ਸਮਾਰਟ ਸਿਟੀ ਦੀਆਂ ਸੜਕਾਂ ''ਤੇ 12 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਨਜ਼ਰ ਨਹੀਂ ਆਉਣਗੇ ਮ੍ਰਿਤਕ ਜਾਨਵਰ ਤੇ ਮਲਬਾ
Thursday, Feb 01, 2018 - 04:48 AM (IST)

ਲੁਧਿਆਣਾ(ਹਿਤੇਸ਼)-ਆਉਣ ਵਾਲੇ ਸਮੇਂ 'ਚ ਮਹਾਨਗਰ ਦੀਆਂ ਸੜਕਾਂ 'ਤੇ 12 ਘੰਟਿਆਂ ਤੋਂ ਜ਼ਿਆਦਾ ਮ੍ਰਿਤਕ ਜਾਨਵਰ ਅਤੇ ਮਲਬਾ ਨਜ਼ਰ ਨਹੀਂ ਆਵੇਗਾ, ਜਿਸ ਦੇ ਲਈ ਸਮਾਰਟ ਸਿਟੀ ਤਹਿਤ ਕਾਰਕਸ ਅਤੇ ਕੰਸਟ੍ਰਰੱਕਸ਼ਨ ਐਂਡ ਡੈਮੋਲੇਸ਼ਨ ਵੇਸਟ ਮੈਨੇਜਮੈਂਟ ਪਲਾਂਟ ਲਾਉਣ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ ਦੇ ਲਈ ਨੂਰਪੁਰ ਬੇਟ ਸਥਿਤ ਨਗਰ ਨਿਗਮ ਦੀ ਜਗ੍ਹਾ ਦੀ ਚੋਣ ਹੋਈ ਹੈ ਅਤੇ ਉੱਥੇ ਇਕ ਸਾਲ ਦੇ ਅੰਦਰ ਪ੍ਰਾਜੈਕਟ ਮੁਕੰਮਲ ਕਰਨ ਦੀ ਡੈੱਡਲਾਈਨ ਰੱਖੀ ਗਈ ਹੈ। ਮਹਾਨਗਰ 'ਚ ਇਸ ਸਮੇਂ ਸੜਕਾਂ ਕੰਢੇ ਹਰ ਜਗ੍ਹਾ ਮਲਬਾ ਅਤੇ ਮ੍ਰਿਤਕ ਜਾਨਵਰ ਪਏ ਨਜ਼ਰ ਆ ਜਾਣਗੇ, ਜਿੱਥੋਂ ਤੱਕ ਮਲਬੇ ਦਾ ਸਵਾਲ ਹੈ, ਉਸ ਤੋਂ ਗ੍ਰੀਨ ਬੈਲਟਾਂ ਦਾ ਵਜੂਦ ਖਤਮ ਹੋਣ ਲੱਗਾ ਹੈ ਪਰ ਮਲਬਾ ਸੁੱਟਣ ਵਾਲਿਆਂ 'ਤੇ ਜੁਰਮਾਨਾ ਲਾਉਣ ਦੇ ਨਿਯਮ ਦਾ ਪਾਲਣ ਨਹੀਂ ਹੋ ਰਿਹਾ। ਇਸੇ ਤਰ੍ਹਾਂ ਮ੍ਰਿਤਕ ਜਾਨਵਰਾਂ ਨੂੰ ਲੋਕ ਖੁੱਲ੍ਹੀ ਜਗ੍ਹਾ 'ਤੇ ਜਾਂ ਹੱਡਾਰੋੜੀ ਵਿਚ ਸੁੱਟ ਕੇ ਚਲੇ ਜਾਂਦੇ ਹਨ, ਜਿਸ ਨਾਲ ਪੈਦਾ ਹੋਣ ਵਾਲੀ ਬਦਬੂ ਕਾਰਨ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਜਿਊਣਾ ਦੁੱਭਰ ਤਾਂ ਹੁੰਦਾ ਹੀ ਹੈ, ਉਸ ਜਗ੍ਹਾ ਮੌਜੂਦ ਕੁੱਤੇ ਮਾਸ ਖਾਣ ਤੋਂ ਬਾਅਦ ਖੁੰਖਾਰ ਹੋ ਕੇ ਰਾਹਗੀਰਾਂ 'ਤੇ ਹਮਲੇ ਕਰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਵਲੋਂ ਬਣਾਈਆਂ ਗਈਆਂ ਯੋਜਨਾਵਾਂ ਸਿਰੇ ਚੜ੍ਹਾਉਣ ਲਈ ਹੁਣ ਸਮਾਰਟ ਸਿਟੀ ਮਿਸ਼ਨ ਦਾ ਹਿੱਸਾ ਬਣਾਇਆ ਗਿਆ ਹੈ, ਜਿਨ੍ਹਾਂ ਦੀ ਡੀ. ਪੀ. ਆਰ. ਬਣਾ ਕੇ ਤਾਂ ਕਾਫੀ ਪਹਿਲਾਂ ਹੀ ਸਰਕਾਰ ਨੂੰ ਭੇਜ ਦਿੱਤੀ ਗਈ ਸੀ ਪਰ ਪੀ. ਐੱਮ. ਆਈ. ਡੀ. ਵਲੋਂ ਕੁੱਝ ਇਤਰਾਜ਼ ਲਾ ਕੇ ਫਾਈਲਾਂ ਵਾਪਸ ਮੋੜ ਦਿੱਤੀਆਂ ਗਈਆਂ, ਜਿਨ੍ਹਾਂ ਵਿਚ ਜ਼ਰੂਰੀ ਸੁਧਾਰ ਕਰਨ ਤੋਂ ਬਾਅਦ ਮੰਗਲਵਾਰ ਨੂੰ ਹੋਈ ਸਥਾਨਕ ਪੱਧਰ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ 'ਚ ਦੋਵਾਂ ਯੋਜਨਾਵਾਂ ਨੂੰ ਪਾਸ ਕਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ 'ਤੇ ਟੈਂਡਰ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਰਸਤਾ ਸਾਫ ਹੋ ਗਿਆ ਹੈ।
ਬੰਦ ਹੋਵੇਗੀ ਕੂੜੇ ਦੇ ਵਜ਼ਨ ਦੀ ਆੜ 'ਚ ਚੱਲ ਰਹੀ ਖੇਡ
ਨਗਰ ਨਿਗਮ ਨੇ ਜਦੋਂ ਸ਼ਹਿਰ 'ਚੋਂ ਨਿਕਲਣ ਵਾਲੇ ਕੂੜੇ ਦੀ ਲਿਫਟਿੰਗ ਦਾ ਜ਼ਿੰਮਾ ਡੋਰ-ਟੂ-ਡੋਰ ਕੰਪਨੀ ਨੂੰ ਸੌਂਪਿਆ ਸੀ ਤਾਂ ਡੀ. ਪੀ. ਆਰ. ਵਿਚ ਇਸ ਦਾ ਅੰਕੜਾ 800 ਟਨ ਦੱਸਿਆ ਗਿਆ ਸੀ ਪਰ ਹੁਣ ਡੰਪ 'ਤੇ 1100 ਟਨ ਕੂੜਾ ਜਮ੍ਹਾ ਰਹਿੰਦਾ ਹੈ, ਜਿਸ ਕਾਰਨ ਕੂੜੇ ਦੀ ਆੜ ਵਿਚ ਮਲਬਾ ਲਿਜਾ ਕੇ ਵਜ਼ਨ ਵਧਾਉਣ ਦੇ ਰੂਪ 'ਚ ਸਾਹਮਣੇ ਆ ਚੁੱਕੀ ਹੈ।
ਜਦੋਂ ਨਿਗਮ ਨੇ ਕੰਪਨੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਕਰਾਰ ਵਿਚ ਇਹ ਪਹਿਲੂ ਸ਼ਾਮਲ ਹੋਣ ਦੀ ਦਲੀਲ ਦਿੱਤੀ ਗਈ। ਹਾਲਾਂਕਿ ਵੇਸਟ ਮੈਨੇਜਮੈਂਟ ਪਲਾਂਟ ਲਾਉਣ ਦੀ ਯੋਜਨਾ ਫਾਈਨਲ ਕਰਦੇ ਸਮੇਂ ਨਿਗਮ ਨੇ ਏ-ਟੂ-ਜ਼ੈੱਡ ਕੰਪਨੀ ਤੋਂ ਅੱਗੇ ਚੱਲ ਕੇ ਮਲਬਾ ਨਾ ਚੁੱਕਣ ਦੀ ਐੱਨ. ਓ. ਸੀ. ਲੈ ਲਈ ਹੈ, ਜਿਸ ਦੇ ਕੂੜੇ ਦੇ ਵਜ਼ਨ ਦੀ ਆੜ 'ਚ ਚੱਲ ਰਹੀ ਖੇਡ ਬੰਦ ਹੋ ਜਾਵੇਗੀ।