ਨਿੱਕੇ ਜਿਹੇ ਮਾਸੂਮ 'ਤੇ ਐਨਾ ਤਸ਼ੱਦਦ ! ਹੁਣ ਬਾਲ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਲਿਆ ਗੰਭੀਰ ਨੋਟਿਸ

Tuesday, Feb 04, 2025 - 04:20 AM (IST)

ਨਿੱਕੇ ਜਿਹੇ ਮਾਸੂਮ 'ਤੇ ਐਨਾ ਤਸ਼ੱਦਦ ! ਹੁਣ ਬਾਲ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਲਿਆ ਗੰਭੀਰ ਨੋਟਿਸ

ਪਟਿਆਲਾ (ਰਾਜੇਸ਼ ਪੰਜੌਲਾ)- ਪਿਛਲੇ ਇਕ-ਦੋ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਔਰਤ ਵੱਲੋਂ 10 ਸਾਲਾ ਇਕ ਬੱਚੇ 'ਤੇ ਘਿਨੌਣਾ ਜ਼ੁਲਮ ਢਾਹੁਣ ਦੀ ਗੱਲ ਦੱਸੀ ਗਈ ਹੈ। ਇਸ ਘਟਨਾ ਨੇ ਸਭ ਦੇ ਹਿਰਦੇ ਵਲੂੰਦਰ ਦਿੱਤੇ ਹਨ। 

ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ 10 ਸਾਲ ਦੇ ਮਾਸੂਮ ਬੱਚੇ ਤੋਂ ਘਰ ਦਾ ਕੰਮ ਕਰਾਉਂਦੀ ਸੀ ਤੇ ਘਰ ’ਚ ਰੱਖੇ 2 ਕੁੱਤਿਆਂ ਦੇ ਪਾਲਣ-ਪੋਸ਼ਣ ਲਈ ਵੀ ਉਸ ਨੇ ਉਸੇ ਬੱਚੇ ਦੀ ਡਿਊਟੀ ਲਾਈ ਹੋਈ ਸੀ। ਇਹੀ ਨਹੀਂ, ਉਸ ਮਾਸੂਮ ਨੂੰ ਇਨ੍ਹਾਂ ਕੁੱਤਿਆਂ ਵਿਚ ਹੀ ਰੱਖਿਆ ਜਾਂਦਾ ਸੀ। ਬੱਚੇ ਨੂੰ ਬੈਲਟਾਂ ਨਾਲ ਕੁੱਟਿਆ ਜਾਂਦਾ ਸੀ। ਉਸ ਦੇ ਮੂੰਹ, ਹੱਥਾਂ ਤੇ ਬਾਹਾਂ ’ਤੇ ਗਰਮ ਪ੍ਰੈੱਸ ਲਾਈ ਜਾਂਦੀ ਸੀ। ਉਸ ਦੇ ਸਿਰ ’ਤੇ ਸੱਟਾਂ ਕਾਰਨ ਕੰਨ ’ਚੋਂ ਖੂਨ ਨਿਕਲਿਆ ਹੋਇਆ ਸੀ। ਇਸ ਬਾਰੇ ਕਿਸੇ ਗੁਆਂਢੀ ਨੇ ਸਮਾਜ ਸੇਵੀ ਸੰਸਥਾ ਨੂੰ ਦੱਸ ਦਿੱਤਾ, ਜਿਸ ਨੇ ਇਸ ਬੱਚੇ ਨੂੰ ਉਨ੍ਹਾਂ ਦੀ ਚੁੰਗਲ ’ਚੋਂ ਛੁਡਾ ਲਿਆ ਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ।

ਉਕਤ ਔਰਤ ਖਿਲਾਫ ਐੱਫ.ਆਈ.ਆਰ. ਦਰਜ ਕਰ ਕੇ ਘਟਨਾ ਦੀ ਜਾਂਚ ਲਈ ਇਕ ਐੱਸ.ਆਈ.ਟੀ. ਬਣਾ ਦਿੱਤੀ ਹੈ। ਇਸ ਔਰਤ ਖ਼ਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲੈ ਕੇ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਦੌਰਾਨ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਪਟਿਆਲਾ ਦੀ ਰਿਸ਼ੀ ਕਾਲੋਨੀ ਵਿਖੇ 10 ਸਾਲਾ ਬੱਚੇ ’ਤੇ ਹੋਏ ਤਸ਼ੱਦਦ ਦੀ ਵੱਖ-ਵੱਖ ਚੈਨਲਾਂ ’ਤੇ ਚੱਲ ਰਹੀ ਖ਼ਬਰ ਦੇ ਮਾਮਲੇ ’ਤੇ ਸੂ-ਮੋਟੋ ਨੋਟਿਸ ਲੈਂਦਿਆਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪੀੜਤ ਜ਼ੇਰੇ ਇਲਾਜ ਬੱਚੇ ਨਾਲ ਮੁਲਾਕਾਤ ਕੀਤੀ ਅਤੇ ਉਸ ਦਾ ਹਾਲਚਾਲ ਜਾਣਿਆ।

PunjabKesari

ਇਹ ਵੀ ਪੜ੍ਹੋ- ਚਾਈਨਾ ਡੋਰ ਦੀ ਚਪੇਟ 'ਚ ਆਏ ਪੰਜਾਬ ਦੇ ਮਸ਼ਹੂਰ ਗਾਇਕ, ਜ਼ਖ਼ਮੀ ਹਾਲਤ 'ਚ ਪੁੱਜੇ ਹਸਪਤਾਲ

 

ਉਨ੍ਹਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਮੀਟਿੰਗ ਕਰ ਕੇ ਦੋਸ਼ੀਆਂ ਖਿਲਾਫ਼ ਸਖਤ ਕਰਵਾਈ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਜੁਆਇੰਟ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਵੀ ਮੌਜੂਦ ਸਨ।

ਚੇਅਰਮੈਨ ਕੰਵਰਦੀਪ ਸਿੰਘ ਨੇ 10 ਸਾਲਾ ਬੱਚੇ ਨੂੰ ਗਰਮ ਪ੍ਰੈੱਸ ਲਗਾ ਕੇ ਕੀਤੇ ਗਏ ਇਸ ਗੈਰ-ਮਨੁੱਖੀ ਤਸ਼ੱਦਦ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਕਮਿਸ਼ਨ ਅਜਿਹੇ ਮਾਮਲਿਆਂ ਨਾਲ ਸਖ਼ਤੀ ਨਾਲ ਨਜਿੱਠੇਗਾ। ਉਨ੍ਹਾਂ ਘਟਨਾ ਲਈ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਅਤੇ ਪੁਲਸ ਨੂੰ ਕਿਸੇ ਵੀ ਦੋਸ਼ੀ ਨੂੰ ਨਾ ਬਖਸ਼ਣ ਲਈ ਕਿਹਾ।

ਉਨ੍ਹਾਂ ਅੱਗੇ ਕਿਹਾ ਕਿ ਕਮਿਸ਼ਨ ਵੱਲੋਂ ਅਜਿਹੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ। ਪੀੜਤ ਬੱਚੇ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਜਿਥੇ ਬੱਚੇ ਦਾ ਇਲਾਜ ਕਰਵਾਇਆ ਹੈ, ਉੱਥੇ ਹੀ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਮੌਕੇ ਏ.ਡੀ.ਸੀ. ਇਸ਼ਾ ਸਿੰਗਲ, ਡੀ.ਐੱਸ.ਪੀ. ਮਨੋਜ ਗੋਰਸੀ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਈਨਾ ਕਪੂਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ- ਗਲ਼ੀ 'ਚ ਖੇਡਦੇ ਮਾਸੂਮ 'ਤੇ ਆਵਾਰਾ ਕੁੱਤੇ ਨੇ ਢਾਹਿਆ ਕਹਿਰ, ਚੀਕਾਂ ਸੁਣ ਮਾਪਿਆਂ ਦੇ ਪੈਰਾਂ ਹੇਠੋਂ ਨਿਕਲੀ ਜ਼ਮੀਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News