ਹੈਰੋਇਨ ਦੀ ਸਪਲਾਈ ਕਰਨ ਆਇਆ ਤਸਕਰ ਪੁਲਸ ਵਲੋਂ ਗ੍ਰਿਫ਼ਤਾਰ

Monday, May 15, 2023 - 11:13 AM (IST)

ਹੈਰੋਇਨ ਦੀ ਸਪਲਾਈ ਕਰਨ ਆਇਆ ਤਸਕਰ ਪੁਲਸ ਵਲੋਂ ਗ੍ਰਿਫ਼ਤਾਰ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਲਈ ਬੀਤੀ ਰਾਤ ਇਕ ਨਸ਼ਾ ਤਸਕਰ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਐੱਸ. ਆਈ. ਜਤਿੰਦਰ ਸਿੰਘ ਦੀ ਪੁਲਸ ਟੀਮ ਗਸ਼ਤ ਦੌਰਾਨ ਸਲੇਮ ਟਾਬਰੀ ਤੋਂ ਭਾਰਤੀ ਕਾਲੋਨੀ ਵੱਲ ਜਾ ਰਹੀ ਸੀ ਅਤੇ ਉਸੇ ਸਮੇਂ ਸਾਹਮਣਿਓਂ ਇਕ ਵਿਅਕਤੀ ਪੈਦਲ ਆ ਰਿਹਾ ਸੀ, ਜੋ ਪੁਲਸ ਟੀਮ ਨੂੰ ਦੇਖ ਕੇ ਇਕਦਮ ਰੁਕ ਗਿਆ ਅਤੇ ਪਿੱਛੇ ਮੁੜ ਕੇ ਭੱਜਣ ਲੱਗਾ।

ਪੁਲਸ ਨੂੰ ਸ਼ੱਕ ਹੋਇਆ ਅਤੇ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਉਸ ਨੂੰ ਕਾਬੂ ਕਰ ਲਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਸਾਢੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਪਛਾਣ ਸੋਹਣ ਲਾਲ ਪੁੱਤਰ ਬ੍ਰਿਜ ਲਾਲ ਵਾਸੀ ਲਾਜਪਤ ਨਗਰ ਪੰਚਸ਼ੀਲ ਕਾਲੋਨੀ, ਨੂਰਵਾਲਾ ਰੋਡ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮ ਖਿਲਾਫ ਥਾਣਾ ਸਲੇਮ ਟਾਬਰੀ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖ਼ੁਦ ਵੀ ਨਸ਼ਾ ਕਰਨ ਦਾ ਆਦੀ ਹੈ, ਜੋ ਹੈਰੋਇਨ ਦੀ ਸਪਲਾਈ ਕਰਨ ਆਪਣੇ ਗਾਹਕਾਂ ਕੋਲ ਜਾ ਰਿਹਾ ਸੀ। ਮੁਲਜ਼ਮ ਦਾ ਰਿਮਾਂਡ ਹਾਸਲ ਕਰ ਕੇ ਉਸ ਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।


author

Babita

Content Editor

Related News