ਸਿਸਵਾਂ ਨੂੰ ਆਲਮੀ ਦਰਜੇ ਦੇ ਸੈਲਾਨੀ ਕੇਂਦਰ ਵਜੋਂ ਕੀਤਾ ਜਾਵੇਗਾ ਵਿਕਸਤ : ਕੈਪਟਨ

Monday, Feb 22, 2021 - 09:33 PM (IST)

ਚੰਡੀਗੜ/ਐਸ.ਏ.ਐਸ. ਨਗਰ (ਮੁਹਾਲੀ)- ਸਿਸਵਾਂ ਨੂੰ ਇਕ ਪ੍ਰਮੁੱਖ ਅਤੇ ਤਰਜੀਹੀ ਈਕੋ ਟੂਰਿਜ਼ਮ ਕੇਂਦਰ ਵਜੋਂ ਉਤਸ਼ਾਹਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਆਪਣੇ ਦਫ਼ਤਰ ਵਿਚ ਕਿਤਾਬਾਂ, ਪੈਂਫਲੇਟ ਅਤੇ ਫਿਲਮ ਦੇ ਟੀਜ਼ਰ ਸਮੇਤ ਵੱਖ-ਵੱਖ ਪ੍ਰਚਾਰ ਅਤੇ ਸੂਚਨਾ ਸਮੱਗਰੀ ਜਾਰੀ ਕੀਤੀ।
ਸਿਸਵਾਂ ਕਮਿਉਨਟੀ ਰਿਜ਼ਰਵ ਦਾ ਲੋਗੋ ਵੀ ਲਾਂਚ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਸਿਸਵਾਂ ਨੂੰ ਆਲਮੀ ਦਰਜੇ ਦੇ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਖੇਤਰ ਦੀਆਂ ਵਿਸ਼ਾਲ ਸੈਰ-ਸਪਾਟਾ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਖੇਤਰ ਵਿੱਚ ਵੱਖ ਵੱਖ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਮੁੱਖ ਤੌਰ ‘ਤੇ  ਨੇਚਰ ਇੰਟਰਪ੍ਰੀਟੇਸ਼ਨ ਸੈਂਟਰ, ਥੀਮੈਟਿਕ ਗੇਟਸ ਅਤੇ ਸੰਕੇਤਕ ਚਿੰਨ , ਫੂਡ ਕੋਰਟ, ਵਾਸ਼ਰੂਮ ਦੀ ਸਹੂਲਤ, ਨੇਚਰ ਟਰੇਲ, ਜੰਗਲ ਸਫਾਰੀ ਜਿਹੀਆਂ ਸੈਲਾਨੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜੰਗਲੀ ਜੀਵ ਸੰਭਾਲ ਦੇ ਮੁੱਦਿਆਂ ਜਿਵੇਂ ਸਪਾਟਡ ਡੀਅਰ, ਜੰਗਲੀ ਖਰਗੋਸ਼ ਅਤੇ ਹੋਰ ਪ੍ਰਜਾਤੀਆਂ  ਜੋ ਕਦੇ ਇਸ ਖੇਤਰ ਵਿਚ ਵਧਦੀਆਂ ਫੁੱਲਦੀਆਂ ਸਨ ਅਤੇ ਸਮੇਂ ਬੀਤਣ ਨਾਲ ਇਨਾਂ ਦੀ ਗਿਣਤੀ ਵਿਚ ਕਮੀ ਆਈ ਹੈ, ਵੱਲ ਤਵਜੋ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੈਲਾਨੀਆਂ ਦੇ ਅਨੁਕੂਲ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦਾ ਵਿਕਾਸ ਅਤੇ ਪ੍ਰਚਾਰ ਦੀਆਂ ਗਤੀਵਿਧੀਆਂ ਨਾਲ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਅਤੇ ਆਮਦਨ ਦੀਆਂ ਵੱਖ ਵੱਖ ਗਤੀਵਿਧੀਆਂ ਨਾਲ ਸਥਾਨਕ ਲੋਕਾਂ ਨੂੰ ਲਾਭ ਪਹੁੰਚੇਗਾ।
ਉਨਾਂ ਪੰਜਾਬ ਬਰਡ ਫੈਸਟੀਵਲ ਦੇ ਸਫਲ ਆਯੋਜਨ ਦੀ ਸ਼ਲਾਘਾ ਵੀ ਕੀਤੀ ਜਿਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ‘ਰੈਟਰੋਸਪੈਕਟ‘ ਨਾਮਕ ਮੇਲੇ ਨਾਲ ਸਬੰਧਤ ਕਾਰਵਾਈ ਰਿਪੋਰਟ ਵੀ ਜਾਰੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਸ਼ਿਵਾਲਿਕ, ਸਿਸਵਾਂ ਹੇਠਲੇ ਖੇਤਰਾਂ ਵਿੱਚ  ਸੰਘਣੇ ਜੰਗਲ, ਸ਼ੁੱਧ ਪਾਣੀ ਅਤੇ ਭਰਪੂਰ ਹਰਿਆਵਲ ਮੌਜੂਦ ਹੈ ਜੋ ਇਸਨੂੰ ਕੁਦਰਤ ਪ੍ਰੇਮੀਆਂ ਲਈ ਇਕ ਖਿੱਚ ਦਾ ਕੇਂਦਰ ਬਣਾਉਂਦੀ ਹੈ। ਇਸ ਖੇਤਰ ਦਾ ਇੱਕ ਅਮੀਰ ਇਤਿਹਾਸ ਹੈ ਅਤੇ ਜੈਵਿਕ ਰਿਕਾਰਡਾਂ ਇਥੇ ਸੋਨੀਅਨ ਸਭਿਅਤਾ ਦੀ ਮੌਜੂਦਗੀ ਦੀ ਗਵਾਹੀ ਭਰਦੇ ਹਨ। ਇਹ ਖੇਤਰ ਭਾਰਤ ਨੂੰ ਮੱਧ ਏਸ਼ੀਆਈ ਦੇਸ਼ਾਂ ਅਤੇ ਪੂਰਬੀ ਯੂਰਪ ਨਾਲ ਜੋੜਨ ਵਾਲੇ ਪੁਰਾਣੇ ਵਪਾਰਕ ਮਾਰਗ ਦਾ ਹਿੱਸਾ ਰਿਹਾ ਹੈ।
ਇਸ ਮੌਕੇ ਸੀਨੀਅਰ ਸਰਕਾਰੀ ਅਧਿਕਾਰੀਆਂ ਸਮੇਤ ਵਧੀਕ ਮੁੱਖ ਸਕੱਤਰ (ਜੰਗਲਾਤ) ਰਵਨੀਤ ਕੌਰ, ਪੀ.ਸੀ.ਸੀ.ਐਫ (ਐਚਓਐਫਐਫ) ਸ੍ਰੀ. ਜਿਤੇਂਦਰ ਸਰਮਾ, ਚੀਫ ਵਾਈਲਡ ਲਾਈਫ ਵਾਰਡਨ ਸ੍ਰੀ ਆਰ.ਕੇ. ਮਿਸ਼ਰਾ, ਆਈਐਫਐਸ ਸੀਸੀਐਫ (ਜੰਗਲੀ ਜੀਵ) ਬਸੰਤ ਰਾਜ ਕੁਮਾਰ ਅਤੇ ਡੀ.ਐਫ.ਓ (ਜੰਗਲੀ ਜੀਵ) ਰੋਪੜ ਡਾ. ਮੋਨਿਕਾ ਯਾਦਵ ਮੌਜੂਦ ਸਨ।

 


Bharat Thapa

Content Editor

Related News