ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਔਰਤ ਕੋਲੋਂ ਮੋਬਾਇਲ ਖੋਹ ਕੇ ਫ਼ਰਾਰ

Wednesday, Aug 14, 2024 - 10:21 AM (IST)

ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਔਰਤ ਕੋਲੋਂ ਮੋਬਾਇਲ ਖੋਹ ਕੇ ਫ਼ਰਾਰ

ਗੁਰੂਹਰਸਹਾਏ (ਸੁਨੀਲ ਵਿੱਕੀ) : ਸ਼ਹਿਰ ਅੰਦਰ ਲੁਟੇਰਿਆਂ ਵੱਲੋਂ ਲੁੱਟਾਂ-ਖੋਹਾਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲੁਟੇਰੇ ਬੇਖ਼ੌਫ਼ ਹੋ ਕੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਸ਼ਹਿਰ ਅੰਦਰ ਹੋ ਰਹੀਆਂ ਲਗਾਤਾਰ ਲੁੱਟਾਂ-ਖੋਹਾਂ ਕਾਰਨ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਹਨ ਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਬੀਤੇ ਦਿਨੀਂ ਦਿਨ-ਦਿਹਾੜੇ ਸ਼ਹਿਰ ਦੀ ਸ੍ਰੀ ਮੁਕਤਸਰ ਸਾਹਿਬ ਬਾਈਪਾਸ ਰੋਡ ’ਤੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਸਕੂਟਰੀ ’ਤੇ ਜਾ ਰਹੀਆਂ ਔਰਤਾਂ ਕੋਲੋਂ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ।

ਜਾਣਕਾਰੀ ਦਿੰਦਿਆਂ ਪੀੜਤ ਸ਼ਵੇਤਾ ਗਲਹੋਤਰਾ ਦੇ ਪਤੀ ਸੰਨੀ ਗਲਹੋਤਰਾ ਨੇ ਦੱਸਿਆ ਕਿ ਉਸ ਦੀ ਪਤਨੀ ਸ਼ਵੇਤਾ ਗਲਹੋਤਰਾ ਤੇ ਉਸ ਦੇ ਨਾਲ ਜਸ਼ਨ ਨਾਮਕ ਕੁੜੀ ਸਕੂਟਰੀ ’ਤੇ ਆਪਣੇ ਘਰ ਤੋਂ ਦੁਪਹਿਰ ਕਰੀਬ 1 ਵਜੇ ਕਿਸੇ ਕੰਮ ਲਈ ਮਾਰਕਿਟ ਵੱਲ ਜਾ ਰਹੀਆਂ ਸਨ, ਜਦੋਂ ਉਹ ਸ੍ਰੀ ਮੁਕਤਸਰ ਸਾਹਿਬ ਬਾਈਪਾਸ ਰੋਡ ’ਤੇ ਸਥਿਤ ਮਦਾਨ ਸੀਮੇਂਟ ਸਟੋਰ ਦੇ ਕੋਲ ਪਹੁੰਚੀਆਂ ਤਾਂ ਪਿੱਛੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਆਏ ਅਤੇ ਸ਼ਵੇਤਾ ਦੇ ਹੱਥ ’ਚ ਫੜ੍ਹਿਆ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ।

ਇਸ ਲੁੱਟ-ਖੋਹ ਦੌਰਾਨ ਸ਼ਵੇਤਾ ਅਤੇ ਜਸ਼ਨ ਦੋਵੇਂ ਸੜਕ ’ਤੇ ਡਿੱਗ ਗਈਆਂ ਅਤੇ ਉਨ੍ਹਾਂ ਦੇ ਸੱਟਾਂ ਲੱਗੀਆਂ। ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੀੜਤ ਔਰਤ ਦੇ ਪਤੀ ਸੰਨੀ ਗਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਇਲ ਦੀ ਕੀਮਤ 40 ਹਜ਼ਾਰ ਰੁਪਏ ਦੇ ਕਰੀਬ ਹੈ ਤੇ ਉਨ੍ਹਾਂ ਨੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਫੜ੍ਹ ਕੇ ਉਨ੍ਹਾਂ ਕੋਲੋਂ ਮੋਬਾਇਲ ਬਰਾਮਦ ਕਰ ਕੇ ਉਨ੍ਹਾਂ ਨੂੰ ਵਾਪਸ ਦਿੱਤਾ ਜਾਵੇ ਤੇ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


author

Babita

Content Editor

Related News