ਦੁਨੀਆ ਲਈ ਮਿਸਾਲ ਬਣੀਆਂ ਇਹ ਦੋ ਭੈਣਾਂ, ਅਸਲੀਅਤ ਜਾਣ ਕਰੋਗੇ ਸਿਫਤਾਂ

05/24/2020 12:45:08 PM

ਲੁਧਿਆਣਾ (ਵਿੱਕੀ) : ਕਹਿੰਦੇ ਹਨ ਕਿ ਜੇਕਰ ਤੁਹਾਡੇ 'ਚ ਕੋਈ ਹੁਨਰ ਹੈ ਤਾਂ ਤੁਸੀਂ ਆਪਣੀ ਮੰਜ਼ਿਲ ਨੂੰ ਹਾਸਲ ਕਰ ਸਕਦੇ ਹੋ। ਇਸ ਗੱਲ ਦੀ ਮਿਸਾਲ ਹੈ ਲੁਧਿਆਣਾ ਦੇ ਸਮੱਗਰ ਸਿੱਖਿਆ ਅਭਿਆਨ ਦੇ ਆਈ. ਈ. ਡੀ. ਕੰਪੋਨੈਂਟ ਅਧੀਨ ਚਲਾਏ ਜਾ ਰਹੇ ਵੋਕੇਸ਼ਨਲ ਪ੍ਰਾਜੈਕਟ ਵਿਚ ਸਿਲਾਈ ਸਿੱਖਣ ਵਾਲੀਆਂ ਦੋ ਸਰੀਰਕ ਤੌਰ 'ਤੇ ਅਸਮਰੱਥ ਬੱਚੀਆਂ, ਜਿਨ੍ਹਾਂ ਨੇ ਆਪਣੇ ਹੁਨਰ ਨਾਲ ਸਾਬਿਤ ਕਰ ਦਿਖਾਇਆ ਹੈ ਕਿ ਵਿਕਲਾਂਗਤਾ ਉਨ੍ਹਾਂ ਦੀ ਸਫਲਤਾ ਹੀ ਰਾਹ ਦਾ ਰੋੜਾ ਨਹੀਂ ਹੈ।

ਸੁਣਨ ਅਤੇ ਬੋਲਣ ਤੋਂ ਅਸਮਰੱਥ ਦੋਵੇਂ ਬੱਚੀਆਂ ਖੁਸ਼ਪ੍ਰੀਤ ਕੌਰ ਅਤੇ ਮਨਦੀਪ ਕੌਰ ਵੱਲੋਂ ਕੋਵਿਡ–19 ਕਾਰਨ ਖੁਦ ਬਣਾਏ ਮਾਸਕ ਦੀ ਗੁਣਵੱਤਾ ਨੇ ਲੋਕਾਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਪਿੰਡ ਦੇ ਯੂਥ ਕਲੱਬ ਵੱਲੋਂ ਇਨ੍ਹਾਂ ਨੂੰ 500 ਮਾਸਕ ਬਣਾਉਣ ਦਾ ਆਰਡਰ ਦੇ ਦਿੱਤਾ। ਦੱਸ ਦੇਈਏ ਕਿ ਉਪਰੋਕਤ ਦੋਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਹੋੜਾ ਵਿਚ ਕ੍ਰਮਵਾਰ 10ਵੀਂ ਅਤੇ 9ਵੀਂ ਕਲਾਸ ਦੀਆਂ ਵਿਦਿਆਰਥਣਾਂ ਹਨ। ਪਿਛਲੇ ਦਿਨੀਂ ਇਨ੍ਹਾਂ ਨੇ ਕੋਵਿਡ-19 ਕਾਰਨ ਆਪਣੇ ਹੱਥਾਂ ਨਾਲ ਮਾਸਕ ਤਿਆਰ ਕਰਕੇ ਆਪਣੇ ਆਂਢ ਗੁਆਂਢ ਦੇ ਕੁੱਝ ਲੋਕਾਂ ਨੂੰ ਵੰਡੇ। ਉਨ੍ਹਾਂ ਦੀ ਇਸ ਮਿਹਨਤ ਦੀ ਪਿੰਡ ਪੱਧਰ 'ਤੇ ਖੂਬ ਪ੍ਰਸ਼ੰਸਾਂ ਹੋਈ ਕਿ ਪਿੰਡ ਸਿਹੋੜਾ ਦੇ ਯੂਥ ਕਲੱਬ ਵਲੋਂ ਇਨ੍ਹਾਂ ਬੱਚੀਆਂ ਨੂੰ 500 ਮਾਸਕ ਬਣਾਉਣ ਦਾ ਆਰਡਰ ਦੇ ਦਿੱਤਾ ਹੈ।

ਆਈ. ਈ. ਡੀ. ਕੋਆਰਡੀਨੇਟਰ ਗੁਲਜ਼ਾਰ ਸ਼ਾਹ ਨੇ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਤਹਿਤ ਸਰੀਰਕ ਤੌਰ 'ਤੇ ਅਸਮਰੱਥ ਬੱਚਿਆਂ ਲਈ ਚਲਾਏ ਜਾ ਰਹੇ ਵੋਕੇਸ਼ਨਲ ਪ੍ਰਾਜੈਕਟ ਤਹਿਤ ਬਲਾਕ ਡੇਹਲੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਾਂਗੇਵਾਲ 'ਚ ਰਿਸੋਰਸ ਰੂਮ ਵਿਚ ਵੀ ਵੋਕੇਸ਼ਨਲ ਪ੍ਰਾਜੈਕਟ ਚਲਾਇਆ ਗਿਆ ਹੈ। ਜਿਸ ਵਿਚ ਪਿੰਡ ਸਿਹੋੜਾ ਦੀ ਇਹ ਸੁਣਨ ਅਤੇ ਬੋਲਣ ਵਿਚ ਅਸਮਰੱਥ ਕੁੜੀਆਂ ਖੁਸ਼ਪ੍ਰੀਤ ਕੌਰ ਅਤੇ ਮਨਦੀਪ ਕੌਰ ਨੂੰ ਸਿਲਾਈ ਦਾ ਕੰਮ ਸਿਖਾਇਆ ਗਿਆ, ਜਿਸ ਨੂੰ ਇਨ੍ਹਾਂ ਨੇ ਬਹੁਤ ਹੀ ਬੁੱਧੀਮਤਾ ਅਤੇ ਸਮਝਦਾਰੀ ਨਾਲ ਸਿੱਖਿਆ। ਨਤੀਜਾ ਸਵਰੂਪ ਇਹ ਕੁੜੀਆਂ ਹੁਣ ਆਪਣੇ ਆਪ ਲੇਡੀਜ਼ ਸੂਟ ਅਤੇ ਨਾਈਟ ਸੂਟ ਤਿਆਰ ਕਰ ਰਹੀਆਂ ਹਨ ਅਤੇ ਆਪਣੇ ਮਾਂ ਬਾਪ ਦੀ ਮਦਦ ਕਰ ਰਹੀਆਂ ਹਨ।


Gurminder Singh

Content Editor

Related News