੍ਹਾਂ ਨੇ ਖੁਦ ਉਸ ਨੰਬਰ ਸਬੰਧੀ ਪਤਾ ਲਾਇਆ ਅਤੇ ਹੁਣ ਜਦੋਂ ਦੋਸ਼ੀ ਸਬੰਧੀ ਪੂਰਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਸਹਿਯੋਗ ਨਾਲ ਦੋਸ਼ੀ ਨੂੰ ਦਬੋਚ ਲਿਆ। ਇੰਸ. ਪ੍ਰਮੋਦ ਦਾ ਕਹਿਣਾ ਸੀ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।