ਤੇਲ ਭਰਵਾਉਣ ਨੂੰ ਪੈਸੇ ਨਹੀਂ, ਗਧੇ ’ਤੇ ਬੈਠ ਕੇ ਵੋਟਾਂ ਮੰਗ ਰਿਹਾ ਉਮੀਦਵਾਰ
Saturday, May 18, 2024 - 01:18 PM (IST)
ਨੈਸ਼ਨਲ ਡੈਸਕ- ਗੋਪਾਲਗੰਜ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਸਤੇਂਦਰ ਬੈਠਾ ਆਪਣੇ ਸਮਰਥਕਾਂ ਨਾਲ ਗਧੇ ’ਤੇ ਸਵਾਰ ਹੋ ਕੇ ਚੋਣ ਪ੍ਰਚਾਰ ਕਰਦਿਆਂ ਅਤੇ ਵੋਟਰਾਂ ਨੂੰ ਆਪਣੇ ਹੱਕ ’ਚ ਵੋਟ ਪਾਉਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਆਪਣੀ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਵੀ ਉਹ ਗਧੇ ’ਤੇ ਬੈਠ ਕੇ ਜ਼ਿਲਾ ਮੈਜਿਸਟ੍ਰੇਟ ਦਫ਼ਤਰ ਪੁੱਜੇ ਸਨ। ਸਤੇਂਦਰ ਬੈਠਾ ਨੇ ਕਿਹਾ ਕਿ ਮਹਿੰਗਾਈ ਆਸਮਾਨ ਛੂਹ ਰਹੀ ਹੈ, ਜਿਸ ਕਾਰਨ ਅਸੀਂ ਤੇਲ ਨਹੀਂ ਭਰਵਾ ਸਕਦੇ। ਇਸੇ ਲਈ ਉਹ ਗਧੇ ’ਤੇ ਬੈਠ ਕੇ ਚੋਣ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਮੁੱਖ ਮੁੱਦੇ ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ ਅਤੇ ਸਿਹਤ ਹਨ। ਮੈਂ ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਵਿਚਕਾਰ ਜਾ ਰਿਹਾ ਹਾਂ।
ਜੇਕਰ ਗੋਪਾਲਗੰਜ ਦੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਤਾਂ ਮੈਂ ਇਨ੍ਹਾਂ ਸਾਰੇ ਮੁੱਦਿਆਂ ’ਤੇ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਬਾਕੀ ਉਮੀਦਵਾਰ ਚੋਣਾਂ ’ਚ ਕਰੋੜਾਂ ਰੁਪਏ ਖਰਚ ਕਰ ਰਹੇ ਹਨ, ਉਹ ਜਿੱਤਣ ਤੋਂ ਬਾਅਦ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟ ਕੇ ਆਪਣੀ ਭਰਪਾਈ ਨੂੰ ਪੂਰਾ ਕਰ ਲੈਣਗੇ। ਵਿਕਾਸ ਕਾਰਜਾਂ ਲਈ ਜੋ ਪੈਸੇ ਉਨ੍ਹਾਂ ਨੂੰ ਮਿਲਣਗੇ, ਉਸ ’ਚ ਉਹ ਭ੍ਰਿਸ਼ਟਾਚਾਰ ਕਰ ਕਰੇ ਆਪਣੇ ਖਰਚ ਕੀਤੇ ਪੈਸਿਆਂ ਨੂੰ ਵਸੂਲਣ ’ਚ ਲੱਗ ਜਾਣਗੇ ਪਰ ਜੇਕਰ ਅਸੀਂ ਚੋਣਾਂ ਜਿੱਤ ਗਏ ਤਾਂ ਅਜਿਹਾ ਦਿਨ ਨਹੀਂ ਦੇਖਣਾ ਪਵੇਗਾ, ਕਿਉਂਕਿ ਮੈਂ ਬਹੁਤ ਘੱਟ ਖਰਚੇ ’ਤੇ ਆਪਣੀ ਚੋਣ ਲੜ ਰਿਹਾ ਹਾਂ।