ਕਾਂਗਰਸ ਦੇ 6 ਮਹੀਨੇ ਅਕਾਲੀਆਂ ਦੇ 10 ਸਾਲਾਂ ''ਤੇ ਪੈਣਗੇ ਭਾਰੂ : ਧਰਮਸੌਤ

10/04/2017 4:16:42 AM

ਭੋਆ/ਚੰਡੀਗੜ੍ਹ, (ਕਮਲ, ਅਰੁਣ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਅਤੇ ਸਟੇਸ਼ਨਰੀ ਤੇ ਐੱਸ. ਸੀ. ਬੀ. ਸੀ. ਵੈੱਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਅਗਵਾਈ 'ਚ ਹੋਈ ਰੈਲੀ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ 'ਤੇ ਮੋਹਰ ਲਾ ਦਿੱਤੀ ਹੈ। ਇਸ ਮੌਕੇ ਸ. ਧਰਮਸੌਤ ਵੱਲੋਂ ਆਪਣੇ ਭਾਸ਼ਣ ਨਾਲ ਕੇਂਦਰ ਦੀ ਮੋਦੀ ਸਰਕਾਰ ਨੂੰ ਜਮ ਕੇ ਰਗੜੇ ਲਾਏ ਗਏ।
ਸ. ਧਰਮਸੌਤ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਬਹੁਤ ਹੀ ਥੋੜ੍ਹੇ ਸਮੇਂ 'ਚ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਇਤਿਹਾਸਕ ਫੈਸਲੇ ਲਏ ਹਨ, ਜਿਸ ਕਰ ਕੇ ਅੱਜ ਪੰਜਾਬ ਦੇ ਲੋਕ ਕਾਂਗਰਸ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੇ 6 ਮਹੀਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ 'ਤੇ ਭਾਰੀ ਪੈਣਗੇ ਅਤੇ ਸੁਨੀਲ ਜਾਖੜ ਇਕ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰ ਕੇ ਦਿਖਾਇਆ ਹੈ ਤੇ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਡਟ ਕੇ ਖੜ੍ਹੇ ਹਨ।
ਰੈਲੀ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀਆਂ ਖਾਸ ਕਰ ਕੇ ਬਾਦਲਾਂ ਅਤੇ ਮਜੀਠੀਆ 'ਤੇ ਜਮ ਕੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਹੜੱਪਿਆ ਹੈ, ਜੇਕਰ ਉਨ੍ਹਾਂ ਨੂੰ ਸਿਰਫ ਇਕ ਮਹੀਨੇ ਲਈ ਪੁਲਸ ਵਿਭਾਗ ਦੀ ਵਾਗਡੋਰ ਸੌਂਪ ਦਿੱਤੀ ਜਾਵੇ ਤਾਂ ਉਹ 10 ਸਾਲਾਂ ਦਾ ਲੁੱਟਿਆ ਮਾਲ ਇਕ ਮਹੀਨੇ ਵਿਚ ਹੀ ਕੱਢਵਾ ਕੇ ਇਨ੍ਹਾਂ ਨੂੰ ਜੇਲਾਂ ਵਿਚ ਸੁੱਟ ਦੇਣਗੇ। ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਸਰਦਾਰੀ, ਈਮਾਨਦਾਰੀ ਤੇ ਖੁੱਦਾਰੀ ਹੈ, ਜਦੋਂ ਕਿ ਅਕਾਲੀ ਦਲ ਦੁਰਾਚਾਰੀਆਂ, ਅੱਤਿਆਚਾਰੀਆਂ ਤੇ ਨਸ਼ੇ ਦੇ ਵਪਾਰੀਆਂ ਦੀ ਪਾਰਟੀ ਹੈ।
ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਭੋਆ ਜੋਗਿੰਦਰਪਾਲ, ਵਿਧਾਇਕ ਪ੍ਰਗਟ ਸਿੰੰਘ, ਵਿਧਾਇਕ ਅੰਗਦ ਸੈਣੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਸੁਰਿੰਦਰ ਚੌਧਰੀ, ਵਿਧਾਇਕ ਰਾਜਿੰਦਰ ਬੇਰੀ, ਪੰਜਾਬ ਸਕੱਤਰ ਯਸ਼ਪਾਲ ਧੀਮਾਨ, ਦਮਨ ਬਾਜਵਾ ਤੇ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੇ ਵੀ ਸੰਬੋਧਨ ਕੀਤਾ। 


Related News