ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੋਵੇਗਾ ਗੜ੍ਹਾ ਰੋਡ ਤੇ ਗੁਰੂ ਨਾਨਕਪੁਰਾ ਦੇ ਆਰ. ਓ. ਬੀਜ਼ ਦਾ ਨਿਰਮਾਣ

Friday, Oct 09, 2020 - 03:08 PM (IST)

ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹੋਵੇਗਾ ਗੜ੍ਹਾ ਰੋਡ ਤੇ ਗੁਰੂ ਨਾਨਕਪੁਰਾ ਦੇ ਆਰ. ਓ. ਬੀਜ਼ ਦਾ ਨਿਰਮਾਣ

ਜਲੰਧਰ (ਚੋਪੜਾ)— ਸਮਾਰਟ ਸਿਟੀ ਪ੍ਰਾਜੈਕਟ ਅਧੀਨ ਗੜ੍ਹਾ ਰੋਡ ਅਤੇ ਗੁਰੂ ਨਾਨਕਪੁਰਾ ਰੇਲਵੇ ਓਵਰਬ੍ਰਿਜ (ਆਰ. ਓ. ਬੀ.) ਦੇ ਨਿਰਮਾਣ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਹ ਫ਼ੈਸਲਾ ਸ਼ਹਿਰ ਦੀਆਂ ਟਰੈਫਿਕ ਸਮੱਸਿਆਵਾਂ ਦੇ ਹੱਲ ਲਈ ਸਮਾਰਟ ਸਿਟੀ ਪ੍ਰਾਜੈਕਟ ਦੇ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਫੋਰਮ (ਸੀ. ਐੱਲ. ਏ. ਐੱਫ.) ਨੇ ਬੀਤੇ ਦਿਨ ਸਥਾਨਕ ਪ੍ਰਸ਼ਾਸਕੀ ਕੰਪਲੈਕਸ ਵਿਚ ਕੀਤੀ ਮੀਟਿੰਗ ਵਿਚ ਲਿਆ। ਉਕਤ ਦੋਨੋਂ ਰੇਲਵੇ ਓਵਰਬ੍ਰਿਜ ਸਮਾਰਟ ਸਿਟੀ ਪ੍ਰਾਜੈਕਟ ਅਧੀਨ 119.15 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣਗੇ ਅਤੇ ਇਨ੍ਹਾਂ ਪ੍ਰਾਜੈਕਟਾਂ ਲਈ ਡਿਟੇਲ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) ਆਖਰੀ ਮਨਜ਼ੂਰੀ ਲਈ ਚੰਡੀਗੜ੍ਹ ਭੇਜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉਕਤ ਦੋਨੋਂ ਆਰ. ਓ. ਬੀਜ਼ ਦੇ ਨਿਰਮਾਣ ਲਈ ਰੇਲਵੇ ਤੋਂ ਮਨਜ਼ੂਰੀ ਪਹਿਲਾਂ ਹੀ ਮਿਲ ਚੁੱਕੀ ਹੈ।
ਮੀਟਿੰਗ 'ਚ ਸ਼ਾਮਲ ਵਿਧਾਇਕਾਂ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ ਅਤੇ ਬਾਵਾ ਹੈਨਰੀ ਨੇ ਸਮਾਰਟ ਸਿਟੀ ਅਧੀਨ ਚੱਲ ਰਹੇ ਪ੍ਰਾਜੈਕਟਾਂ ਦੇ ਕੰਮਾਂ 'ਚ ਹੋ ਰਹੀ ਦੇਰੀ 'ਤੇ ਸਖ਼ਤ ਨਾਰਾਜ਼ਗੀ ਜਤਾਈ।

ਉਨ੍ਹਾਂ ਕਿਹਾ ਕਿ ਕਈ ਪ੍ਰਾਜੈਕਟ ਬਿਨਾਂ ਵਜ੍ਹਾ ਲੇਟ ਕੀਤੇ ਜਾ ਰਹੇ ਹਨ। ਵਿਧਾਇਕਾਂ ਨੇ ਫੋਰਮ ਦੇ ਚੇਅਰਮੈਨ ਸੰਸਦ ਮੈਂਬਰ ਸੰਤੋਖ ਚੌਧਰੀ ਨੂੰ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਮਾਰਟ ਸਿਟੀ ਤਹਿਤ 20 ਕਰੋੜ ਰੁਪਿਆਂ ਦੀ ਲਾਗਤ ਨਾਲ 11 ਚੌਕਾਂ ਦੇ ਸੁੰਦਰੀਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਸੀ ਪਰ ਅੱਜ ਤੱਕ ਸਮਾਰਟ ਚੌਕਾਂ ਦਾ ਕੰਮ ਅੱਧ-ਵਿਚਾਲੇ ਲਟਕਿਆ ਹੋਇਆ ਹੈ । ਇਸ ਤੋਂ ਇਲਾਵਾ ਸਾਬਕਾ ਬਾਦਲ ਸਰਕਾਰ ਦੌਰਾਨ ਐੱਲ. ਈ. ਡੀ. ਲਾਈਟਾਂ ਦਾ ਕੰਮ, ਜੋ ਕਿ 240 ਕਰੋੜ ਰੁਪਏ 'ਚ ਕਰਵਾਇਆ ਜਾ ਿਰਹਾ ਸੀ, ਹੁਣ ਇਸ ਪ੍ਰਾਜੈਕਟ ਨੂੰ ਰੀਨਿਊ ਕਰਕੇ ਸਿਰਫ਼ 48 ਕਰੋੜ ਰੁਪਏ 'ਚ ਕਰਵਾਇਆ ਜਾ ਰਿਹਾ ਹੈ, ਨੂੰ ਵੀ ਅਜੇ ਸ਼ੁਰੂ ਨਹੀਂ ਕੀਤਾ ਜਾ ਸਕਿਆ। ਇਸ ਨੂੰ ਸ਼ੁਰੂ ਅਤੇ ਮੁਕੰਮਲ ਕਰਨ ਦੀ ਸਮਾਂਹੱਦ ਤੈਅ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ

ਵਿਧਾਇਕਾਂ ਨੇ ਕਿਹਾ ਕਿ ਵਰਿਆਣਾ ਡੰਪ ਦੇ 2 ਵਾਰ ਟੈਂਡਰ ਲਾਏ ਗਏ ਸਨ ਪਰ ਕੋਈ ਕੰਪਨੀ ਅੱਗੇ ਨਹੀਂ ਆਈ। ਇਸ ਪ੍ਰਾਜੈਕਟ ਲਈ ਦੋਬਾਰਾ ਟੈਂਡਰ ਦੀ ਪ੍ਰਕਿਰਿਆ ਸ਼ੁਰੂ ਹੋਵੇ। ਮੀਟਿੰਗ ਦੌਰਾਨ 6.05 ਕਰੋੜ ਰੁਪਏ ਦੀ ਲਾਗਤ ਨਾਲ ਕੰਸਟਰੱਕਸ਼ਨ ਐਂਡ ਡੈਮੋਲੀਸ਼ਨ ਵੇਸਟ ਮੈਨੇਜਮੈਂਟ ਯੂਨਿਟ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਨਾਲ ਸ਼ਹਿਰ ਦੇ ਨਿਰਮਾਣ ਅਤੇ ਭੰਨਤੋੜ ਕਾਰਨ ਨਿਕਲੇ ਮਲਬੇ ਨੂੰ ਵਿਗਿਆਨਕ ਢੰਗ ਨਾਲ ਨਿਪਟਾਇਆ ਜਾ ਸਕੇਗਾ ਅਤੇ ਇਸ ਤੋਂ ਬਣੀ ਸਮੱਗਰੀ ਨੂੰ ਟਾਈਲਾਂ ਬਣਾਉਣ ਲਈ ਵਰਤੋਂ 'ਚ ਲਿਆਂਦਾ ਜਾਵੇਗਾ।

PunjabKesari

ਇਸ ਦੌਰਾਨ ਸਮਾਰਟ ਸਿਟੀ ਦੇ ਸੀ. ਈ. ਓ. ਅਤੇ ਨਗਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਵਿਧਾਇਕਾਂ ਦੀ ਨਾਰਾਜ਼ਗੀ 'ਤੇ ਕਿਹਾ ਕਿ ਉਨ੍ਹਾਂ ਨੂੰ ਕਾਰਜਭਾਰ ਸੰਭਾਲਿਆਂ ਕੁਝ ਹੀ ਮਹੀਨੇ ਹੋਏ ਹਨ ਅਤੇ ਜਦੋਂ ਤੋਂ ਉਹ ਆਏ ਹਨ, ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਸਬੰਧੀ ਪੂਰੀ ਤੇਜ਼ੀ ਲਿਆਂਦੀ ਗਈ ਹੈ। ਮੀਟਿੰਗ 'ਚ ਮੇਅਰ ਜਗਦੀਸ਼ ਰਾਜ ਰਾਜਾ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਡੀ. ਸੀ. ਪੀ. ਗੁਰਮੀਤ ਸਿੰਘ ਆਦਿ ਵੀ ਮੌਜੂਦ ਸਨ।

ਸਮਾਰਟ ਸਿਟੀ ਪ੍ਰਾਜੈਕਟ ਤਹਿਤ 1242.84 ਕਰੋੜ ਰੁਪਿਆਂ ਨਾਲ ਚੱਲ ਰਹੇ ਵੱਖ-ਵੱਖ ਕੰਮ
ਸੰਸਦ ਮੈਂਬਰ ਸੰਤੋਖ ਚੌਧਰੀ ਨੇ ਦੱਸਿਆ ਕਿ 1242.84 ਕਰੋੜ ਰੁਪਿਆਂ ਨਾਲ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਵੱਖ-ਵੱਖ ਕੰਮ ਕੀਤੇ ਜਾਣੇ ਹਨ, ਜਿਸ ਅਧੀਨ 348.88 ਕਰੋੜ ਰੁਪਏ ਦੇ ਕੰਮ ਪਹਿਲਾਂ ਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ 485.79 ਕਰੋੜ ਦੇ ਪ੍ਰਾਜੈਕਟਾਂ ਲਈ ਟੈਂਡਰ ਪਹਿਲਾਂ ਹੀ ਕਰ ਦਿੱਤੇ ਗਏ ਸਨ, ਜਦੋਂ ਕਿ 133.65 ਕਰੋੜ ਰੁਪਏ ਦੇ ਵੱਖ-ਵੱਖ ਕੰਮਾਂ ਲਈ ਟੈਂਡਰ ਲਾਏ ਜਾਣੇ ਹਨ ਕਿਉਂਕਿ ਇਨ੍ਹਾਂ ਪ੍ਰਾਜੈਕਟਾਂ ਲਈ ਡੀ. ਪੀ. ਆਰ. ਦੀ ਮਨਜ਼ੂਰੀ ਆਉਣੀ ਬਾਕੀ ਹੈ। 348.88 ਪ੍ਰਾਜੈਕਟਾਂ ਵਿਚ 17.83 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਾਉਣ, 20.32 ਕਰੋੜ ਦੀ ਲਾਗਤ ਨਾਲ ਟਰੈਫਿਕ ਜੰਕਸ਼ਨ ਵਿਵਸਥਾ ਦਰੁੱਸਤ ਕਰਨ, 12.74 ਕਰੋੜ ਰੁਪਏ ਨਾਲ ਗਰੀਨ ਡਿਵੈੱਲਪਮੈਂਟ ਫੇਸ-1, 6.26 ਕਰੋੜ ਰੁਪਏ ਦੀ ਲਾਗਤ ਨਾਲ ਸਿਟੀ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ, 1.40 ਕਰੋੜ ਰੁਪਏ ਦੀ ਲਾਗਤ ਨਾਲ ਪਲਾਸਟਿਕ ਬੋਤਲ ਕਰੱਸ਼ਿੰਗ ਰਿਵਰਸ ਵੈਂਡਿੰਗ ਮਸ਼ੀਨਾਂ ਲਾਉਣਾ, 20.22 ਕਰੋੜ ਦੀ ਲਾਗਤ ਨਾਲ ਸ਼ਹਿਰੀ ਆਫਤ ਪ੍ਰਬੰਧਨ ਗਤੀਵਿਧੀਆਂ ਲਈ ਯੋਜਨਾ, 90 ਲੱਖ ਰੁਪਏ ਦੀ ਲਾਗਤ ਨਾਲ ਸੈਨੇਟਰੀ ਵੈਂਡਿੰਗ ਮਸ਼ੀਨਾਂ ਅਤੇ ਇਲੈਕਟ੍ਰਿਕ ਇਨਸਿਨੇਰੇਟਰ ਦੀ ਸਥਾਪਨਾ, 43.84 ਕਰੋੜ ਨਾਲ ਐੱਲ. ਈ. ਡੀ. ਲਾਉਣਾ, 20.99 ਕਰੋੜ ਨਾਲ ਏ. ਬੀ. ਡੀ. ਇਲਾਕੇ ਵਿਚ ਬਾਰਿਸ਼ ਦੇ ਪਾਣੀ ਦੀ ਨਿਕਾਸੀ ਪ੍ਰਣਾਲੀ ਨੂੰ ਅਪਗ੍ਰੇਡ ਕਰਨਾ ਅਤੇ ਬਲਕ ਸਰਫੇਸ ਵਾਟਰ ਸਪਲਾਈ ਸਕੀਮ ਜਲੰਧਰ ਲਈ 200 ਕਰੋੜ ਰੁਪਏ ਦੇ ਪ੍ਰਾਜੈਕਟ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ: ਸਾਬਕਾ ਇੰਸਪੈਕਟਰ ਦੇ ਪੁੱਤਰ ਦੀ ਗੁੰਡਾਗਰਦੀ, ਪੁਰਾਣੀ ਰੰਜਿਸ਼ ਤਹਿਤ ਕੀਤਾ ਇਹ ਕਾਰਾ

ਵਿਧਾਇਕ ਰਿੰਕੂ ਨੇ 3 ਸੜਕਾਂ ਦੇ ਸੈਂਟਰਲ ਪੁਆਇੰਟਸ ਦੇ ਸੁੰਦਰੀਕਰਨ ਤੇ ਫੁੱਟਬਾਲ ਚੌਕ ਤੋਂ ਗਾਖਲਾਂ ਸੜਕ ਨੂੰ ਸਮਾਰਟ ਬਣਾਉਣ ਲਈ ਕਿਹਾ
ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਵੈਸਟ ਵਿਧਾਨ ਸਭਾ ਹਲਕੇ ਅਧੀਨ ਗੁਰੂ ਰਵਿਦਾਸ ਚੌਕ, ਵੀਰ ਬਬਰੀਕ ਚੌਕ ਅਤੇ ਬਾਬੂ ਜਗਜੀਵਨ ਰਾਮ ਚੌਕ ਦੇ ਸੈਂਟਰਲ ਪੁਆਇੰਟਸ ਦੇ ਸੁੰਦਰੀਕਰਨ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿਚ ਸ਼ਾਮਲ ਕੀਤਾ ਜਾਵੇ। ਫੁੱਟਬਾਲ ਚੌਕ, ਬਸਤੀ ਗੁਜ਼ਾਂ ਅਤੇ ਬਸਤੀ ਦਾਨਿਸ਼ਮੰਦਾਂ ਤੋਂ ਲੈ ਕੇ ਗਾਖਲਾਂ ਪੁਲੀ ਤੱਕ ਸੜਕ ਨੂੰ ਸਮਾਰਟ ਬਣਾਇਆ ਜਾਵੇ। ਫੁੱਟਬਾਲ ਚੌਕ ਤੋਂ ਬਸਤੀ ਨੌ ਸਪੋਰਟਸ ਮਾਰਕੀਟ ਤੱਕ ਸਪੈਸ਼ਲ ਸੜਕ ਬਣਾਈ ਜਾਵੇ, ਜਿਸ 'ਤੇ ਖੂਬਸੂਰਤ ਖੰਭੇ ਲਾ ਕੇ ਫੁੱਟਬਾਲ, ਬਾਸਕਟਬਾਲ, ਬਾਕਸਿੰਗ ਕਿੱਟਸ, ਗਲੱਵਜ਼ ਵਰਗੇ ਖੇਡਾਂ ਦੇ ਸਾਮਾਨ ਦੇ ਵਿਸ਼ੇਸ਼ ਅਤੇ ਡਿਜ਼ਾਈਨਰ ਲੋਗੋ ਲਾਏ ਜਾਣ ਤਾਂ ਕਿ ਦੇਸ਼-ਵਿਦੇਸ਼ ਤੋਂ ਜਲੰਧਰ ਆਉਣ ਵਾਲੇ ਲੋਕਾਂ ਨੂੰ ਸਪੋਰਟਸ ਮਾਰਕੀਟ ਦੀ ਮਹੱਤਤਾ ਬਾਰੇ ਪਤਾ ਲੱਗ ਸਕੇ।

ਬੇਰੀ ਨੇ ਚੁੱਕਿਆ ਸ਼ਹਿਰ 'ਚ 1300 ਕੈਮਰੇ ਲਾਉਣ ਤੇ ਰੈਣਕ ਬਾਜ਼ਾਰ ਦੀਆਂ ਬਿਜਲੀ ਦੀਆਂ ਤਾਰਾਂ ਦੇ ਪ੍ਰਾਜੈਕਟ ਦਾ ਮੁੱਦਾ
ਵਿਧਾਇਕ ਰਾਜਿੰਦਰ ਬੇਰੀ ਨੇ ਦੱਸਿਆ ਕਿ ਸ਼ਹਿਰ 'ਚ ਨਿਗਰਾਨੀ ਅਤੇ ਸੁਰੱਖਿਆ ਲਈ 1300 ਕੈਮਰੇ ਲਾਉਣ ਦਾ ਪ੍ਰਾਜੈਕਟ ਤਿਆਰ ਕੀਤਾ ਜਾ ਚੁੱਕਾ ਹੈ। ਕੈਮਰਿਆਂ ਦੇ ਸੈਂਟਰ ਪੁਆਇੰਟਸ ਨੂੰ ਲੈ ਕੇ ਪੀ. ਏ. ਪੀ. 'ਚ ਬਿਲਡਿੰਗ ਵੀ ਤਿਆਰ ਹੈ ਪਰ ਚੰਡੀਗੜ੍ਹ ਤੋਂ ਕੈਮਰੇ ਲਾਉਣ ਦੀ ਮਨਜ਼ੂਰੀ ਨਾ ਮਿਲਣ ਕਾਰਨ ਪ੍ਰਾਜੈਕਟ ਅੱਧਵਾਟੇ ਲਟਕਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੋਤੀ ਚੌਕ ਤੋਂ ਲੈ ਕੇ ਰੈਣਕ ਬਾਜ਼ਾਰ ਤੱਕ ਬਿਜਲੀ ਦੀਆਂ ਤਾਰਾਂ ਦੇ ਜਾਲ ਨੂੰ ਖਤਮ ਕਰਨ ਲਈ 2.50 ਕਰੋੜ ਰੁਪਏ ਦੇ ਪ੍ਰਾਜੈਕਟ ਦੇ 2 ਵਾਰ ਟੈਂਡਰ ਲੱਗ ਚੁੱਕੇ ਹਨ ਪਰ ਕੋਈ ਕੰਪਨੀ ਟੈਂਡਰ ਲੈਣ ਵਿਚ ਦਿਲਚਸਪੀ ਨਹੀਂ ਦਿਖਾ ਰਹੀ। ਆਨਲਾਈਨ ਟੈਂਡਰ ਦੀ ਸ਼ਰਤ ਮੁਤਾਬਕ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਛਾਈਆਂ ਜਾਣੀਆਂ ਹਨ, ਜਦੋਂਕਿ ਟੈਂਡਰ ਦੀ ਕਾਪੀ ਕਢਵਾਉਣ 'ਤੇ ਪਤਾ ਲੱਗਾ ਕਿ ਓਵਰਹੈੱਡ ਤਾਰਾਂ ਪਾਉਣ ਬਾਰੇ ਲਿਖਿਆ ਗਿਆ ਹੈ, ਟੈਂਡਰ ਦੀਆਂ ਖਾਮੀਆਂ ਨੂੰ ਜਲਦ ਦੂਰ ਕੀਤਾ ਜਾਵੇ।

ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ
ਬਾਵਾ ਹੈਨਰੀ ਨੇ ਚੁੱਕਿਆ ਬਰਲਟਨ ਪਾਰਕ 'ਚ ਸਪੋਰਟਸ ਪ੍ਰਾਜੈਕਟ, ਬੇਅੰਤ ਸਿੰਘ ਪਾਰਕ 'ਚ ਸੁਰੱਖਿਆ ਉਪਾਅ ਪ੍ਰਾਜੈਕਟਾਂ ਦਾ ਮੁੱਦਾ
ਵਿਧਾਇਕ ਬਾਵਾ ਹੈਨਰੀ ਨੇ ਅਧਿਕਾਰੀਆਂ ਨੂੰ ਸ਼ਹਿਰ ਦੇ ਸਾਰੇ ਪੁਰਾਣੇ ਬਾਜ਼ਾਰਾਂ ਨੂੰ ਵੀ ਸੁਰੱਖਿਆ ਉਪਾਅ ਪ੍ਰਾਜੈਕਟਾਂ 'ਚ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਬਰਲਟਨ ਪਾਰਕ ਸਪੋਰਟਸ ਪ੍ਰਾਜੈਕਟ ਦੇ ਵੀ ਰੀਵਿਊ ਦੀ ਮੰਗ ਕਰਦਿਆਂ ਕਿਹਾ ਕਿ 250 ਕਰੋੜ ਦੇ ਬਰਲਟਨ ਪਾਰਕ ਪ੍ਰਾਜੈਕਟ ਸਬੰਧੀ ਕੋਈ ਕੰਪਨੀ ਅੱਗੇ ਨਹੀਂ ਆਈ। ਪ੍ਰਾਜੈਕਟ ਸ਼ੁਰੂ ਹੋਣ ਤੱਕ ਇਸ ਕ੍ਰਿਕਟ ਸਟੇਡੀਅਮ ਦੀ ਸਾਂਭ-ਸੰਭਾਲ ਪੰਜਾਬ ਕ੍ਰਿਕਟ ਅਕੈਡਮੀ ਤੋਂ ਕਰਵਾਈ ਜਾਵੇ, ਜਿਸ ਨਾਲ ਖੇਡ ਸਰਗਰਮੀਆਂ ਜਾਰੀ ਰਹਿ ਸਕਣ। ਵਿਧਾਇਕ ਹੈਨਰੀ ਨੇ ਸਾਬਕਾ ਮੁੱਖ ਮੰਤਰੀ ਦੇ ਨਾਂ 'ਤੇ ਰੱਖੇ ਬੇਅੰਤ ਸਿੰਘ ਪਾਰਕ ਦੇ ਸੁੰਦਰੀਕਰਨ ਦੇ ਕੱਛੂ ਦੀ ਚਾਲੇ ਚੱਲ ਰਹੇ ਕੰਮ 'ਤੇ ਵੀ ਨਾਰਾਜ਼ਗੀ ਜਤਾਈ।


author

shivani attri

Content Editor

Related News