ਪਾਕਿਸਤਾਨ ਤੋਂ ਆਈ ਸਾਢੇ 7 ਕਰੋੜ ਦੀ ਹੈਰੋਇਨ, ਔਰਤ ਸਣੇ 3 ਗ੍ਰਿਫਤਾਰ

Monday, Nov 25, 2019 - 12:29 AM (IST)

ਪਾਕਿਸਤਾਨ ਤੋਂ ਆਈ ਸਾਢੇ 7 ਕਰੋੜ ਦੀ ਹੈਰੋਇਨ, ਔਰਤ ਸਣੇ 3 ਗ੍ਰਿਫਤਾਰ

ਅੰਮ੍ਰਿਤਸਰ, (ਸੰਜੀਵ)— ਸਰਹੱਦ ਪਾਰ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਨੂੰ ਕਾਰ 'ਚ ਸਪਲਾਈ ਕਰਨ ਜਾ ਰਹੀ ਮਨਦੀਪ ਕੌਰ ਵਾਸੀ ਗੁਰੂ ਨਾਨਕ ਕਾਲੋਨੀ ਤਰਨਤਾਰਨ ਰੋਡ ਨੂੰ ਉਸ ਦੇ 2 ਸਾਥੀਆਂ ਰਣਜੀਤ ਸਿੰਘ ਰਾਣਾ ਤੇ ਹਰਜੀਤ ਸਿੰਘ ਹੈਪੀ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਇਨ੍ਹਾਂ ਦੇ ਕਬਜ਼ੇ 'ਚੋਂ 1 ਕਿੱਲੋ 520 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ ਸਾਢੇ 7 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਚਾਟੀਵਿੰਡ ਦੀ ਪੁਲਸ ਨੇ ਤਿੰਨਾਂ ਸਮੱਗਲਰਾਂ ਕੋਲੋਂ ਇੰਡੀਕਾ ਕਾਰ ਤੇ 3 ਮੋਬਾਇਲ ਵੀ ਬਰਾਮਦ ਕੀਤੇ ਹਨ। ਸਾਰੇ ਸਮੱਗਲਰਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਦੇ ਹੁਕਮ 'ਤੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਇਹ ਖੁਲਾਸਾ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਇਨਪੁਟ ਮਿਲੀ ਸੀ ਕਿ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਨੂੰ ਕਾਰ 'ਚ ਸਪਲਾਈ ਕਰਨ ਲਈ ਲਿਜਾਇਆ ਜਾ ਰਿਹਾ ਹੈ, ਜਿਸ 'ਤੇ ਨਾਕਾਬੰਦੀ ਦੌਰਾਨ ਤਿੰਨਾਂ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਮੋਬਾਇਲਾਂ ਤੋਂ ਹੋਣਗੇ ਕਈ ਅਹਿਮ ਖੁਲਾਸੇ
ਔਰਤ ਸਮੇਤ ਗ੍ਰਿਫਤਾਰ ਕੀਤੇ ਤਿੰਨਾਂ ਸਮੱਗਲਰਾਂ ਤੋਂ ਬਰਾਮਦ ਕੀਤੇ ਗਏ ਮੋਬਾਇਲ ਸਕੈਨ ਕੀਤੇ ਜਾ ਰਹੇ ਹਨ, ਜਿਨ੍ਹਾਂ ਤੋਂ ਪੁਲਸ ਨੂੰ ਪਾਕਿਸਤਾਨ 'ਚ ਬੈਠੇ ਕੁਝ ਅਜਿਹੇ ਸਮੱਗਲਰਾਂ ਦੇ ਨਾਂ ਵੀ ਸਾਹਮਣੇ ਆਉਣ ਦੀ ਸੰੰਭਾਵਨਾ ਹੈ, ਜੋ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਭੇਜ ਰਹੇ ਹਨ। ਪੁਲਸ ਨੇ ਫਿਲਹਾਲ ਸਮੱਗਲਰਾਂ ਤੋਂ ਹੈਰੋਇਨ ਸਪਲਾਈ ਕਰਨ ਦੇ ਟਿਕਾਣਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ, ਬਹੁਤ ਜਲਦ ਉਨ੍ਹਾਂ ਟਿਕਾਣਿਆਂ ਦਾ ਵੀ ਖੁਲਾਸਾ ਕੀਤਾ ਜਾਵੇਗਾ, ਜਿਥੋਂ ਇਹ ਹੈਰੋਇਨ ਅੱਗੇ ਮਾਰਕੀਟ ਵਿਚ ਜਾ ਰਹੀ ਸੀ।


author

KamalJeet Singh

Content Editor

Related News