ਸਵਾ ਕਰੋੜ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ

04/13/2020 9:05:37 PM

ਸੁਲਤਾਨਪੁਰ ਲੋਧੀ, (ਧੀਰ)— 'ਕੋਰੋਨਾ ਵਾਇਰਸ' ਕਾਰਣ ਲਾਏ ਗਏ ਕਰਫਿਊ 'ਚ ਵੀ ਨਸ਼ਿਆਂ ਦੀ ਸਪਲਾਈ ਕਰਨ ਤੋਂ ਬਾਜ਼ ਨਹੀਂ ਆ ਰਹੇ, ਨਸ਼ਿਆਂ ਦੇ ਤਸਕਰਾਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਕੱਸੇ ਗਏ ਸ਼ਿਕੰਜੇ 'ਚ ਸੋਮਵਾਰ ਪੁਲਸ ਨੇ ਇਕ ਨਸ਼ਿਆਂ ਦੇ ਤਸਕਰ ਨੂੰ ਵੱਡੀ ਮਾਤਰਾ 'ਚ ਹੈਰੋਇਨ ਕਾਰ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਪੁਲਸ ਮੁੱਖ ਇੰਸ. ਸਰਬਜੀਤ ਸਿੰਘ ਨੇ ਦੱਸਿਆ ਕਿ ਚੌਕੀ ਇੰਚਾਰਜ ਮੋਠਾਂਵਾਲ, ਏ. ਐੱਸ. ਆਈ. ਗੁਰਦੀਪ ਸਿੰਘ ਪੁਲਸ ਪਾਰਟੀ ਨਾਲ ਦੌਰਾਨੇ ਗਸ਼ਤ ਮੋਠਾਂਵਾਲ ਤੋਂ ਲਾਟੀਆਂਵਾਲ ਹੁੰਦੇ ਹੋਏ ਪਿੰਡ ਅਹਿਮਦਪੁਰ ਛੰਨਾ ਨੂੰ ਜਾ ਰਹੇ ਸਨ ਤਾਂ ਪੁਲਸ ਪਾਰਟੀ ਨੇ ਪੀਰ ਬਾਬਾ ਦੀ ਜਗ੍ਹਾ ਦੇ ਨਜ਼ਦੀਕ ਮੋੜ 'ਤੇ ਨਾਕਾਬੰਦੀ ਕੀਤੀ ਹੋਈ ਸੀ ਪਰ ਪਿੰਡ ਅਹਿਮਦਪੁਰ ਛੰਨਾ ਵਲੋਂ ਇਕ ਕਰੇਟਾ ਸਵਾਰ ਨੌਜਵਾਨ ਨੇ ਪੁਲਸ ਪਾਰਟੀ ਨੂੰ ਵੇਖ ਕੇ ਗੱਡੀ 'ਚ ਪਏ ਮੋਮੀ ਲਿਫਾਫੇ ਨੂੰ ਪਹਿਲਾਂ ਬਾਰ ਸੁੱਟ ਦਿੱਤਾ ਤੇ ਫਿਰ ਕਾਰ ਨੂੰ ਪਿੱਛੇ ਮੋੜ ਕੇ ਦੌੜਾਉਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪੁਲਸ ਪਾਰਟੀ ਨੇ ਦੌੜ ਕੇ ਫੜ ਲਿਆ। ਨਾਮ ਪਤਾ ਪੁੱਛਣ 'ਤੇ ਉਸਨੇ ਆਪਣਾ ਨਾਮ ਜਸਵਿੰਦਰ ਸਿੰਘ ਉਰਫ ਜੱਸ ਪੁੱਤਰ ਬਲਵੰਤ ਸਿੰਘ ਵਾਸੀ ਲਾਟੀਆਂਵਾਲ ਦੱਸਿਆ, ਜਿਸ ਪਾਸੋਂ ਸੁੱਟੇ ਹੋਏ ਮੋਮੀ ਲਿਫਾਫੇ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਸਵਾ ਕਰੋੜ ਕੀਮਤ ਹੈ।
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਸਾਰੇ ਪਰਿਵਾਰ ਦਾ ਰਿਕਾਰਡ ਕ੍ਰਿਮੀਨਲ ਹੈ ਤੇ ਉਸਦੇ ਦੋ ਸਕੇ ਭਰਾ ਸੁਖਜੀਵਨ ਸਿੰਘ ਤੇ ਰਾਜਬੀਰ ਸਿੰਘ ਜੋ ਪਹਿਲਾਂ ਹੀ ਅਜਿਹੇ ਇਕ ਮਾਮਲੇ 'ਚ ਭਗੌੜੇ ਚੱਲੇ ਆ ਰਹੇ ਹਨ ਉਹ ਨਸ਼ਿਆਂ ਦੀ ਖੇਪ ਲੈ ਕੇ ਸਪਲਾਈ ਕਰਦੇ ਸਨ। ਉਕਤ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਪਾਸੋਂ ਦੌਰਾਨੇ ਪੁੱਛਗਿੱਛ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਏ. ਐੱਸ. ਆਈ. ਗੁਰਦੀਪ ਸਿੰਘ, ਏ. ਐੱਸ. ਆਈ. ਹਰਵਿੰਦਰ ਸਿੰਘ, ਏ. ਐੱਸ. ਆਈ. ਸੁਰਜੀਤ ਲਾਲ ਆਦਿ ਵੀ ਹਾਜ਼ਰ ਸਨ।


KamalJeet Singh

Content Editor

Related News