ਸਰਹਿੰਦ ਨਹਿਰ ਦੇ ਗੇਟਾਂ ਦੀ ਮੁਰੰਮਤ ਕਾਰਨ ਥਰਮਲ ਪਲਾਂਟ ਬੰਦ
Saturday, Nov 24, 2018 - 12:26 PM (IST)

ਘਨੌਲੀ (ਸ਼ਰਮਾ) : ਨਹਿਰੀ ਵਿਭਾਗ ਵੱਲੋਂ ਸਰਹਿੰਦ ਨਹਿਰ ਲਈ ਰੂਪਨਗਰ ਹੈੱਡਵਰਕਸ 'ਤੇ ਲਾਏ ਗਏ ਗੇਟਾਂ ਦੀ ਮੁਰੰਮਤ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 6 'ਚੋਂ 3 ਯੂਨਿਟ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਥਰਮਲ ਪਲਾਂਟ ਦੀਆਂ ਟਰਬਾਈਨਾਂ ਤੋਂ ਬਾਅਦ ਸਤਲੁਜ ਦਰਿਆ ਤੱਕ ਗਰਮ ਪਾਣੀ ਸੁੱਟਣ ਲਈ ਬਣਾਈ ਗਈ ਨਹਿਰ ਦਾ ਪਾਣੀ ਵੀ ਰੁਕ ਜਾਣ ਕਾਰਨ ਮਾਈਕਰੋ ਹਾਈਡਲ ਪਾਵਰ ਪਲਾਂਟ ਵੀ ਬੰਦ ਕਰ ਦਿੱਤਾ ਗਿਆ ਹੈ। ਉਕਤ ਮੁਰੰਮਤ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਉਕਤ ਮਾਈਕਰੋ ਹਾਈਡਲ ਪਾਵਰ ਪਲਾਂਟ ਵੀ ਕਰੀਬ 15 ਦਿਨਾਂ ਤੱਕ ਬੰਦ ਰਹੇਗਾ।
ਕੀ ਕਹਿਣੈ ਥਰਮਲ ਪਲਾਂਟ ਦੇ ਜੀ.ਐੱਮ. ਦਾ
ਇਸ ਸਬੰਧੀ ਥਰਮਲ ਪਲਾਂਟ ਦੇ ਜੀ. ਐੱਮ. ਕਮ ਇੰਜੀਨੀਅਰ ਇਨ ਚੀਫ ਜਸਵਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਕਤ ਵਿਭਾਗ ਦੇ ਪੱਤਰ ਦੇ ਆਧਾਰ 'ਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਥਰਮਲ ਪਲਾਂਟ ਦੇ ਸਾਰੇ ਯੂਨਿਟ 22 ਨਵੰਬਰ ਰਾਤ 12 ਵਜੇ ਤੋਂ ਲੈ ਕੇ 7 ਦਸੰਬਰ ਰਾਤ 12 ਵਜੇ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹੋਏ ਹਨ। ਜੀ. ਐੱਮ. ਜਸਵਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਬੀਤੇ ਕੱਲ ਥਰਮਲ ਪਲਾਂਟ ਦੇ ਡਿਪਟੀ ਚੀਫ ਇੰਜੀਨੀਅਰ ਨਿਰੰਜਣ ਸਿੰਘ ਨੂੰ ਨਾਲ ਲੈ ਕੇ ਗੇਟਾਂ 'ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਤੇ ਗੇਟਾਂ ਦੀ ਮੁਰੰਮਤ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ।
ਪ੍ਰਤੀ ਦਿਨ 50. 4 ਲੱਖ ਯੂਨਿਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੈ ਇਕ ਯੂਨਿਟ
ਥਰਮਲ ਪਲਾਂਟ ਦੇ ਯੂਨਿਟਾਂ ਵੱਲੋਂ ਬਿਜਲੀ ਦੀ ਪੈਦਾਵਾਰ ਸਬੰਧੀ ਪੁੱਛਣ 'ਤੇ ਥਰਮਲ ਪਲਾਂਟ ਦੇ ਡਿਪਟੀ ਚੀਫ ਇੰਜੀਨੀਅਰ ਪੀ.ਕੇ. ਧਵਨ ਨੇ ਦੱਸਿਆ ਕਿ ਥਰਮਲ ਪਲਾਂਟ ਅੰਦਰ 210 ਮੈਗਾਵਾਟ ਪ੍ਰਤੀ ਯੂਨਿਟ ਦੇ ਹਿਸਾਬ ਨਾਲ 6 ਯੂਨਿਟ ਹਨ ਜਿਨ੍ਹਾਂ ਵਿਚੋਂ 2 ਪੱਕੇ ਤੌਰ 'ਤੇ ਬੰਦ ਹਨ ਤੇ ਇਸ ਵੇਲੇ 3 ਯੂਨਿਟ ਹੀ ਬਿਜਲੀ ਪੈਦਾ ਕਰ ਰਹੇ ਸਨ। ਜੇਕਰ ਇਕ ਯੂਨਿਟ ਪੂਰੇ ਲੋਡ 'ਤੇ ਚੱਲਦਾ ਹੈ ਤਾਂ 50.4 ਲੱਖ ਬਿਜਲੀ ਦੇ ਯੂਨਿਟ ਬਣਦੇ ਹਨ, ਇਸ ਤਰ੍ਹਾਂ ਅੱਜਕਲ ਥਰਮਲ ਪਲਾਂਟ ਅੰਦਰ ਰੋਜ਼ਾਨਾ ਕਰੀਬ ਡੇਢ ਕਰੋੜ ਬਿਜਲੀ ਦੇ ਯੂਨਿਟ ਪੈਦਾ ਹੋ ਰਹੇ ਸਨ। ਇਸ ਦੇ ਨਾਲ ਮਾਈਕਰੋ ਹਾਈਡਲ ਵੀ ਰੋਜ਼ਾਨਾ 20 ਤੋਂ 25 ਹਜ਼ਾਰ ਯੂਨਿਟ ਬਿਜਲੀ ਪੈਦਾ ਕਰ ਰਿਹਾ ਸੀ।