ਮੁੱਖ ਮੰਤਰੀ ਤੇ ਸਿਹਤ ਮੰਤਰੀ ਨੇ ਅੰਮ੍ਰਿਤਸਰ ਦੇ ਐੱਸ. ਐੱਮ. ਓ. ਨੂੰ ''ਕੋਰੋਨਾ ਯੋਧਾ'' ਕਰਾਰ ਦਿੱਤਾ
Monday, Aug 31, 2020 - 05:15 PM (IST)
ਚੰਡੀਗੜ੍ਹ/ਜਲੰਧਰ (ਸ਼ਰਮਾ, ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਇੰਚਾਰਜ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੁਣ ਸ਼ਰਮਾ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਲ ਹੋਏ। ਡਾ. ਸ਼ਰਮਾ ਕੋਵਿਡ-19 ਤੋਂ ਪੀੜਤ ਸਨ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਜ਼ਿਲ੍ਹਾ ਹਸਪਤਾਲ 'ਚ ਦਿਲ ਦੀ ਧੜਕਣ ਰੁਕਣ ਤੋਂ ਬਾਅਦ ਆਖ਼ਰੀ ਸਾਹ ਲਿਆ। ਡਾ. ਅਰੁਣ ਸ਼ਰਮਾ ਦੇ ਅਚਾਨਕ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸੱਚੇ 'ਕੋਰੋਨਾ ਯੋਧਾ' ਦੇ ਰੂਪ 'ਚ ਯਾਦ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਡਾ. ਸ਼ਰਮਾ ਨੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਸੇਵਾ ਕਰਦਿਆਂ ਆਪਣਾ ਜੀਵਨ ਦਾਅ 'ਤੇ ਲਾ ਦਿੱਤਾ। ਉਹ ਸਿਹਤ ਮਹਿਕਮੇ ਦੇ ਹੋਣਹਾਰ ਅਤੇ ਮਿਹਨਤੀ ਅਧਿਕਾਰੀਆਂ 'ਚੋਂ ਸਨ, ਜਿਨ੍ਹਾਂ ਦੀ ਉਮਰ ਸਿਰਫ਼ 53 ਸਾਲ ਸੀ। ਉਹ ਮਾਰਚ ਤੋਂ ਹੀ ਕੋਵਿਡ-19 ਵਿਰੁੱਧ ਮੋਹਰਲੀ ਕਤਾਰ 'ਚ ਲੜ ਰਹੇ ਸਨ ਅਤੇ ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਵਿਚ ਦਿਨ-ਰਾਤ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਸਨ। ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਵਣ ਨਿਗਮ 'ਚ ਪ੍ਰਮੋਸ਼ਨ ਗੜਬੜੀ, ਉਛਲਿਆ ਸਾਧੂ ਸਿੰਘ ਧਰਮਸੋਤ ਦਾ ਨਾਂ
ਸਿਹਤ ਮੰਤਰੀ ਸਿੱਧੂ ਨੇ ਡਾ. ਅਰੁਣ ਸ਼ਰਮਾ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਡਾ. ਸ਼ਰਮਾ ਦਿਲ ਦੇ ਮਰੀਜ਼ ਸਨ, ਬਾਅਦ 'ਚ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕੀਤਾ ਗਿਆ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਦਿਨ-ਰਾਤ ਪੀ. ਜੀ. ਆਈ. ਦੇ ਡਾਕਟਰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਸਨ। ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਜਾਂ ਵੇਦਾਂਤਾ ਹਸਪਤਾਲ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਿਹਤ ਵਿਭਾਗ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਉਨ੍ਹਾਂ ਦੀਆਂ ਸੁਹਿਰਦ ਸੇਵਾਵਾਂ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਦੁਖੀ ਪਰਿਵਾਰ ਨਾਲ ਖੜ੍ਹਾ ਰਹੇਗਾ।
ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਕਬੱਡੀ ਖਿਡਾਰੀ ਦਾ ਕਤਲ, 5 ਪੁਲਸ ਮੁਲਾਜ਼ਮਾਂ ਸਮੇਤ 6 ਨਾਮਜ਼ਦ