ਰਾਮਲੀਲਾ ਦੇ ਮੰਚਨ ਦੌਰਾਨ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

10/06/2019 7:00:12 PM

ਰੂਪਨਗਰ, (ਵਿਜੇ)-ਰਾਮਲੀਲਾ ਆਯੋਜਨ ਦੇ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾਣ ਦਾ ਹਿੰਦੂ ਜਾਗ੍ਰਿਤੀ ਮੰਚ ਵਲੋਂ ਸਖ਼ਤ ਰੋਸ ਜਤਾਇਆ ਗਿਆ। ਇਸ ਸਬੰਧ ਵਿਚ ਹਿੰਦੂ ਜਾਗ੍ਰਿਤੀ ਮੰਚ ਨੇ ਇਕ ਬੈਠਕ ਆਯੋਜਿਤ ਕਰਕੇ ਉਕਤ ਘਟਨਾਕ੍ਰਮ ਨੂੰ ਲੈ ਕੇ ਰੋਸ ਜਤਾਇਆ। 
ਬੈਠਕ ਦੀ ਅਗਵਾਈ ਪ੍ਰਦੇਸ਼ ਪ੍ਰਧਾਨ ਨਿਕਸਨ ਕੁਮਾਰ ਨੇ ਕੀਤੀ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ ਵਿਚ ਰਾਤ ਲਗਭਗ 11:30 ਵਜੇ ਰਾਮਲੀਲਾ ਦਾ ਮੰਚਨ ਹੋ ਰਿਹਾ ਸੀ ਕਿ ਅਚਾਨਕ ਕੁੱਝ ਗਰਮ ਖਿਆਲੀ ਸਿੱਖ ਨੌਜਵਾਨ ਉਥੇ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਕਥਿਤ ਤੌਰ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ, ਇਸ ਦੌਰਾਨ ਉਥੇ ਮੌਜੂਦ ਲੋਕਾਂ ਦੀ ਉਕਤ ਨੌਜਵਾਨਾਂ ਨਾਲ ਬਹਿਸ ਹੋ ਗਈ ਅਤੇ ਮਾਮਲਾ ਵਿਗੜਦਾ ਦੇਖ ਕੇ ਰਾਮਲੀਲਾ ਦਾ ਆਯੋਜਨ ਵਿਚਕਾਰ ਹੀ ਰੋਕਣਾ ਪਿਆ। ਉਥੇ ਹਿੰਦੂ ਜਾਗ੍ਰਿਤੀ ਮੰਚ ਦੇ ਮੈਂਬਰਾਂ ਨੇ ਘਟਨਾ ਸਬੰਧੀ ਜਾਣਕਾਰੀ ਪੁਲਸ ਕੰਟਰੋਲ ਰੂਮ ਦੇ 100 ਨੰਬਰ ’ਤੇ ਪ੍ਰਦਾਨ ਕੀਤੀ ਗਈ ਅਤੇ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। 
ਨਿਕਸਨ ਕੁਮਾਰ ਨੇ ਐੱਸ. ਐੱਸ. ਪੀ. ਰੂਪਨਗਰ ਤੋਂ ਮੰਗ ਕੀਤੀ ਕਿ ਉਕਤ ਨੌਜਵਾਨ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੇ ਹਨ ਅਤੇ ਪੁਲਸ ਇਨ੍ਹਾਂ ਦਾ ਛੇਤੀ-ਛੇਤੀ ਪਤਾ ਲਗਾਕੇ ਬਣਦੀ ਕਾਰਵਾਈ ਅਮਲ ਵਿਚ ਲਿਆਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਹਿੰਦੂ-ਸਿੱਖ ਭਾਈਚਾਰੇ ਵਿਚ ਤਣਾਅ ਪੈਦਾ ਕਰਨ ਸਬੰਧੀ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਯੂਥ ਪ੍ਰਧਾਨ ਅਮਿਤ ਕਪੂਰ, ਵਿਨੇ ਕੱਕੜ, ਹਰੀ ਓਮ ਕਪੂਰ, ਰਾਮਲੀਲਾ ਪ੍ਰਬੰਧਕ ਮੋਹਨ ਲਾਲ, ਭੋਲਾ, ਉਦੇ ਵਰਮਾ, ਸੋਨੂ ਬਹਿਲ, ਭਰਤ ਵਾਲੀਆ, ਸੋਨੀ, ਰਾਜਨ ਤੇ ਪਰਿਤੋਸ਼ ਕੁਮਾਰ ਮੁੱਖ ਰੂਪ ਵਿਚ ਮੌਜੂਦ ਸਨ।


Arun chopra

Content Editor

Related News