ਕੇਂਦਰ ਨੇ ਇਕ ਰਾਸ਼ਟਰੀ ਸ਼ਖਸੀਅਤ ਦੀ ਵਿਰਾਸਤ ਖਤਮ ਹੋਣ ਤੋਂ ਬਚਾਈ : ਸਿਰਸਾ
Wednesday, Dec 20, 2017 - 07:08 AM (IST)

ਜਲੰਧਰ (ਚਾਵਲਾ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ, ਜਿਸ ਨੇ ਦਿੱਲੀ ਯੂਨੀਵਰਸਿਟੀ ਨੂੰ ਦਿਆਲ ਸਿੰਘ ਕਾਲਜ ਦਾ ਨਾਂ ਨਾ ਬਦਲਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਰਾਜ ਸਭਾ ਵਿਚ ਇਸ ਮਾਮਲੇ 'ਤੇ ਸਪੱਸ਼ਟ ਬਿਆਨ ਦਿੱਤਾ ਹੈ, ਜੋ ਕਿ ਸਾਰੇ ਨਿਆਂ ਪਸੰਦ ਵਿਅਕਤੀਆਂ ਲਈ ਵੱਡੀ ਰਾਹਤ ਵਜੋਂ ਆਇਆ ਹੈ।
ਉਨ੍ਹਾਂ ਕਿਹਾ ਕਿ ਕਾਲਜ ਦਾ ਨਾਂ ਬਦਲਣਾ ਅਸਲ ਮੁੱਦਾ ਨਹੀਂ ਸੀ, ਸਗੋਂ ਮੁੱਦਾ ਇਕ ਮਹਾਨ ਵਿਅਕਤੀ ਦੀ ਵਿਰਾਸਤ ਖਤਮ ਕਰਨ ਦਾ ਸੀ, ਜਿਸ ਨੇ ਦੇਸ਼ ਵਾਸਤੇ ਆਪਣੇ ਨਿੱਜੀ ਸਰੋਤਾਂ ਨੂੰ ਵਰਤਿਆ। ਉਨ੍ਹਾਂ ਕਿਹਾ ਕਿ ਦਿਆਲ ਸਿੰਘ ਮਜੀਠੀਆ ਇਕ ਅਸਲ ਸੁਧਾਰ, ਸਮਾਜਸੇਵੀ ਤੇ ਬਹੁਤ ਚੰਗੀ ਸ਼ਖਸੀਅਤ ਸਨ, ਜੋ ਦੇਸ਼ ਦਾ ਭਵਿੱਖ ਵੇਖਣ ਦੀ ਦੂਰਅੰਦੇਸ਼ੀ ਸਮਰੱਥਾ ਰੱਖਦੇ ਸਨ।
ਸਿਰਸਾ ਨੇ ਕਿਹਾ ਕਿ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਕ ਰਾਸ਼ਟਰੀ ਸ਼ਖਸੀਅਤ ਦੀ ਵਿਰਾਸਤ ਖਤਮ ਹੋਣ ਤੋਂ ਬਚਾਈ ਹੈ, ਜੋ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਕਿਹਾ ਕਿ ਨਰੇਸ਼ ਗੁਜਰਾਲ ਨੇ ਵੀ ਇਹ ਮਾਮਲਾ ਰਾਜ ਸਭਾ ਵਿਚ ਉਠਾਇਆ। ਉਨ੍ਹਾਂ ਬਾਦਲ ਸਮੇਤ ਸਮੂਹ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।