ਨਗਰ ਕੌਂਸਲ ਦਾ S.O. ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ

02/18/2020 7:06:44 PM

ਬੱਸੀ ਪਠਾਣਾ, (ਰਾਜਕਮਲ)— ਵਿਜੀਲੈਂਸ ਵਿਭਾਗ ਮੋਹਾਲੀ ਦੀ ਟੀਮ ਵਲੋਂ ਨਗਰ ਕੌਂਸਲ ਦੇ ਐੱਸ. ਓ. ਮੋਹਨਪਾਲ ਸਿੰਘ ਨੂੰ ਇਕ ਠੇਕੇਦਾਰ ਤੋਂ 18 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਕਾਬੂ ਕੀਤਾ ਗਿਆ ਹੈ, ਜਿਸ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ। ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਮਨੀ ਰਤਨ ਨੇ ਦੱਸਿਆ ਕਿ ਉਹ ਮੰਡੀ ਗੋਬਿੰਦਗੜ੍ਹ ਕੋਆਪ੍ਰੇਟਿਵ ਸੁਸਾਇਟੀ ਅਧੀਨ ਅਥਾਰਿਟੀ ਲੈਟਰ 'ਤੇ ਠੇਕੇਦਾਰ ਦੇ ਤੌਰ 'ਤੇ ਪਿਛਲੇ ਪੰਜ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਹੈ। ਜਿਸ ਵਲੋਂ ਜੇ. ਸੀ. ਬੀ. ਮਸ਼ੀਨ ਰਾਹੀਂ ਕੂੜੇ ਦੇ ਡੰਪ ਤੋਂ ਕੂੜਾ ਹਟਾਉਣ ਦਾ ਠੇਕਾ 1 ਲੱਖ 6 ਹਜ਼ਾਰ ਰੁਪਏ 'ਚ ਲਿਆ ਗਿਆ ਸੀ ਤੇ ਉਸ ਦੀ ਬਣਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਸੀ।

ਉਸਨੇ ਦੱਸਿਆ ਕਿ 13 ਫ਼ਰਵਰੀ ਨੂੰ ਉਸ ਕੋਲ ਨਗਰ ਕੌਂਸਲ ਦਾ ਐੱਸ. ਓ. ਮੋਹਨਪਾਲ ਸਿੰਘ ਉਸ ਨੂੰ ਮਿਲਿਆ ਤੇ ਉਸਦੀ ਬਣਦੀ ਰਕਮ ਦੇ ਬਿੱਲ ਪਾਸ ਕਰਵਾਉਣ ਲਈ 36 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਇਹ ਸੌਦਾ 18 ਹਜ਼ਾਰ ਰੁਪਏ 'ਚ ਤੈਅ ਹੋ ਗਿਆ ਤੇ ਮੰਗਲਵਾਰ ਉਸਨੇ ਇਹ ਰਿਸ਼ਵਤ ਦੀ ਰਕਮ ਉਕਤ ਐੱਸ. ਓ. ਨੂੰ ਦੇਣੀ ਸੀ। ਸ਼ਿਕਾਇਤਕਰਤਾ ਮਨੀ ਰਤਨ ਨੇ ਇਸ ਦੀ ਸੂਚਨਾ ਵਿਜੀਲੈਂਸ ਵਿਭਾਗ ਮੋਹਾਲੀ ਦੇ ਡੀ. ਐੱਸ. ਪੀ. ਐਚ. ਪੀ. ਸਿੰਘ ਨੂੰ ਦੇ ਦਿੱਤੀ, ਜੋ ਕਿ ਆਪਣੀ ਟੀਮ ਸਮੇਤ ਪਹਿਲਾਂ ਤੋਂ ਹੀ ਤਿਆਰ ਬੈਠੇ ਸਨ। ਮਨੀ ਰਤਨ ਵਲੋਂ ਮੰਗਲਵਾਰ ਜਦੋਂ ਐੱਸ. ਓ. ਨੂੰ ਰਿਸ਼ਵਤ ਦੀ ਰਕਮ ਫੜਾਈ ਗਈ ਤਾਂ ਵਿਜੀਲੈਂਸ ਟੀਮ ਵਲੋਂ ਐੱਸ. ਓ. ਨੂੰ 18 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਟੀਮ ਦੀ ਇਹ ਕਾਰਵਾਈ ਤਕਰੀਬਨ 2 ਘੰਟੇ ਤੱਕ ਚੱਲਦੀ ਰਹੀ। ਡੀ. ਐੱਸ. ਪੀ. ਐੱਚ. ਪੀ. ਸਿੰਘ ਨੇ ਦੱਸਿਆ ਕਿ ਐੱਸ. ਓ. ਖਿਲਾਫ਼ ਮਾਮਲਾ ਦਰਜ ਕਰਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ 'ਚ ਹੋਰ ਕਿਹੜੇ ਅਧਿਕਾਰੀ ਸ਼ਾਮਲ ਹਨ। ਇਸ ਦੌਰਾਨ ਮੌਕੇ 'ਤੇ ਪਹੁੰਚੇ ਯੂਥ ਅਕਾਲੀ ਆਗੂ ਰੂਪੀ ਵਿਰਕ ਨੇ ਕਿਹਾ ਕਿ ਸ਼ਹਿਰ ਦੇ ਹੋਰ ਵਿਭਾਗਾਂ ਵਿਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਤੇ ਇਹੀ ਕਾਰਨ ਹੈ ਕਿ ਸੀਵਰੇਜ ਤੇ ਹੋਰ ਵਿਕਾਸ ਦੇ ਕਾਰਜ ਰੁਕੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਭ੍ਰਿਸ਼ਟ ਅਧਿਕਾਰੀਆਂ ਨੂੰ ਨਾ ਹਟਾਇਆ ਤਾਂ ਉਹ ਅਜਿਹੀ ਕਾਰਵਾਈ ਵਿਜੀਲੈਂਸ ਵਿਭਾਗ ਤੋਂ ਕਰਵਾ ਕੇ ਭ੍ਰਿਸ਼ਟ ਅਧਿਕਾਰੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਂਦੇ ਰਹਿਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਲਦੀ ਹੀ ਇਕ ਉੱਚੇ ਅਹੁਦੇ 'ਤੇ ਵਿਰਾਜਮਾਨ ਭ੍ਰਿਸ਼ਟ ਅਧਿਕਾਰੀ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ।


KamalJeet Singh

Content Editor

Related News