ਸਿਰਸਾ ਵੱਲੋਂ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਸਵਾਗਤ, PM ਮੋਦੀ ਦਾ ਕੀਤਾ ਧੰਨਵਾਦ

Sunday, Jan 09, 2022 - 08:21 PM (IST)

ਸਿਰਸਾ ਵੱਲੋਂ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਸਵਾਗਤ, PM ਮੋਦੀ ਦਾ ਕੀਤਾ ਧੰਨਵਾਦ

ਚੰਡੀਗੜ੍ਹ (ਬਿਊਰੋ)-ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦੇ ਕੀਤੇ ਐਲਾਨ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਇਸ ਐਲਾਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ’ਚ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਸੰਕਲਪ ਲਿਆ ਹੈ ਕਿ ਦੇਸ਼ ’ਚ ਹਰ ਸਾਲ 26 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ’ਤੇ ਵੀਰ ਬਾਲ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਸਿੱਖ ਭਾਈਚਾਰੇ ਦੇ ਨਾਲ-ਨਾਲ ਮਨੁੱਖਤਾ ਪ੍ਰਤੀ ਸਾਕਾਰਾਤਮਕ ਸੋਚ ਰੱਖਣ ਵਾਲੇ ਲੋਕਾਂ ਵੱਲੋਂ ਕਾਫ਼ੀ ਦੇਰ ਤੋਂ ਮੰਗ ਕੀਤੀ ਜਾ ਰਹੀ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਵੇ।

ਇਹ ਵੀ ਪੜ੍ਹੋ : 'ਆਪ' ਵੱਲੋਂ ਵਿਧਾਨ ਸਭਾ ਚੋਣਾਂ ਲਈ 9ਵੀਂ ਸੂਚੀ ਜਾਰੀ, 5 ਉਮੀਦਵਾਰਾਂ ਦਾ ਕੀਤਾ ਐਲਾਨ

ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਦਾਸਤਾਨ ਭਾਰਤ ਦੇ ਹਰ ਬੱਚੇ ਨੂੰ ਸੁਣਾਈ ਜਾਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ’ਚ ਅਜਿਹੀ ਹੋਰ ਮਿਸਾਲ ਨਹੀਂ ਮਿਲਦੀ, ਜਿਥੇ 7 ਤੇ 9 ਸਾਲ ਦੇ ਬੱਚਿਆਂ ਨੇ ਜਬਰ ਤੇ ਜ਼ੁਲਮ ਦੀ ਪ੍ਰਵਾਹ ਨਹੀਂ ਕੀਤੀ। ਸਾਹਿਬਜ਼ਾਦਿਆਂ ਨੇ ਆਪਣਾ ਧਰਮ ਨਹੀਂ ਛੱਡਿਆ ਤੇ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਲੱਗਦੇ ਸ਼ਹੀਦੀ ਜੋੜ ਮੇਲ ’ਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਇਕੱਤਰ ਹੋ ਕੇ ਉਸ ਕੰਧ ਦੇ ਦਰਸ਼ਨ ਕਰਦੇ ਹਨ, ਜਿਸਦੀਆਂ ਨੀਂਹਾਂ ’ਚ ਚਿਣਵਾ ਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਸਿਰਸਾ ਨੇ ਕਿਹਾ ਕਿ ਜਦੋਂ ਸਾਡੇ ਬੱਚੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਪੜ੍ਹਨਗੇ ਕਿ ਕਿਸ ਤਰੀਕੇ ਉਨ੍ਹਾਂ ਨੇ ਧਰਮ ਨਹੀਂ ਛੱਡਿਆ ਤੇ ਸ਼ਹਾਦਤ ਦਾ ਜਾਮ ਪੀ ਗਏ ਤਾਂ ਦੇਸ਼ ਦੀ ਸੋਚ ਕਿਹੋ ਜਿਹੀ ਹੋਵੇਗੀ, ਸਾਡੀ ਆਉਣ ਵਾਲੀ ਪੀੜ੍ਹੀ ਦੀ ਸੋਚ ਕਿਹੋ ਜਿਹੀ ਹੋਵੇਗੀ, ਇਹ ਅਸੀਂ ਸਮਝ ਸਕਦੇ ਹਾਂ।

ਇਹ ਵੀ ਪੜ੍ਹੋ : ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ

ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋਣ ਦੇ 75 ਸਾਲਾਂ ਬਾਅਦ ਕਿਸੇ ਨੇ ਤਾਂ ਮਹਿਸੂਸ ਕੀਤਾ ਕਿ ਕੌਣ ਸਨ ਉਹ ਸਾਹਿਬਜ਼ਾਦੇ, ਕਿਉਂ ਉਨ੍ਹਾਂ ਨੂੰ ਚੇਤੇ ਰੱਖਣਾ ਜ਼ਰੂਰੀ ਹੈ, ਕਿਉਂ ਇਨ੍ਹਾਂ ਦਾ ਇਤਿਹਾਸ ਪੜ੍ਹਨਾ ਜ਼ਰੂਰੀ ਹੈ ਕਿਉਂ ਦੁਨੀਆ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਅਸੀਂ ਸਾਹਿਬਜ਼ਾਦਿਆਂ ਦੇ ਵਾਰਿਸ ਹਾਂ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਸੋਚ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਦੇਰ ਤੋਂ ਅਸੀਂ ਇਸ ਗੱਲ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀ। ਤੁਸੀਂ ਉਹ ਚੀਜ਼ ਪੂਰੀ ਕੀਤੀ ਹੈ, ਜੋ ਹਰ ਸਿੱਖ ਤੇ ਹਰ ਇਨਸਾਫ ਪਸੰਦ ਇਨਸਾਨ, ਜੋ ਸਾਹਿਬਜ਼ਾਦਿਆਂ ਨੂੰ ਪਿਆਰ ਕਰਦਾ ਹੈ, ਉਸ ਦੀ ਇਹ ਮੰਗ ਸੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਗਾਥਾ ਹੁਣ ਇਸ ਫ਼ੈਸਲੇ ਦੀ ਬਦੌਲਤ ਸਾਡੇ ਬੱਚਿਆਂ ਤੱਕ ਪਹੁੰਚੇਗੀ ਤੇ ਉਨ੍ਹਾਂ ਦੀ ਸੋਚ ਦੇਸ਼ ਪ੍ਰਤੀ ਬਹੁਤ ਉੱਚੀ ਹੋਵੇਗੀ।


author

Manoj

Content Editor

Related News