ਸ਼੍ਰੀਨਗਰ ਨੂੰ ਦਿੱਲੀ ਨਾਲ ਜੋੜਦੇ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਸਲੈਬ ਧਸੀ, ਰਾਹਗੀਰ ਪ੍ਰੇਸ਼ਾਨ

Friday, Oct 29, 2021 - 02:43 PM (IST)

ਸ਼੍ਰੀਨਗਰ ਨੂੰ ਦਿੱਲੀ ਨਾਲ ਜੋੜਦੇ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਸਲੈਬ ਧਸੀ, ਰਾਹਗੀਰ ਪ੍ਰੇਸ਼ਾਨ

ਮਾਛੀਵਾੜਾ ਸਾਹਿਬ (ਟੱਕਰ) : ਸ਼੍ਰੀਨਗਰ ਨੂੰ ਦਿੱਲੀ ਨਾਲ ਜੋੜਦੇ ਪ੍ਰ੍ਰਮੁੱਖ ਮਾਰਗ ਵਿਚਕਾਰ ਪੈਂਦੇ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਸਲੈਬ ਧਸ ਗਈ, ਜਿਸ ਕਾਰਨ ਭਾਰੀ ਆਵਾਜਾਈ ਬੰਦ ਕਰ ਦਿੱਤੀ ਗਈ ਅਤੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ’ਤੇ ਬਣਿਆ ਕਰੀਬ 1 ਕਿਲੋਮੀਟਰ ਤੋਂ ਵੱਧ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦਾ ਉਦਘਾਟਨ 2007 ’ਚ ਹੋਇਆ ਸੀ ਅਤੇ ਉਸ ਤੋਂ ਬਾਅਦ ਇਸ ਪੁਲ ਦੀ ਸਲੈਬ ਪਹਿਲਾਂ ਵੀ 2 ਵਾਰ ਧਸ ਚੁੱਕੀ ਹੈ, ਜਿਸ ਦੀ ਲੋਕ ਨਿਰਮਾਣ ਵਿਭਾਗ ਵਲੋਂ ਮੁਰੰਮਤ ਕਰਵਾਈ ਗਈ ਸੀ। ਅੱਜ ਸਵੇਰੇ ਪੁਲ ਦੇ ਵਿਚਕਾਰ ਜਦੋਂ ਇਹ ਸਲੈਬ ਧਸਣੀ ਸ਼ੁਰੂ ਹੋਈ ਤਾਂ ਰਾਹੋਂ ਵਾਲੇ ਪਾਸੇ ਬਣਾਈ ਗਈ ਪੁਲਸ ਚੌਂਕੀ ’ਚ ਤਾਇਨਾਤ ਮੁਲਾਜ਼ਮਾਂ ਵਲੋਂ ਪੁਲ ’ਤੇ ਬੈਰੀਕੇਡ ਲਗਾ ਕੇ ਭਾਰੀ ਆਵਾਜ਼ਾਈ ਰੋਕ ਦਿੱਤੀ ਜਦਕਿ ਸਿਰਫ਼ ਕਾਰਾਂ ਤੇ ਛੋਟੇ ਵਾਹਨਾਂ ਲਈ ਹੀ ਰਸਤਾ ਖੋਲ੍ਹਿਆ ਗਿਆ। ਮਾਛੀਵਾੜਾ ਤੋਂ ਨਵਾਂਸ਼ਹਿਰ ਨੂੰ ਜਾਂਦੀ ਬੱਸ ਸਰਵਿਸ ਵੀ ਇਹ ਸਲੈਬ ਧਸਣ ਕਾਰਨ ਪ੍ਰਭਾਵਿਤ ਹੋਈ ਅਤੇ ਲੋਕ ਪ੍ਰੇਸ਼ਾਨ ਹੋਏ ਕਿਉਂਕਿ ਬੱਸਾਂ ਵਾਲਿਆਂ ਵਲੋਂ ਪੁਲ ਦੇ ਇੱਕ ਪਾਸੇ ਹੀ ਸਵਾਰੀਆਂ ਉਤਾਰ ਦਿੱਤੀਆਂ ਗਈਆਂ ਜੋ ਕਿ ਪੈਦਲ 1 ਕਿਲੋਮੀਟਰ ਤੁਰ ਕੇ ਪੁਲ ਦੇ ਦੂਜੇ ਪਾਸੇ ਅਗਲੀ ਬੱਸ ’ਚ ਪੁੱਜੀਆਂ। 

PunjabKesari

ਭਾਰੀ ਆਵਾਜਾਈ ਬੰਦ ਹੋਣ ਕਾਰਨ ਆਨੰਦਪੁਰ ਸਾਹਿਬ ਤੇ ਹਿਮਾਚਲ ਤੋਂ ਆਉਂਦੀ ਬਜਰੀ, ਰੇਤਾ ਦੀ ਸਪਲਾਈ ਤੋਂ ਇਲਾਵਾ ਹੋਰ ਭਾਰੀ ਵਾਹਨ ਜੋ ਸਮਾਨ ਲੈ ਕੇ ਇਸ ਪੁਲ ਤੋਂ ਲੰਘਦੇ ਸਨ, ਉਹ ਵੀ ਰੁਕ ਗਏ। ਪੁਲ ਦੀ ਸਲੈਬ ਧਸਣ ’ਤੇ ਪਿੰਡ ਵਾਸੀਆਂ ਨੇ ਇਸ ਵਿਚ ਵਰਤੇ ਗਏ ਮੈਟੀਰੀਅਲ ਦੀ ਗੁਣਵੱਤਾ ’ਤੇ ਵੀ ਸਵਾਲ ਉੱਠਾਏ ਅਤੇ ਨਾਲ ਹੀ ਵਿਭਾਗ ਦੀ ਵੀ ਅਣਗਹਿਲੀ ਸਾਹਮਣੇ ਆਈ ਜੋ ਕਿ ਸਮੇਂ ਸਿਰ ਇਸ ਦੀ ਮੁਰੰਮਤ ਨਹੀਂ ਕਰਦੀ, ਜਿਸ ਕਾਰਨ ਇਹ ਸਲੈਬ ਧਸਣ ’ਤੇ ਅੱਜ ਲੋਕ ਪ੍ਰੇਸ਼ਾਨ ਹੋ ਰਹੇ ਹਨ। ਸਤਲੁਜ ਦਰਿਆ ਦਾ ਪੁਲ ਨਵਾਂਸ਼ਹਿਰ ਜ਼ਿਲ੍ਹਾ ਅਧੀਨ ਪੈਂਦਾ ਹੈ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋਇਆ।


author

Anuradha

Content Editor

Related News