ਨਹਿਰ ਕੰਢਿਆਂ ''ਤੇ ਉੱਗਿਆ ਸਰਕੰਡਾ, ਨਹੀਂ ਪਹੁੰਚ ਰਿਹਾ ਕਿਸਾਨਾਂ ਨੂੰ ਪਾਣੀ

02/10/2018 5:31:50 PM


ਗਿੱਦੜਬਾਹਾ (ਕੁਲਭੂਸ਼ਨ) - ਗਿੱਦੜਬਾਹਾ-ਮਲੋਟ ਰੋਡ 'ਤੇ ਸਥਿਤ ਸਰਹੰਦ ਫੀਡਰ (ਛੋਟੀ ਨਹਿਰ) ਦੀ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਖੇਤਾਂ ਲਈ ਪੂਰਾ ਪਾਣੀ ਨਹੀਂ ਮਿਲ ਰਿਹਾ। ਨਹਿਰਾਂ ਦੇ ਕੰਢਿਆਂ 'ਤੇ ਉੱਗੇ ਸਰਕੰਡਿਆਂ ਕਾਰਨ ਪਾਣੀ ਦਾ ਵਹਾਅ ਘੱਟ ਹੋ ਗਿਆ ਅਤੇ ਨਹਿਰ ਟੁੱਟਣ ਦਾ ਖਦਸ਼ਾ ਬਣਿਆ ਹੋਇਆ ਹੈ।
ਇਸ ਸੰਬੰਧੀ ਕਿਸਾਨਾਂ ਦਰਸ਼ਨ ਸਿੰਘ, ਕੁਲਵੰਤ ਸਿੰਘ, ਨਛੱਤਰ ਸਿੰਘ, ਸੁਰਜੀਤ ਸਿੰਘ, ਬੱਗਾ ਸਿੰਘ, ਕ੍ਰਿਸ਼ਨ ਸਿੰਘ ਅਤੇ ਧਰਮ ਸਿੰਘ ਆਦਿ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨਹਿਰ ਦੀ ਸਫ਼ਾਈ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਵੀ ਕਦੇ-ਕਦੇ ਨਹਿਰ 'ਤੇ ਚੱਕਰ ਮਾਰਦੇ ਹਨ, ਜਿਸ ਦੌਰਾਨ ਉਨ੍ਹਾਂ ਦੀ ਨਜ਼ਰ ਸਰਕੰਡੇ ਅਤੇ ਗਾਰ 'ਤੇ ਨਹੀਂ ਪਈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਨਹਿਰ 'ਚੋਂ ਰੇਤ ਜ਼ਰੂਰ ਕੱਢਿਆ ਸੀ ਪਰ ਨਹਿਰ ਦੇ ਕੰਢਿਆਂ ਦੀ ਸਫ਼ਾਈ ਨਹੀਂ ਕੀਤੀ। ਉਨ੍ਹਾਂ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਹਿਰ ਦੇ ਕੰਢਿਆਂ ਦੀ ਜਲਦ ਸਫ਼ਾਈ ਕਰਵਾਈ ਜਾਵੇ।

ਕੀ ਕਹਿੰਦੇ ਹਨ ਐੱਸ. ਡੀ. ਓ. ਰਮਨਪ੍ਰੀਤ ਸਿੰਘ
ਐੱਸ. ਡੀ. ਓ. ਰਮਨਪ੍ਰੀਤ ਸਿੰਘ ਨੇ ਕਿਹਾ ਕਿ ਨਹਿਰ ਬਣਨ ਤੋਂ ਬਾਅਦ 2015 ਵਿਚ ਪਹਿਲੀ ਵਾਰ ਨਹਿਰ ਦੀ ਡੀ-ਸਿਲਟਿੰਗ ਦਾ ਕੰਮ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਇੰਟਰਨਲ ਕਲੀਨਰ ਅਤੇ ਸ਼ੈੱਡ ਦੇ ਬਰਮਾਂ 'ਤੇ ਕਰੀਬ ਸਾਢੇ ਪੰਜ ਕਰੋੜ ਰੁਪਏ ਖਰਚੇ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਨਹਿਰ ਬੰਦ ਨਹੀਂ ਮਿਲੀ ,ਜਿਸ ਕਾਰਨ ਦਿੱਕਤ ਪੇਸ਼ ਆ ਰਹੀ ਹੈ। ਜਿਵੇਂ ਹੀ ਉਨ੍ਹਾਂ ਨੂੰ ਨਹਿਰਬੰਦੀ ਮਿਲੇਗੀ, ਉਹ ਮਗਨਰੇਗਾ ਰਾਹੀਂ ਇਸਦੀ ਸਫ਼ਾਈ ਕਰਵਾ ਦੇਣਗੇ। ਉਨ੍ਹਾਂ ਇਹ ਵੀ ਮੰਨਿਆ ਕਿ ਸਰਕੰਡਿਆਂ ਕਾਰਨ ਪਾਣੀ ਜ਼ਰੂਰ ਘੱਟ ਪਹੁੰਚਦਾ ਹੈ ਪਰ ਇਸ ਨਾਲ ਨਹਿਰ ਟੁੱਟਣ ਦਾ ਖਤਰਾ ਨਹੀਂ ਹੈ ਪਰ ਉਹ ਜਲਦ ਹੀ ਨਹਿਰ ਦੀ ਸਫ਼ਾਈ ਕਰਵਾ ਦੇਣਗੇ।


Related News