ਸਮਾਰਟ ਸਿਟੀ ਦੇ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਸ਼ੁਰੂ
Thursday, Aug 18, 2022 - 11:25 AM (IST)
ਜਲੰਧਰ (ਖੁਰਾਣਾ)–ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਲੰਧਰ ਸਮਾਰਟ ਸਿਟੀ ਵਿਚ ਪਿਛਲੀ ਕਾਂਗਰਸ ਸਰਕਾਰ ਸਮੇਂ ਹੋਏ ਘਪਲਿਆਂ ਅਤੇ ਭ੍ਰਿਸ਼ਟਾਚਾਰ ਪ੍ਰਤੀ ਵੱਡਾ ਐਕਸ਼ਨ ਲੈਂਦਿਆਂ ਜਲੰਧਰ ਸਮਾਰਟ ਸਿਟੀ ਦੇ ਐੱਲ. ਈ. ਡੀ. ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਸਟੇਟ ਵਿਜੀਲੈਂਸ ਵੱਲੋਂ ਜਾਂਚ ਦਾ ਕੰਮ ਜਲੰਧਰ ਸਥਿਤ ਵਿਜੀਲੈਂਸ ਬਿਊਰੋ ਨੂੰ ਸੌਂਪਿਆ ਗਿਆ ਅਤੇ ਇਕ ਸੂਚਨਾ ਅਨੁਸਾਰ ਵਿਜੀਲੈਂਸ ਦੇ ਡੀ. ਸੀ. ਪੀ. ਮੇਜਰ ਸਿੰਘ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨਗੇ।
ਨਵੀਆਂ ਅਤੇ ਪੁਰਾਣੀਆਂ ਲਾਈਟਾਂ ਦੀ ਗਿਣਤੀ ’ਚ ਹੈ ਵੱਡੀ ਗੜਬੜੀ
ਐੱਲ. ਈ. ਡੀ. ਸਟਰੀਟ ਲਾਈਟ ਸਕੈਂਡਲ ਦੀ ਗੱਲ ਕਰੀਏ ਤਾਂ ਪੁਰਾਣੀਆਂ ਲਾਈਟਾਂ ਅਤੇ ਨਵੀਆਂ ਲਗਾਈਆਂ ਗਈਆਂ ਲਾਈਟਾਂ ਦੀ ਗਿਣਤੀ ਵਿਚ ਬਹੁਤ ਵੱਡੀ ਗੜਬੜੀ ਹੈ। ਕੰਪਨੀ ਨੇ 60 ਹਜ਼ਾਰ ਪਹਿਲਾਂ ਤੋਂ ਲੱਗੀਆਂ ਲਾਈਟਾਂ ਨੂੰ ਬਦਲਣ ਦਾ ਕਾਂਟਰੈਕਟ ਲਿਆ ਸੀ ਪਰ ਅਜੇ ਤੱਕ ਸਿਰਫ 44 ਹਜ਼ਾਰ ਪੁਰਾਣੀਆਂ ਲਾਈਟਾਂ ਨੂੰ ਹੀ ਉਤਾਰਿਆ ਗਿਆ ਹੈ ਅਤੇ ਇਸ ਸਬੰਧੀ ਸਟਾਕ ਰਜਿਸਟਰ ਵਿਚ ਵੀ ਕਾਫ਼ੀ ਗੜਬੜੀ ਪਾਈ ਜਾ ਚੁੱਕੀ ਹੈ। ਕੰਪਨੀ ਨੇ ਸ਼ਹਿਰ ਵਿਚ 72 ਹਜ਼ਾਰ ਤੋਂ ਜ਼ਿਆਦਾ ਨਵੀਆਂ ਲਾਈਟਾਂ ਲੱਗੀਆਂ ਹੋਈਆਂ ਵਿਖਾਈਆਂ ਹਨ ਪਰ ਇਕ ਵੀ ਲਾਈਟ ਜਾਂ ਖੰਭੇ ’ਤੇ ਨੰਬਰ ਨਹੀਂ ਲੱਗਾ, ਜਿਸ ਕਾਰਨ ਨਵੀਆਂ ਲੱਗੀਆਂ ਲਾਈਟਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ। ਕਾਂਟਰੈਕਟ ਤੋਂ ਕਿਤੇ ਜ਼ਿਆਦਾ ਲਾਈਟਾਂ ਲਗਵਾ ਕੇ ਅਫ਼ਸਰਾਂ ਨੇ ਦਿੱਲੀ ਦੀ ਕੰਪਨੀ ਨੂੰ ਖੂਬ ਫਾਇਦਾ ਪਹੁੰਚਾਇਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ 9 ਸਾਲਾ ਧੀ ਨੂੰ ਰੂਹ ਕੰਬਾਊ ਮੌਤ ਦੇਣ ਮਗਰੋਂ ਫਾਹੇ ਲਾਇਆ ਪੁੱਤ, ਫਿਰ ਮਾਂ ਨੇ ਕੀਤੀ ਖ਼ੁਦਕੁਸ਼ੀ
ਥਰਡ ਪਾਰਟੀ ਅਤੇ ਕੌਂਸਲਰਾਂ ਦੀ ਕਮੇਟੀ ਨੇ ਵੀ ਫੜੀ ਗੜਬੜੀ
ਇਸ ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਥਰਡ ਪਾਰਟੀ ਏਜੰਸੀ ਅਤੇ ਕੌਂਸਲਰ ਹਾਊਸ ਵੱਲੋਂ ਗਠਿਤ 7 ਕੌਂਸਲਰਾਂ ’ਤੇ ਆਧਾਰਿਤ ਕਮੇਟੀ ਇਸ ਪ੍ਰਾਜੈਕਟ ਦੀ ਜਾਂਚ ਕਰਕੇ ਕਈ ਗੜਬੜੀਆਂ ਸਾਹਮਣੇ ਲਿਆ ਚੁੱਕੀ ਹੈ। ਜੀ. ਐੱਸ. ਟੀ. ਅਤੇ ਹੋਰ ਮੱਦਾਂ ਵਿਚ ਕੰਪਨੀ ਨੂੰ ਲਗਭਗ 6 ਕਰੋੜ ਰੁਪਏ ਦਾ ਜ਼ਿਆਦਾ ਭੁਗਤਾਨ ਕੀਤਾ ਗਿਆ। ਇਨਫਰਾਸਟਰੱਕਚਰ ਦੀ ਲਾਗਤ ਦੁੱਗਣੀ ਕਰ ਦਿੱਤੀ ਗਈ ਅਤੇ ਬਿਨਾਂ ਸੀ. ਸੀ. ਐੱਮ. ਐੱਸ. ਲਗਾਏ ਅਤੇ ਨੰਬਰਿੰਗ ਕੀਤੇ ਹੀ ਮੇਨਟੀਨੈਂਸ ਦੇ ਨਾਂ ’ਤੇ ਕੰਪਨੀ ਨੂੰ 36 ਲੱਖ ਰੁਪਏ ਦਾ ਭੁਗਤਾਨ ਵੀ ਕਰ ਦਿੱਤਾ ਗਿਆ। ਕੰਪਨੀ ਨੂੰ ਆਪਣਾ ਕੰਟਰੋਲ ਰੂਮ ਤੱਕ ਬਣਾਉਣ ਨੂੰ ਨਹੀਂ ਕਿਹਾ ਗਿਆ।
ਸਾਬਕਾ ਸੀ. ਈ. ਓ. ਅਤੇ ਸਾਬਕਾ ਇਲੈਕਟ੍ਰੀਕਲ ਐਕਸਪਰਟ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ
ਪਤਾ ਲੱਗਾ ਹੈ ਕਿ ਐੱਲ. ਈ. ਡੀ. ਪ੍ਰਾਜੈਕਟ ਦੀ ਵਿਜੀਲੈਂਸ ਜਾਂਚ ਵਿਚ ਸਮਾਰਟ ਸਿਟੀ ਦੇ ਸਾਬਕਾ ਸੀ. ਈ. ਓ. ਕਰਣੇਸ਼ ਸ਼ਰਮਾ ਅਤੇ ਸਾਬਕਾ ਇਲੈਕਟ੍ਰੀਕਲ ਐਕਸਪਰਟ ਲਖਵਿੰਦਰ ਸਿੰਘ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਦੀ ਦੇਖ-ਰੇਖ ਵਿਚ ਪੂਰਾ ਪ੍ਰਾਜੈਕਟ ਸਿਰੇ ਚੜ੍ਹਿਆ। ਵਰਣਨਯੋਗ ਹੈ ਕਿ ਕਰਣੇਸ਼ ਸ਼ਰਮਾ ਦੇ ਬਾਅਦ ਸੀ. ਈ. ਓ. ਬਣੀ ਦੀਪਸ਼ਿਖਾ ਸ਼ਰਮਾ ਅਤੇ ਆਈ. ਏ. ਐੱਸ. ਦਵਿੰਦਰ ਸਿੰਘ ਨੇ ਸਮਾਰਟ ਸਿਟੀ ਨਾਲ ਸਬੰਧਤ ਇਕ ਵੀ ਫਾਈਲ ’ਤੇ ਦਸਤਖਤ ਨਹੀਂ ਕੀਤੇ ਅਤੇ ਮੌਜੂਦਾ ਸੀ. ਈ. ਓ. ਦਵਿੰਦਰ ਸਿੰਘ ਨੇ ਤਾਂ ਸਮਾਰਟ ਸਿਟੀ ਦੇ ਇਲੈਕਟ੍ਰੀਕਲ ਐਕਸਪਰਟ ਲਖਵਿੰਦਰ ਸਿੰਘ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ। ਵਿਜੀਲੈਂਸ ਜਾਂਚ ਦੌਰਾਨ ਸਮਾਰਟ ਸਿਟੀ ਦੀ ਟੀਮ ਲੀਡਰ ਕੁਲਵਿੰਦਰ ਸਿੰਘ ਅਤੇ ਨਿਗਮ ਦੇ ਨੋਡਲ ਅਫਸਰ ਜੌਹਲ ਅਤੇ ਹੋਰ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਸੰਭਵ ਹੈ।
ਇਹ ਵੀ ਪੜ੍ਹੋ: ਆਦਮਪੁਰ 'ਚ ਵੱਡੀ ਵਾਰਦਾਤ, 8 ਮਹੀਨੇ ਦੀ ਬੱਚੀ ਦਾ ਗਲਾ ਘੁੱਟ ਕੇ ਕੀਤਾ ਕਤਲ, ਝਾੜੀਆਂ 'ਚ ਸੁੱਟੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ