ਸਵਾ 4 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ
Sunday, Feb 09, 2020 - 09:36 PM (IST)
ਲੁਧਿਆਣਾ, (ਜ. ਬ.)— ਸੈਪਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਸੈਂਟਰਲ ਜੇਲ ਤੋਂ ਨਸ਼ੇ ਦਾ ਕਾਰੋਬਾਰ ਚਲਾਉਣ ਵਾਲੇ ਨਸ਼ਾ ਸਮੱਗਲਰ ਦੇ ਸਾਥੀ ਨੂੰ ਸਵਾ 4 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਸਬੰਧੀ ਐਤਵਾਰ ਨੂੰ ਜਾਣਕਾਰੀ ਦਿੰਦੇ ਐੱਸ. ਟੀ. ਐੱਫ. ਦੇ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਡਾਬਾ ਇਲਾਕੇ 'ਚ ਨਸ਼ਾ ਸਮੱਗਲਰ ਮੋਟਰਸਾਈਕਲ 'ਤੇ ਹੈਰੋਇਨ ਦੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਿਹਾ ਹੈ, ਜਿਸ 'ਤੇ ਐੱਸ. ਟੀ. ਐੱਫ. ਨੇ ਤੁਰੰਤ ਕਾਰਵਾਈ ਕਰਦਿਆਂ ਡਾਬਾ ਰੋਡ ਮਾਰਕੀਟ ਨੇੜੇ ਨਾਕਾਬੰਦੀ ਕੀਤੀ, ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਬਰਾਮਦ ਬੈਗ ਦੀ ਤਲਾਸ਼ੀ ਦੌਰਾਨ 840 ਗ੍ਰਾਮ ਹੈਰੋਇਨ, ਇਕ ਇਲੈਕਟ੍ਰੋਨਿਕ ਕੰਡਾ ਅਤੇ 20 ਖਾਲੀ ਲਿਫਾਫੇ ਬਰਾਮਦ ਹੋਏ। ਉਪਰੰਤ ਪੁਲਸ ਨੇ ਤੁਰੰਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਜਤਿੰਦਰ ਸਿੰਘ ਉਰਫ ਹੈਪੀ ਜੈਨ (41) ਵਾਸੀ ਮੁਹੱਲਾ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਡਾਬਾ ਲੁਧਿਆਣਾ ਦੇ ਰੂਪ 'ਚ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਹੈਰੋਇਨ ਦੀ ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤ ਲਗਭਗ ਸਵਾ 4 ਕਰੋੜ ਦੱਸੀ ਜਾ ਰਹੀ ਹੈ। ਮੁਲਜ਼ਮ ਖਿਲਾਫ ਐੱਸ. ਟੀ. ਐੱਫ. ਮੋਹਾਲੀ ਪੁਲਸ ਸਟੇਸ਼ਨ 'ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੋਸ਼ੀ ਪਿਛਲੇ 4 ਸਾਲਾਂ ਤੋਂ ਚਲਾ ਰਿਹਾ ਸੀ ਨਸ਼ੇ ਦਾ ਕਾਰੋਬਾਰ
ਇੰਚਾਰਜ ਹਰਬੰਸ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਜਤਿੰਦਰ ਸਿੰਘ ਨੇ ਦੱਸਿਆ ਕਿ ਸੈਂਟਰਲ ਜੇਲ 'ਚ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਬੰਦ ਵਰਿੰਦਰ ਠਾਕੁਰ ਵਾਸੀ ਪਿੰਡ ਭਾਮੀਆ, ਦਿੱਲੀ 'ਚ ਰਹਿੰਦੇ ਨੀਗਰੋ ਨੂੰ ਫੋਨ ਕਰ ਕੇ ਹੈਰੋਇਨ ਲਈ ਆਰਡਰ ਦਿੰਦਾ ਸੀ, ਜਿਸ ਤੋਂ ਬਾਅਦ ਉਹ ਦਿੱਲੀ ਤੋਂ ਹੈਰੋਇਨ ਦੀ ਖੇਪ ਲੈ ਕੇ ਆਉਂਦਾ ਸੀ ਅਤੇ ਆਪਣੇ ਗਾਹਕਾਂ ਨੂੰ ਸਪਲਾਈ ਕਰਦਾ ਸੀ। ਦੋਸ਼ੀ ਪਿਛਲੇ 4 ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਸੀ। ਜੋ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ। ਦੋਸ਼ੀ ਖਿਲਾਫ ਪਹਿਲਾ ਵੀ ਅੱਧਾ ਦਰਜਨ ਮਾਮਲੇ ਦਰਜ ਹਨ ਜਿਸ ਵਿਚ ਦੋਸ਼ੀ ਜਤਿੰਦਰ 'ਤੇ ਕਤਲ, ਕਿਡਨੈਪਿੰਗ, ਗਿਰੋਹਬੰਦੀ, ਲੁੱਟਖੋਹ ਅਤੇ ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ ਹਨ। ਜਿਸ ਵਿਚ ਦੋਸ਼ੀ ਜਮਾਨਤ 'ਤੇ ਬਾਹਰ ਆਇਆ ਹੈ ਅਤੇ ਆਉਂਦੇ ਹੀ ਫਿਰ ਨਸ਼ੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।
ਜੇਲ 'ਚ ਬੰਦ ਦੋਸ਼ੀ ਨੂੰ ਵੀ ਮਾਮਲੇ 'ਚ ਕੀਤਾ ਨਾਮਜ਼ਦ
ਜਾਂਚ ਅਧਿਕਾਰੀ ਨੇ ਦੱਸਿਆ ਕਿ ਜੇਲ ਵਿਚ ਬੰਦ ਦੋਸ਼ੀ ਵਰਿੰਦਰ ਠਾਕੁਰ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ। ਦੋਸ਼ੀ ਨੂੰ ਜਲਦ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਜੋ ਜੇਲ 'ਚੋਂ ਫੋਨ ਦੇ ਜਰੀਏ ਨੈਟਵਰਕ ਚਲਾ ਰਿਹਾ ਸੀ। ਜਿਸ ਸਬੰਧੀ ਜੇਲ ਪ੍ਰਸਾਸ਼ਨ ਨੂੰ ਸੂਚਨਾ ਦਿੱਤੀ ਅਤੇ ਉਸਦਾ ਫੋਨ ਬਰਾਮਦ ਕਰ ਲਿਆ ਗਿਆ। ਜਿਸਦੀ ਜਾਂਚ ਕੀਤੀ ਜਾ ਰਹੀ ਹੈ।