ਧਾਰਮਿਕ ਪੋਸਟਰ ਦੀ ਬੇਅਦਬੀ ਤੋਂ ਬਾਅਦ ਹਾਲਾਤ ਬਣੇ ਤਣਾਅਪੂਰਨ, ਲੋਕਾਂ ਨੇ ਕੀਤਾ ਹੰਗਾਮਾ
Thursday, Mar 13, 2025 - 03:35 AM (IST)

ਫਗਵਾੜਾ (ਜਲੋਟਾ) - ਫਗਵਾੜਾ ’ਚ ਕੌਮੀ ਰਾਜਮਾਰਗ ਨੰਬਰ-1 ’ਤੇ ਮੌਜੂਦ ਗੋਲ ਚੌਕ ’ਤੇ ਵੱਡੀ ਗਿਣਤੀ ’ਚ ਪੁੱਜੇ ਲੋਕਾਂ ਵੱਲੋਂ ਭਾਰੀ ਹੰਗਾਮਾ ਕਰਨ ਦੀ ਸੂਚਨਾ ਮਿਲੀ ਹੈ। ਇਸ ਘਟਨਾਕ੍ਰਮ ਦੌਰਾਨ ਇਲਾਕੇ ’ਚ ਤਣਾਅਪੂਰਨ ਹਾਲਾਤ ਬਣੇ ਹੋਏ ਹਨ। ਜਾਣਕਾਰੀ ਮੁਤਾਬਕ ਹੰਗਾਮਾ ਉਸ ਵੇਲੇ ਹੋਇਆ, ਜਦੋਂ ਚੌਕ ’ਚ ਲੱਗੇ ਇਕ ਧਾਰਮਿਕ ਪੋਸਟਰ ਦੀ ਬੇਅਦਬੀ ਹੋਣ ਦੀ ਸੂਚਨਾ ਲੋਕਾਂ ਨੂੰ ਮਿਲੀ। ਇਸ ਤੋਂ ਬਾਅਦ ਵੇਖਦੇ ਹੀ ਵੇਖਦੇ ਪੂਰੇ ਇਲਾਕੇ ’ਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਗੁੱਸੇ ਅਤੇ ਰੋਸ ਨਾਲ ਭਰੇ ਭਗਤਾਂ ਨੂੰ ਮੌਕੇ ’ਤੇ ਪੁੱਜੇ ਡੀ. ਐੱਸ. ਪੀ. ਫਗਵਾੜਾ ਭਾਰਤ ਭੂਸ਼ਣ ਥਾਣਾ ਸਿਟੀ ਫਗਵਾੜਾ ਦੇ ਐੱਸ. ਐੱਚ. ਓ. ਗੌਰਵ ਧੀਰ ਐੱਸ. ਐੱਚ. ਓ. ਟ੍ਰੈਫਿਕ ਪੁਲਸ ਫਗਵਾੜਾ ਅਮਨ ਕੁਮਾਰ ਸਮੇਤ ਹੋਰ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਲਾਏ ਗਏ ਧਾਰਮਿਕ ਪੋਸਟਰ ਦੀ ਬੇਅਦਬੀ ਕਰਕੇ ਉਸੇ ਥਾਂ ’ਤੇ ਕਿਸੇ ਹੋਰ ਧਰਮ ਦਾ ਪੋਸਟਰ ਲਾ ਦਿੱਤਾ ਗਿਆ ਹੈ।
ਲੋਕਾਂ ਨੇ ਕਿਹਾ ਕਿ ਜੋ ਕੁਝ ਵਾਪਰਿਆ ਹੈ, ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਉਹ ਮੰਗ ਕਰਦੇ ਹਨ ਕਿ ਇਸ ਮਾਮਲੇ ’ਚ ਜੋ ਵੀ ਦੋਸ਼ੀ ਹੈ, ਉਸ ਖਿਲਾਫ ਪੁਲਸ ਫੌਰੀ ਤੌਰ ’ਤੇ ਕਾਰਵਾਈ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇ। ਇਸ ਸਮੇਂ ਗੱਲਬਾਤ ਕਰਦੇ ਹੋਏ ਭਗਤ ਸੁਧਾਂਨਸ਼ੂ ਅਰੋੜਾ, ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਵਿਪਨ ਸ਼ਰਮਾ, ਰਾਜੂ ਚਾਹਲ ਤੇ ਅਸ਼ੋਕ ਸ਼ਰਮਾ ਸਮੇਤ ਹੋਰਾਂ ਨੇ ਕਿਹਾ ਕਿ ਜੋ ਕੁਝ ਹੋਇਆ ਹੈ, ਉਹ ਸਹਿਣਯੋਗ ਨਹੀਂ ਹੈ ਅਤੇ ਉਹ ਸਾਰੇ ਸਾਂਝੇ ਤੌਰ ’ਤੇ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ., ਡੀ. ਸੀ. ਕਪੂਰਥਲਾ, ਐੱਸ. ਪੀ. ਫਗਵਾੜਾ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਿਸ ਨੇ ਵੀ ਇਸ ਤਰ੍ਹਾਂ ਨਾਲ ਧਾਰਮਿਕ ਪੋਸਟਰ ਦੀ ਬੇਅਦਬੀ ਕੀਤੀ ਹੈ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਉਦੋਂ ਤੱਕ ਸੰਘਰਸ਼ ਕਰਨਗੇ, ਜਦ ਤੱਕ ਨਿਆਂ ਸੰਗਤ ਕਾਰਵਾਈ ਪੂਰੀ ਨਹੀਂ ਹੋ ਜਾਂਦੀ ਹੈ।
ਇਸ ਮੌਕੇ ਲੋਕਾਂ ਨੂੰ ਸ਼ਾਂਤ ਕਰਦੇ ਹੋਏ ਡੀ. ਐੱਸ. ਪੀ. ਭਾਰਤ ਭੂਸ਼ਣ, ਐੱਸ. ਐੱਚ. ਓ. ਸਿਟੀ ਗੌਰਵ ਧੀਰ, ਇੰਸਪੈਕਟਰ ਅਮਨ ਕੁਮਾਰ ਨੇ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ ਫਗਵਾੜਾ ’ਚ ਜਲਦ ਹੀ ਪੁਲਸ ਕੇਸ ਰਜਿਸਟਰ ਕੀਤਾ ਜਾ ਰਿਹਾ ਹੈ ਅਤੇ ਕੱਲ ਦੁਪਹਿਰ ਤੱਕ ਪੁਲਸ ਮੁਲਜ਼ਮਾਂ ਦੀ ਪਛਾਣ ਕਰ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਸਖਤੀ ਨਾਲ ਪੂਰਾ ਕਰੇਗੀ। ਇਸ ਸਮੇਂ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਪੁਲਸ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਹੋਇਆ ਹੈ, ਉਹ ਬੇਹੱਦ ਦੁੱਖਦਾਈ ਹੈ। ਪੁਲਸ ਬਹੁਤ ਜਲਦ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੇਗੀ।