ਬੈਂਕ ਕਰਮਚਾਰੀਆਂ ਦੇ ਰਵੱਈਏ ਤੋਂ ਖਫਾ ਉਦਯੋਗਪਤੀਆਂ ਵੱਲੋਂ ਨਾਅਰੇਬਾਜ਼ੀ

Tuesday, Mar 13, 2018 - 04:31 AM (IST)

ਬੈਂਕ ਕਰਮਚਾਰੀਆਂ ਦੇ ਰਵੱਈਏ ਤੋਂ ਖਫਾ ਉਦਯੋਗਪਤੀਆਂ ਵੱਲੋਂ ਨਾਅਰੇਬਾਜ਼ੀ

ਧੂਰੀ,  (ਸੰਜੀਵ ਜੈਨ)—  ਸਟੇਟ ਬੈਂਕ ਆਫ ਇੰਡੀਆ ਦੀ ਸਥਾਨਕ ਮਾਲੇਰਕੋਟਲਾ ਰੋਡ 'ਤੇ ਸਥਿਤ ਬ੍ਰਾਂਚ ਦੇ ਕਰਮਚਾਰੀਆਂ 'ਤੇ ਬਦਸਲੂਕੀ ਕਰਨ ਦਾ ਦੋਸ਼ ਲਾਉਂਦੇ ਹੋਏ ਉਦਯੋਗਪਤੀਆਂ ਨੇ ਬੈਂਕ ਅੱਗੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਸੰਗਰੂਰ ਜ਼ਿਲਾ ਇੰਡਸਟਰੀ ਚੈਂਬਰ ਦੀ ਧੂਰੀ ਸ਼ਾਖਾ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਨਾਅਰੇਬਾਜ਼ੀ ਕਰ ਰਹੇ ਇਨ੍ਹਾਂ ਉਦਯੋਗਪਤੀਆਂ ਨੇ ਬੈਂਕ ਦੇ ਕੈਸ਼ੀਅਰ ਅਤੇ ਪ੍ਰਬੰਧਕ 'ਤੇ ਖਪਤਕਾਰਾਂ ਨਾਲ ਮਾੜਾ ਸਲੂਕ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਚੈਂਬਰ ਦੇ ਜਨਰਲ ਸਕੱਤਰ ਅੰਮ੍ਰਿਤ ਗਰਗ ਰਿੰਕੂ ਨੇ ਕਿਹਾ ਕਿ ਚੈਂਬਰ ਦੇ ਮੈਂਬਰ ਹਰਭਜਨ ਸਿੰਘ ਜਦੋਂ ਕਿਸੇ ਕੰਮ ਕਾਰਨ ਬੈਂਕ ਵਿਚ ਆਏ ਤਾਂ ਕੈਸ਼ੀਅਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ, ਜਿਸ ਤੋਂ ਨਾਰਾਜ਼ ਹੋ ਕੇ ਹੀ ਅੱਜ ਚੈਂਬਰ ਵੱਲੋਂ ਇਹ ਰੋਸ ਮੁਜ਼ਾਹਰਾ ਕੀਤਾ ਗਿਆ ਹੈ।
ਮਾਮਲੇ ਨੂੰ ਭਖਦਾ ਵੇਖ ਕੇ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਵੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਪ੍ਰਦਰਸ਼ਨ ਕਰ ਰਹੇ ਉਦਯੋਗਪਤੀਆਂ ਨੂੰ ਸ਼ਾਂਤ ਕਰਦੇ ਹੋਏ ਦੋਵੇਂ ਧਿਰਾਂ ਦੀ ਆਪਸ ਵਿਚ ਮੀਟਿੰਗ ਵੀ ਕਰਵਾਈ। ਮੀਟਿੰਗ ਦੌਰਾਨ ਬੈਂਕ ਪ੍ਰਬੰਧਕ ਅਤੇ ਉਕਤ ਕੈਸ਼ੀਅਰ ਵੱਲੋਂ ਭਵਿੱਖ ਵਿਚ ਕਿਸੇ ਵੀ ਖਾਤਾਧਾਰਕ  ਨਾਲ ਬਦਸਲੂਕੀ ਨਾ ਹੋਣ ਦਾ ਭਰੋਸਾ ਦੇਣ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋ ਗਏ।  ਇਸ ਮੌਕੇ ਉਦਯੋਗਪਤੀ ਰਾਜ ਕੁਮਾਰ ਜਿੰਦਲ, ਸੁਨੀਲ ਕੁਮਾਰ ਬਬਲਾ, ਦਰਸ਼ਨ ਸਿੰਘ ਧੰਨੋਂ ਵਾਲੇ, ਸੰਜੇ ਗੋਇਲ, ਜਸਵਿੰਦਰ ਸਿੰਘ ਬਿੱਲੂ, ਮਨੀਸ਼ ਮੋਨੂੰ, ਬਲਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।
ਕੀ ਕਹਿੰਦੇ ਨੇ ਬੈਂਕ ਦੇ ਪ੍ਰਬੰਧਕ  : ਇਸ ਸਬੰਧੀ ਬੈਂਕ ਦੇ ਪ੍ਰਬੰਧਕ ਨਰੇਸ਼ ਕੁਮਾਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਕ ਖਾਤਾਧਾਰਕ ਵੱਲੋਂ ਆਪਣੇ ਪਿਤਾ ਦੇ ਚੈੱਕ 'ਤੇ ਪੈਸੇ ਕਢਵਾਉੁਣ ਨੂੰ ਲੈ ਕੇ ਕੈਸ਼ੀਅਰ ਅਤੇ ਉਕਤ ਵਿਅਕਤੀ 'ਚ ਗਲਤਫਹਿਮੀ ਹੋ ਗਈ ਸੀ, ਜਿਸ ਨੂੰ ਦੂਰ ਕਰ ਕੇ ਮਸਲੇ ਨੂੰ ਸੁਲਝਾ ਲਿਆ ਗਿਆ ਹੈ।


Related News