ਸੋਸ਼ਲ ਮੀਡੀਆ ਨੇ ਘਟਾਇਆ ਪੁਲਸ ਦਾ ਦਬਕਾ

09/19/2019 12:26:35 PM

ਪਟਿਆਲਾ/ਰੱਖੜਾ (ਰਾਣਾ)—ਦੇਸ਼ ਅੰਦਰ ਪੰਜਾਬ ਪੁਲਸ ਦਾ ਕਿਸੇ ਦੌਰ ਸਮੇਂ ਅਜਿਹਾ ਦਬਕਾ ਸੀ ਕਿ ਜਿਹੜੇ ਸੂਬੇ ਅੰਦਰ ਚੋਣਾਂ ਸਮੇਂ ਵੱਧ ਝਗੜੇ ਜਾਂ ਦੰਗੇ ਹੁੰਦੇ ਸਨ ਤਾਂ ਉਥੇ ਪੰਜਾਬ ਪੁਲਸ ਦੀ ਬਟਾਲੀਅਨ ਤਾਇਨਾਤ ਕੀਤੀ ਜਾਂਦੀ ਸੀ ਤਾਂ ਜੋ ਜਨਤਾ ਵਿਚ ਪੰਜਾਬ ਪੁਲਸ ਦੇ ਖੌਫ ਕਾਰਨ ਝਗੜੇ ਜਾਂ ਦੰਗੇ ਨਾ ਹੋ ਸਕਣ। ਪਰ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਅੰਦਰ ਹੀ ਪੰਜਾਬ ਪੁਲਸ ਦੀ ਹਾਲਤ ਲਗਾਤਾਰ ਹਾਸੋਹੀਣੀ ਬਣਦੀ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਰਾਜਨੀਤੀ ਅਤੇ ਸੋਸ਼ਲ ਮੀਡੀਆ ਮੰਨਿਆ ਜਾ ਰਿਹਾ ਹੈ। ਜਿਥੇ ਵੀ ਪੁਲਸ ਕਿਸੇ ਨੂੰ ਕਿਸੇ ਜੁਰਮ ਤੋਂ ਰੋਕਣ ਲਈ ਦਬਕਾ ਮਾਰਦੀ ਹੈ ਜਾਂ ਕੋਈ ਕਾਰਵਾਈ ਅਮਲ ਵਿਚ ਲਿਆਉਂਦੀ ਹੈ ਤਾਂ ਤੁਰੰਤ ਉਸਦੀ ਰਿਕਾਰਡਿੰਗ ਜਾਂ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਮਿੰਟੋ-ਮਿੰਟੀ ਵਾਇਰਲ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਕੁਝ ਸਮੇਂ ਵਿਚ ਹੀ ਪੁਲਸ ਖਾਲੀ ਹੱਥ ਪਰਤ ਰਹੀ ਦਿਖਾਈ ਦਿੰਦੀ ਹੈ।

ਭਾਵੇਂ ਕਿ ਬਾਅਦ ਵਿਚ ਪੁਲਸ ਆਪਣੀ ਕਾਗਜ਼ੀ ਕਾਰਵਾਈ ਵਿਚ ਡਿਊਟੀ ਸਮੇਂ ਦੌਰਾਨ ਵਿਰੋਧ ਕਰਨ ਵਾਲਿਆਂ ਖਿਲਾਫ ਸਖਤ ਧਾਰਾਵਾਂ ਅਧੀਨ ਪਰਚੇ ਦਰਜ ਕਰਕੇ ਆਪਣੀ ਹਿੰਡ ਪੁਗਾ ਲੈਂਦੀ ਹੈ, ਪਰ ਫਿਰ ਵੀ ਜਨਤਕ ਤੌਰ ਤੇ ਪੁਲਸ ਦੇ ਦਬਕੇ ਦੀ ਸਥਿਤੀ ਦਿਨੋ ਦਿਨ ਡਾਵਾਂ-ਡੋਲ ਹੁੰਦੀ ਜਾ ਰਹੀ ਹੈ। ਇੰਨਾ ਹੀ ਨਹੀਂ ਰਾਜਨੀਤਿਕ ਦਬਾਓ ਅਤੇ ਸਰਕਾਰਾਂ ਦੀਆਂ ਅਣਗਹਿਲੀਆਂ ਦੇ ਸ਼ਿਕਾਰ ਲੋਕ ਬੇਰੋਜ਼ਗਾਰੀ ਦੀਆਂ ਮਾਰਾਂ ਝੱਲਦੇ ਹੋਏ ਆਪਣਾ ਗੁੱਸਾ ਪੁਲਸ ਤੇ ਕੱਢਣ ਨੂੰ ਮਜਬੂਰ ਹਨ। ਕਿਉਂਕਿ ਸਮੇਂ ਦੀਆਂ ਸਰਕਾਰਾਂ ਲੋਕਾਂ ਦੀਆਂ ਉਮੀਦਾਂ ਤੇ ਖਰ੍ਹਾ ਉਤਰਣ ਵਿਚ ਫੇਲ੍ਹ ਸਾਬਤ ਹੋ ਰਹੀਆਂ ਹਨ। ਜਿਸ ਕਾਰਨ ਜਨਤਾ ਦੀ ਸਹਿਣ ਸ਼ਕਤੀ ਜਵਾਬ ਦਿੰਦੀ ਜਾ ਰਹੀ ਹੈ। ਜਿਕਰਯੋਗ ਹੈ ਕਿ ਹੁਣ ਤੱਕ 2018-19 ਦੌਰਾਨ ਸੈਂਕੜੇ ਹੀ ਪੁਲਸ ਉਪਰ ਹਮਲਿਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਸ ਕਰਕੇ ਕਈ ਪੁਲਸ ਮੁਲਾਜ਼ਮਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ।ਤਾਜ਼ੀ ਘਟਨਾ ਵਿਚ ਤਫਤੀਸ਼ ਲਈ ਗਈ ਪੁਲਸ ਤੇ ਹੋਏ ਜਾਨ ਲੇਵਾ ਹਮਲੇ ਸੰਬੰਧੀ ਭਾਵੇਂ ਕਿ ਮੁਲਜ਼ਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਪਰ ਫਿਰ ਵੀ ਪੰਜਾਬ ਪੁਲਸ ਤੇ ਨਿੱਤ ਦਿਨ ਹਮਲੇ ਹੋਣਾ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਲਿਹਾਜ਼ਾ ਜੇ ਕੋਈ ਛੋਟੇ ਪੁਲਸ ਮੁਲਾਜ਼ਮ 'ਤੇ ਪਰਚਾ ਦਰਜ ਹੁੰਦਾ ਹੈ ਤਾਂ ਵੱਡੇ ਪੁਲਸ ਅਧਿਕਾਰੀ ਆਪਣਾ ਪੱਲ੍ਹਾ ਛੁਡਾਉਂਦੇ ਨਜ਼ਰ ਆਉਂਦੇ ਹਨ, ਜਿਸ ਕਾਰਨ ਛੋਟੇ ਪੁਲਸ ਮੁਲਾਜ਼ਮਾਂ ਦਾ ਹੌਂਸਲਾ ਮਿੱਟੀ ਮਿਲ ਜਾਂਦਾ ਹੈ ਅਤੇ ਕਈ ਵਾਰ ਬੇਇੱਜ਼ਤੀ ਕਾਰਨ ਕਈ ਮੁਲਾਜ਼ਮ ਆਤਮ ਦਾਹ ਤੱਕ ਕਰ ਲੈਂਦੇ ਹਨ।

ਬਹੁਤੇ ਮੁਲਾਜ਼ਮ ਫਿਜ਼ੀਕਲੀ ਅਣਫਿੱਟ
ਪੰਜਾਬ ਪੁਲਸ ਦੇ ਬਹੁਤੇ ਮੁਲਾਜ਼ਮ ਫਿਜ਼ੀਕਲੀ ਅਣਫਿੱਟ ਹੋਣ ਕਾਰਨ ਹਮਲਾਵਰਾਂ ਦਾ ਮੌਕੇ ਤੇ ਮੁਕਾਬਲਾ ਕਰਨ ਵਿਚ ਵੀ ਅਸਮਰੱਥ ਦਿਖਾਈ ਦੇ ਰਹੇ ਹਨ। ਕੋਈ ਵੀ ਗੁੰਡਾ ਅਣਸਰ ਕਿਸੇ ਵੀ ਪੁਲਸ ਮੁਲਾਜ਼ਮ ਤੇ ਹਮਲਾ ਕਰਕੇ ਭੱਜ ਜਾਵੇ ਤਾਂ ਦੂਜਾ ਮੁਲਾਜ਼ਮ ਉਸ ਗੁੰਡਾ ਅਨਸਰ ਨੂੰ ਦੌੜ ਕੇ ਫੜ੍ਹ ਨਹੀਂ ਸਕਦਾ।ਭਾਵੇਂ ਕਿ ਕੇਂਦਰ ਸਰਕਾਰ ਨੇ ਆਪਣੇ ਕਈ ਵਿਭਾਗਾਂ ਵਿਚ ਕਈ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਸਿਰਫ ਇਸ ਕਰਕੇ ਜਬਰੀ ਰਿਟਾਇਰ ਕਰ ਦਿੱਤਾ ਕਿ ਉਹ ਜਾਂ ਤਾਂ ਆਪਣੀ ਡਿਊਟੀ ਸਹੀ ਨਿਭਾ ਨਹੀਂ ਰਹੇ ਸਨ ਜਾਂ ਫਿਰ ਡਿਊਟੀ ਕਰਨ ਵਿਚ ਅਣਫਿੱਟ ਸਨ।

ਅਖੌਤੀ ਲੀਡਰਾਂ ਕੋਲ ਗੰਨਮੈਨ ਹੋਣ ਕਾਰਨ ਪੁਲਸ ਦਾ ਡਿੱਗਿਆ ਗ੍ਰਾਫ
ਸੂਬੇ ਅੰਦਰ ਬਹੁਤੇ ਲੀਡਰ ਅਜਿਹੇ ਹਨ ਜਿਨ੍ਹਾਂ ਕੋਲ ਪਾਰਟੀ ਦੀ ਕੋਈ ਵੱਡੀ ਜਿਮੇਵਾਰੀ ਨਹੀਂ ਹੈ ਅਤੇ ਨਾ ਹੀ ਕੋਈ ਰਾਜਨੀਤਿਕ ਕੱਦ ਹੈ, ਪਰ ਫਿਰ ਵੀ ਪੁਲਸ ਪ੍ਰਸ਼ਾਸ਼ਨ ਦੇ ਅਫਸਰਾਂ ਦੀ ਮਿਲੀਭੁਗਤ ਨਾਲ ਅਜਿਹੇ ਕਈ ਅਖੌਤੀ ਲੀਡਰ ਪੁਲਸ ਮੁਲਾਜ਼ਮਾਂ ਨੂੰ ਆਪਣੀ ਆਓ ਭਗਤ ਕਰਨ ਲਈ ਬਤੌਰ ਗੰਨਮੈਨ ਨਾਲ ਲਈ ਫਿਰਦੇ ਹਨ। ਅਜਿਹੇ ਲੋਕਾਂ ਪਾਸ ਗੰਨਮੈਨ ਹੋਣ ਕਾਰਨ ਵੀ ਪੰਜਾਬ ਪੁਲਸ ਦਾ ਗ੍ਰਾਫ ਦਿਨੋ ਦਿਨ ਡਿੱਗਦਾ ਜਾ ਰਿਹਾ ਹੈ ਅਤੇ ਗੰਨਮੈਨ ਲੋਕ ਹਸਾਈ ਦੇ ਪਾਤਰ ਬਣ ਰਹੇ ਹਨ। ਦੂਜਾ ਅਜਿਹੇ ਆਗੂਆਂ ਦੇ ਗੰਨਮੈਨ ਲੱਗਣ ਕਾਰਨ ਥਾਣਿਆਂ ਵਿਚ ਨਫਰੀ ਘੱਟ ਹੈ ਅਤੇ ਪੰਜਾਬ ਸਰਕਾਰ ਦੇ ਪੁਲਸ ਮੁਲਾਜ਼ਮਾਂ ਵਲੋਂ ਅੱਠ ਘੰਟੇ ਡਿਊਟੀ ਕਰਨ ਦੇ ਦਾਅਵੇ ਵੀ ਹਵਾ ਹਵਾਈ ਹੁੰਦੇ ਦਿੱਸ ਰਹੇ ਹਨ।


Shyna

Content Editor

Related News