ਵਿਦਿਅਕ ਖੇਤਰ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਸਰ ਸਯਦ ਅਹਿਮਦ ਖਾਨ
Saturday, Oct 17, 2020 - 11:19 AM (IST)
ਵਿਸ਼ਵ ਪ੍ਰਸਿੱਧ ਅਲੀਗੜ੍ਹ ਯੂਨੀਵਰਸਿਟੀ ਦਾ ਨਾਂ ਤਾਂ ਮੇਰੇ ਖਿਆਲ 'ਚ ਹਰ ਕਿਸੇ ਨੇ ਸੁਣਿਆ ਹੋਵੇਗਾ। ਇਸ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਪਹਿਲਾਂ ਪਹਿਲ ਕਾਲਜ ਦੇ ਰੂਪ 'ਚ ਸ਼ੁਰੂ ਕਰਨ ਵਾਲੇ ਸਰ ਸਯਦ ਅਹਿਮਦ ਖਾਂ ਦਾ ਜਨਮ 17 ਅਕਤੂਬਰ 1817 'ਚ ਦਿੱਲੀ ਵਿਖੇ ਹੋਇਆ। ਉਨ੍ਹਾਂ ਦੇ ਵੱਡੇ ਵਡੇਰੇ ਅਰਬ ਤੋਂ ਈਰਾਨ ਆਏ ਸਨ ਤੇ ਫਿਰ ਉਥੋਂ ਅਕਬਰ ਦੇ ਜ਼ਮਾਨੇ 'ਚ ਅਫ਼ਗਾਨਿਸਤਾਨ ਦੇ ਹੇਰਾਤ ਆ ਵਸੇ, ਸ਼ਾਹਜਹਾਂ ਦੇ ਜ਼ਮਾਨੇ 'ਚ ਹੇਰਾਤ ਤੋਂ ਹਿੰਦੁਸਤਾਨ ਆ ਗਏ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਨਾਨਾ ਖਵਾਜਾ ਫ਼ਰੀਦ ਉੱਦੀਨ ਅਹਿਮਦ ਖਾਂ ਤੋਂ ਪ੍ਰਾਪਤ ਕੀਤੀ। ਅਰੰਭਕ ਸਿੱਖਿਆ ਦੇ ਰੂਪ 'ਚ ਕੁਰਆਨ ਦੀ ਤਾਲੀਮ ਹਾਸਲ ਕੀਤੀ। ਇਸ ਦੇ ਇਲਾਵਾ ਅਰਬੀ ਅਤੇ ਫ਼ਾਰਸੀ ਸਾਹਿਤ ਦਾ ਅੱਛਾ ਖਾਸਾ ਅਧਿਐਨ ਕੀਤਾ। ਇਸਦੇ ਨਾਲ-ਨਾਲ ਉਨ੍ਹਾਂ ਹਿਸਾਬ, ਚਿਕਿਤਸਾ ਅਤੇ ਇਤਿਹਾਸ 'ਚ ਵੀ ਮੁਹਾਰਤ ਹਾਸਲ ਕੀਤੀ। ਸਰ ਸਈਅਦ ਨੇ ਕਈ ਸਾਲਾਂ ਲਈ ਮੈਡੀਸਨ ਦੀ ਪੜ੍ਹਾਈ ਕੀਤੀ ਲੇਕਿਨ ਕੋਰਸ ਪੂਰਾ ਨਾ ਕੀਤਾ।
ਅਰੰਭਕ ਸਿੱਖਿਆ ਪ੍ਰਾਪਤ ਕਰਨ ਦੇ ਬਾਅਦ ਉਨ੍ਹਾਂ ਨੇ ਆਪਣੇ ਮਾਸੜ ਮੌਲਵੀ ਖਲੀਲ ਅੱਲ੍ਹਾ ਕੋਲੋਂ ਕਾਨੂੰਨੀ ਕੰਮ ਸਿੱਖਿਆ ਅਤੇ 1837 'ਚ ਆਗਰਾ 'ਚ ਕਮਿਸ਼ਨਰ ਦੇ ਦਫ਼ਤਰ 'ਚ ਬਤੌਰ ਨਾਇਬ ਮੁਨਸ਼ੀ ਕੰਮ ਕਰਨ ਲੱਗੇ। 1841 ਅਤੇ 1842 'ਚ ਮੈਨਪੁਰੀ ਅਤੇ 1842 ਅਤੇ 1846 ਤੱਕ ਫਤੇਹਪੁਰ ਸੀਕਰੀ 'ਚ ਸਰਕਾਰੀ ਸੇਵਾਵਾਂ ਨਿਭਾਈਆਂ। ਮਿਹਨਤ ਅਤੇ ਈਮਾਨਦਾਰੀ ਨਾਲ ਤਰੱਕੀ ਕਰਦੇ ਹੋਏ 1846 'ਚ ਦਿੱਲੀ 'ਚ ਸਦਰ ਅਮੀਨ ਨਿਯੁਕਤ ਹੋਏ। ਦਿੱਲੀ 'ਚ ਰਹਿੰਦੇ ਹੋਏ ਉਨ੍ਹਾਂ ਆਪਣੀ ਪ੍ਰਸਿੱਧ ਕਿਤਾਬ “ਆਸਾਰ-ਉਲ-ਸਨਾਦੀਦ'' ਲਿਖੀ।
1845 'ਚ ਉਨ੍ਹਾਂ ਦਾ ਤਬਾਦਲਾ ਜ਼ਿਲ੍ਹਾ ਬਿਜਨੌਰ ਵਿਖੇ ਹੋ ਗਿਆ। ਬਿਜਨੌਰ 'ਚ ਰਹਿੰਦਿਆਂ ਹੋਇਆਂ ਉਨ੍ਹਾਂ ਆਪਣੀ ਕਿਤਾਬ “ਸਰਕਸ਼ੀ ਜ਼ਿਲ੍ਹਾ ਬਿਜਨੌਰ'' ਲਿਖੀ। ਹਿੰਦ ਦੀ ਪਹਿਲੀ ਜੰਗ-ਏ-ਆਜ਼ਾਦੀ ਦੌਰਾਨ ਸਰ ਸਯਦ ਅਹਿਮਦ ਖਾਨ ਬਿਜਨੌਰ ਸਨ। ਇਸ ਖੂਨ ਖਰਾਬੇ 'ਚ ਉਨ੍ਹਾਂ ਕਈ ਅੰਗਰੇਜ਼ ਪੁਰਸ਼ਾਂ, ਜਨਾਨੀਆਂ ਅਤੇ ਬੱਚਿਆਂ ਦੀਆਂ ਜਾਨਾਂ ਬਚਾਈਆਂ । ਉਨ੍ਹਾਂ ਨੇ ਇਹ ਕੰਮ ਇਨਸਾਨੀ ਹਮਦਰਦੀ ਦੇ ਨਾਤੇ ਕੀਤਾ। ਅਮਨ ਓ ਅਮਾਨ ਹੋ ਜਾਣ ਦੇ ਬਾਅਦ ਉਨ੍ਹਾਂ ਨੂੰ ਇਸ ਸੇਵਾ ਦੇ ਬਦਲੇ ਇਨਾਮ ਦੇਣ ਲਈ ਇਕ ਜਾਗੀਰ ਦੀ ਪੇਸ਼ਕਸ਼ ਹੋਈ, ਜਿਸ ਨੂੰ ਸਵੀਕਾਰ ਕਰਨ ਤੋਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ।1877 'ਚ ਆਪ ਨੂੰ ਇੰਪੀਰਿਅਲ ਕੌਂਸਲ ਮੈਂਬਰ ਨਾਮਜ਼ਦ ਕੀਤਾ ਗਿਆ। 1888 'ਚ ਉਨ੍ਹਾਂ ਨੂੰ ਸਰ ਦਾ ਖਿਤਾਬ ਦਿੱਤਾ ਗਿਆ ਅਤੇ 1889 'ਚ ਇੰਗਲੈਂਡ ਦੀ ਯੂਨੀਵਰਸਿਟੀ ਐਡਨਬਰਾ ਨੇ ਉਨ੍ਹਾਂ ਨੂੰ ਐੱਲ. ਐੱਲ. ਡੀ. ਦੀ ਆਨਰੇਰੀ ਡਿਗਰੀ ਦਿੱਤੀ।
1862 'ਚ ਗਾਜੀਪੁਰ 'ਚ ਉਨ੍ਹਾਂ ਨੇ ਸਾਇੰਟਫ਼ਿਕ ਸੋਸਾਇਟੀ ਦੀ ਸਥਾਪਨਾ ਕੀਤੀ। ਅਲੀਗੜ੍ਹ ਗਏ ਤਾਂ ਅਲੀਗੜ੍ਹ ਸੰਸਥਾਨ ਗਜਟ ਕੱਢਿਆ। ਇੰਗਲੈਂਡ ਤੋਂ ਪਰਤਣ ਉੱਤੇ 1870 'ਚ ਰਿਸਾਲਾ ਤਹਿਜ਼ੀਬ-ਉਲ-ਖ਼ਲਾਕ ਜਾਰੀ ਕੀਤਾ। ਇਸ ਵਿਚਲੇ ਸਰ ਸਯਦ ਅਹਿਮਦ ਖਾਨ ਦੁਆਰਾ ਲਿਖੇ ਜਾਂਦੇ ਲੇਖਾਂ ਨੇ ਭਾਰਤੀ ਮੁਸਲਮਾਨਾ ਦੇ ਵਿੱਚਾਰਾਂ 'ਚ ਵੱਡਾ ਇਨਕਲਾਬ ਪੈਦਾ ਕੀਤਾ। ਸਰ ਸਈਅਦ ਦਾ ਵੱਡਾ ਕਾਰਨਾਮਾ ਅਲੀਗੜ੍ਹ ਕਾਲਜ ਸੀ। 1887 'ਚ ਸੱਤਰ ਸਾਲ ਦੀ ਉਮਰ 'ਚ ਪੈਨਸ਼ਨ ਲੈ ਲਈ ਅਤੇ ਆਪਣੇ ਆਪ ਨੂੰ ਇਸ ਕਾਲਜ ਦੇ ਵਿਕਾਸ ਅਤੇ ਰਾਜਨੀਤੀ ਲਈ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ। ਸਰ ਸਯਦ ਅਹਿਮਦ ਖਾਨ ਨੇ ਵੱਖ-ਵੱਖ ਸਮਿਆਂ ਦੌਰਾਨ ਪੰਜਾਬ ਦੇ ਪੰਜ ਚੱਕਰ ਲਗਾਏ । ਉਨ੍ਹਾਂ ਦੀਆਂ ਇਨ੍ਹਾਂ ਪੰਜਾਬ ਫ਼ੇਰੀਆਂ ਦਾ ਜ਼ਿਕਰ ਉਨ੍ਹਾਂ ਦੇ ਉਰਦੂ 'ਚ ਪ੍ਰਕਾਸ਼ਿਤ ਸਫ਼ਰਨਾਮਾ 'ਚ ਵੀ ਮਿਲਦਾ ਹੈ।
ਇਥੇ ਜ਼ਿਕਰਯੋਗ ਹੈ ਕਿ ਉਸ ਸਮੇਂ ਵਿਸ਼ੇਸ਼ ਤੌਰ 'ਤੇ ਭਾਰਤ ਦੇ ਮੁਸਲਮਾਨ ਸਿੱਖਿਆ ਦੇ ਖੇਤਰ 'ਚ ਅਤਿ ਪਿਛੜੇ ਹੋਏ ਸਨ। ਉਸ ਦੀ ਸ਼ਾਇਦ ਇਕ ਵੱਡੀ ਵਜ੍ਹਾ ਇਹ ਵੀ ਸੀ ਕਿ ਉਸ ਵਕਤ ਦੇ ਵਧੇਰੇ ਮੁਸਲਮਾਨ ਆਧੁਨਿਕ ਸਿੱਖਿਆ ਨੂੰ ਇਸਲਾਮ ਵਿਰੋਧੀ ਖ਼ਿਆਲ ਕਰਦੇ ਸਨ। ਇਹੋ ਵਜ੍ਹਾ ਹੈ ਕਿ ਪ੍ਰਸਿੱਧ ਕਵੀ ਇਕਬਾਲ ਨੇ ਕਿਹਾ ਸੀ ਕਿ :
ਆਈਨੇ ਨੋ ਸੇ ਡਰਨਾ ਤਰਜ ਏ ਕੁਹਨ ਪੇ ਅੜਨਾ।
ਮੰਜ਼ਲ ਯੇਹੀ ਕਠਿਨ ਹੈ ਕੌਮੋਂ ਕੀ ਜਿੰਦਗੀ ਮੇਂ।
ਸਰ ਸਯਦ ਅਹਿਮਦ ਖਾਨ ਨੇ ਮੁਸਲਿਮ ਕੌਮ ਨੂੰ ਆਧੁਨਿਕ ਸਿੱਖਿਆ ਵਿਸ਼ੇਸ਼ ਤੌਰ ਤੇ ਅੰਗਰੇਜ਼ੀ ਭਾਸ਼ਾ ਅਤੇ ਸਾਇੰਸ ਵਿਸ਼ਿਆਂ ਦੇ ਮਹੱਤਵ ਨੂੰ ਦੱਸਦਿਆਂ ਇਸ ਦੀ ਪ੍ਰਾਪਤੀ ਲਈ ਪ੍ਰੇਰਿਤ ਕੀਤਾ। ਪੱਛਮੀ ਸਿੱਖਿਆ ਪ੍ਰਾਪਤੀ 'ਚ ਸਭ ਤੋਂ ਵੱਡੀ ਰੁਕਾਵਟ ਮੁਸਲਮਾਨਾਂ ਦਾ ਸਮਾਜਿਕ ਅੰਧ-ਵਿਸ਼ਵਾਸ ਅਤੇ ਅੰਗਰੇਜ਼ੀ ਅਤੇ ਅੰਗਰੇਜ਼ਾਂ ਨਾਲ ਨਫ਼ਰਤ ਕਰਨਾ ਸੀ ਕਿਉਂਕਿ ਅਕਸਰ ਮੁਸਲਮਾਨ ਅੰਗਰੇਜ਼ੀ ਸਿੱਖਿਆ ਨੂੰ ਈਸਾਈ ਬਣਾਉਣ ਦਾ ਇਕ ਜ਼ਰੀਆ ਖ਼ਿਆਲ ਕਰਦੇ ਸਨ।
1857 ਦੀ ਜੰਗੇ ਆਜ਼ਾਦੀ ਦੀ ਅਸਫ਼ਲਤਾ ਤੋਂ ਮੁਸਲਮਾਨਾਂ ਦੀ ਸਥਿਤੀ ਸਬੰਧੀ ਨਾਵੈਦ ਪਾਸ਼ਾ ਆਪਣੇ ਇਕ ਖੋਜ ਪੱਤਰ “ਸਰ ਸਯਦ ਅਹਿਮਦ ਖਾਨ ਅਤੇ ਮੈਗਜ਼ੀਨ ਤਹਿਜੀਬ ਉਲ ਇਖਲਾਕ ਦਾ ਮਹੱਤਵ'' 'ਚ ਲਿਖਦੇ ਹਨ ਕਿ “ਸਰ ਸਯਦ ਅਹਿਮਦ ਖਾਂ ਦੇ ਨਜ਼ਦੀਕ ਉੱਚ ਵਿੱਦਿਆ ਦੀ ਪ੍ਰਾਪਤੀ ਮੁਸਲਮਾਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਸੀ। 1857 ਦੇ ਸੁਤੰਤਰਤਾ ਸੰਗਰਾਮ ਦੀ ਨਾਕਾਮੀ ਉਪਰੰਤ ਮੁਸਲਮਾਨ ਆਰਥਿਕ ਪੱਖੋਂ ਬਰਬਾਦ ਹੋ ਗਏ ਸਨ ਉਨ੍ਹਾਂ ਦੀਆਂ ਜਾਇਦਾਦਾਂ ਨਿਲਾਮ ਹੋ ਗਈਆਂ ਸਨ, ਉਨ੍ਹਾਂ ਦੀਆਂ ਜਾਗੀਰਾਂ ਜਬਤ (ਕੁਰਕ) ਹੋ ਗਈਆਂ ਅਤੇ ਹਜਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਬਦਲਾ ਲਊ ਭਾਵਨਾ ਅਧੀਨ ਫ਼ਾਂਸੀ ਲਗਾ ਦਿੱਤਾ ਗਿਆ ਸੀ ਜਦੋਂ ਕਿ ਲੱਖਾਂ ਲੋਕ ਦੋ ਵਕਤ ਰੋਟੀ ਖਾਣ ਲਈ ਵੀ ਮੁਹਤਾਜ ਹੋ ਗਏ ਸਨ “ਉਹ ਇਸ ਤੋਂ ਅੱਗੇ ਲਿਖਦੇ ਹਨ ਕਿ “ਮੁਸਲਮਾਨ ਤਾਲੀਮੀ ਪੱਖੋਂ ਬਹੁਤ ਪਿੱਛੇ ਰਹਿ ਗਏ ਸਨ ਸਰ ਸਯਦ ਅਹਿਮਦ ਖਾਨ ਦੇ ਸਮੇਂ ਕੋਲਕਾਤਾ ਯੂਨੀਵਰਸਿਟੀ 'ਚ ਦੋ ਸੌ ਉਮੀਦਵਾਰਾਂ ਨੇ ਬੀ. ਏ. ਦੇ ਇਮਤਿਹਾਨ ਨੂੰ ਪਾਸ ਕੀਤਾ ਤਾਂ ਉਨ੍ਹਾਂ 'ਚ ਸਿਰਫ਼ ਇਕ ਮੁਸਲਮਾਨ ਸੀ। “ਜਦੋਂ ਕਿ ਸਰ ਸਯਦ ਅਹਿਮਦ ਖਾਨ ਲਿਖਦੇ ਹਨ ਕਿ ਉਸ ਸਮੇਂ ਮੁਸਲਮਾਨਾਂ ਨੂੰ ਪੱਖਾ (ਪੱਖਾ ਝੱਲਣ ਵਾਲੇ) ਕੁਲੀ, ਮਾਲੀ, ਘਸਿਆਰੇ ਅਤੇ ਕੌਚਵਾਨ ਦੇ ਇਲਾਵਾ ਕੋਈ ਵੀ ਨੌਕਰੀ ਨਹੀਂ ਸੀ ਮਿਲਦੀ। ਕਿਉਂਕਿ ਉਹ ਵਿਓਪਾਰਕ ਅਤੇ ਵਿਦਿਅਕ ਖੇਤਰਾਂ 'ਚ ਦੂਜੇ ਫ਼ਿਰਕਿਆਂ ਦੇ ਲੋਕਾਂ ਨਾਲੋਂ ਬਹੁਤ ਪਿੱਛੇ ਰਹਿ ਗਏ ਸਨ ਅਤੇ ਉਹ ਸਿਰ ਤੋਂ ਲੈ ਕੇ ਪੈਰਾਂ ਤਕ ਕਰਜ਼ੇ 'ਚ ਡੁੱਬੇ ਹੋਏ ਸਨ। ਉਹ ਫਜ਼ੂਲ ਰਸਮਾਂ ਪੂਰੀਆਂ ਕਰਨ ਲਈ ਮਹਾਜਨਾ ਤੋਂ ਵਿਆਜ਼ ਤੇ ਵੱਡੀਆਂ-ਵੱਡੀਆਂ ਰਕਮਾਂ ਉਧਾਰ ਲੈ ਰਹੇ ਸਨ। ਕਿਉਂਕਿ ਉਹ ਕਰਜ਼ਾ ਵਾਪਸ ਨਹੀਂ ਸਨ ਕਰ ਸਕਦੇ ਤਾਂ ਨਤੀਜੇ ਵਜੋਂ ਉਨ੍ਹਾਂ ਦੀਆਂ ਜਾਇਦਾਦਾਂ ਮਹਾਜਨ ਜਬਤ ਕਰਾ ਲੈਂਦੇ।
“ਆਪਣੀ ਕੌਮ ਦੀ ਉਕਤ ਹਾਲਤ ਵੇਖ ਕੇ ਸਰ ਸਯਦ ਅਹਿਮਦ ਖਾਨ ਦੇ ਦਿਲ 'ਚ ਇਕ ਹੂਕ ਉਠਦੀ ਸੀ ਉਹ ਚਾਹੁੰਦੇ ਸਨ ਕਿ ਮੇਰੀ ਕੌਮ ਵਿਦਿਆ ਦੀ ਅਹਿਮੀਅਤ ਨੂੰ ਸਮਝਦਿਆਂ ਜਹਾਲਤ ਦੇ ਹਨ੍ਹੇਰਿਆਂ ਬਾਹਰ ਨਿਕਲ ਕੇ ਜਮਾਨੇ ਦੀ ਰਮਜ ਦੇ ਨਾਲ ਚੱਲੇ। ਸਰ ਸਯਦ ਦੀ ਫ਼ਿਕਰਮੰਦੀ ਦਾ ਅੰਦਾਜ਼ਾ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਤੋਂ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ “ਜੋ ਹਾਲ ਉਸ ਵਕਤ ਕੌਮ ਦਾ ਸੀ ਉਹ ਮੈਥੋਂ ਵੇਖਿਆ ਨਹੀਂ ਜਾਂਦਾ ਸੀ ਕੁਝ ਦਿਨ ਇਸੇ ਉਧੇੜ-ਬੁਤ 'ਚ ਰਿਹਾ। ਤੁਸੀਂ ਯਕੀਨ ਮੰਨੋਂ ਕਿ ਇਸ ਦੁੱਖ ਨੇ ਮੈਨੂੰ ਬੁੱਢਾ ਕਰ ਦਿੱਤਾ ਅਤੇ ਮੇਰੇ ਵਾਲ ਸਫੈਦ ਕਰ ਦਿੱਤੇ।“
ਮੁਸਲਿਮ ਭਾਈਚਾਰੇ ਨੂੰ ਆਧੁਨਿਕ ਸਿੱਖਿਆ ਦੇਣ ਲਈ ਇਕ ਕਾਲਜ ਬਣਾਉਣ ਦੇ ਮਕਸਦ ਨਾਲ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦਾ ਉਦੇਸ਼ ਚੰਦਾ ਇਕੱਠਾ ਕਰਨਾ ਸੀ ਤੇ ਸਰ ਸਯਦ ਅਹਿਮਦ ਖਾਨ ਨੂੰ ਇਸ ਉਕਤ ਕਮੇਟੀ ਦਾ ਆਜੀਵਨ ਮੈਂਬਰ ਚੁਣਿਆਂ ਗਿਆ । ਕਮੇਟੀ ਮੈਂਬਰਾਂ ਦੇ ਬਹੁਮੱਤ ਨਾਲ ਇਸ ਕਾਲਜ ਦਾਨੂੰ ਅਲੀਗੜ੍ਹ ਵਿਖੇ ਖੋਲ੍ਹੇ ਜਾਣ ਦਾ ਫ਼ੈਸਲਾ ਕੀਤਾ ਗਿਆ।
ਕਮੇਟੀ ਮੈਂਬਰਾਂ ਅਨੁਸਾਰ ਅਲੀਗੜ੍ਹ ਵਾਤਾਵਰਨ ਅਤੇ ਸਿਹਤ ਦੀ ਦ੍ਰਿਸ਼ਟੀ ਤੋਂ ਵਧੇਰੇ ਚੰਗਾ ਸੀ ਇਸ ਦੇ ਨਾਲ ਨਾਲ ਉਥੇ 74 ਏਕੜ ਫ਼ੌਜੀ ਛਾਉਣੀ ਦੀ ਜਗ੍ਹਾ ਵੀ ਪਈ ਸੀ । ਇਥੇ ਜ਼ਿਕਰਯੋਗ ਹੈ ਕਿ 1873 'ਚ ਸਰ ਸਯਦ ਦੇ ਪੁੱਤ ਜਸਟਿਸ ਸਯਦ ਮਹਿਮੂਦ ਨੇ ਸੰਸਥਾ ਦੇ ਢਾਂਚੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ “ਅਸੀਂ ਇਕ ਕਾਲਜ ਨਹੀਂ ਸਗੋਂ ਯੂਨੀਵਰਸਿਟੀ ਦੀ ਸਥਾਪਨਾ ਕਰਾਂਗੇ। ਇਸ 'ਚ ਬ੍ਰਿਟਿਸ਼ ਸਰਕਾਰ ਦਾ ਕੋਈ ਦਖ਼ਲ ਨਹੀਂ ਹੋਵੇਗਾ ਅਤੇ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਦਾ ਦਾਖ਼ਲਾ ਹੋਵੇਗਾ। ਸਰ ਸਯਦ ਨੇ ਸੰਸਥਾ ਲਈ ਚੰਦਾ ਜਮ੍ਹਾ ਕਰਨ ਵਾਸਤੇ ਬਹੁਤ ਸਾਰੇ ਤਰੀਕੇ ਵਰਤੇ। ਦਾਨ ਲਿਆ, ਲਾਟਰੀ ਦੀਆਂ ਟਿਕਟਾਂ ਵੇਚੀਆਂ। ਬਜ਼ੁਰਗ ਹੁੰਦੇ ਹੋਏ ਵੀ ਸਰ ਸਯਦ ਅਹਿਮਦ ਨੇ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਚੰਦੇ ਲਈ ਬਹੁਤ ਦੂਰ-ਦੂਰ ਤੱਕ ਦੇ ਸਫ਼ਰ ਕੀਤੇ । ਇਸੇ ਸੰਦਰਭ 'ਚ ਉਹ ਪੰਜਾਬ ਵੀ ਆਏ। ਇਥੇ ਪਟਿਆਲੇ ਦੇ ਰਾਜਾ ਮਹਿੰਦਰ ਸਿੰਘ ਨੇ ਉਨ੍ਹਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ। ਸ਼ਾਇਦ ਇਹੋ ਵਜ੍ਹਾ ਹੈ ਕਿ ਸਰ ਸਯਦ ਅਹਿਮਦ ਖਾਨ ਅਕਸਰ ਪੰਜਾਬ ਨੂੰ 'ਜਿੰਦਾਦਿਲ ਪੰਜਾਬ' ਆਖਦੇ ਸਨ। ਇਥੇ ਜ਼ਿਕਰਯੋਗ ਹੈ ਕਿ 1884 'ਚ ਜਦੋਂ ਸਰ ਸਯਦ ਅਹਿਮਦ ਖਾਨ ਪੰਜਾਬ 'ਚ ਕਾਲਜ ਲਈ ਚੰਦਾ ਇਕੱਠਾ ਕਰਨ ਆਏ ਤਾਂ ਸਾਰੇ ਧਰਮਾਂ ਦੇ ਲੋਕਾਂ ਨੇ ਉਨ੍ਹਾਂ ਦਾ ਦਿਲ ਖੋਲ੍ਹ ਕੇ ਸੁਆਗਤ ਕੀਤਾ ਸੀ । ਇਹੋ ਵਜ੍ਹਾ ਹੈ ਕਿ ਉਸ ਸਮੇਂ 'ਟ੍ਰਿਬਿਊਨ' (ਲਾਹੌਰ) ਨੇ ਲਿਖਿਆ ਸੀ ਕਿ “ਅਸੀਂ ਉਸ ਸ਼ਖ਼ਸ ਦਾ ਭਾਸ਼ਣ ਤੇ ਉਹ ਗੱਲਾਂ ਸੁਣ ਕੇ ਬਹੁਤ ਖ਼ੁਸ਼ ਹੋਏ ਹਾਂ, ਜਿਹੜੀਆਂ ਕਦੇ ਵੀ ਕਿਸੇ ਹਮਵਤਨੀ ਮੁਸਲਮਾਨ ਦੇ ਮੂੰਹੋਂ ਨਹੀਂ ਸੁਣੀਆਂ। ਜੋ ਗੱਲਾਂ ਸਰ ਸਯਦ ਅਹਿਮਦ ਖਾਂ ਨੇ ਆਖੀਆਂ ਹਨ, ਉਹ ਮੁਸਲਮਾਨਾਂ ਲਈ ਹੀ ਨਹੀਂ ਸਗੋਂ ਹਿੰਦੂਆਂ ਲਈ ਵੀ ਅਰਥ ਰੱਖਦੀਆਂ ਹਨ।”ਇਥੋਂ ਤਕ ਕਿ ਗੌਰਮਿੰਟ ਸਕੂਲ ਜਲੰਧਰ ਦੇ ਵਿਦਿਆਰਥੀਆਂ ਵਲੋਂ ਪੜ੍ਹੇ ਗਏ ਇਕ ਭਾਸ਼ਣ ਦੌਰਾਨ ਇਹ ਕਿਹਾ ਗਿਆ ਸੀ ਕਿ ਸਰ ਸਯਦ ਸਾਹਿਬ ਕਿਸੇ ਖ਼ਾਸ ਕੌਮ ਜਾਂ ਵਿਸ਼ੇਸ਼ ਸੰਪਰਦਾਇ ਦੇ ਮਦਦਗਾਰ ਨਹੀਂ ਹਨ।
ਇਥੇ ਜਿਕਰਯੋਗ ਹੈ ਕਿ 8 ਜਨਵਰੀ, 1877 ਨੂੰ ਵਾਇਸਰਾਏ ਹਿੰਦ ਲਾਰਡ ਲਿਟਨ ਨੇ ਮੁਹੰਮਦ ਐਂਗਲੋ ਓਰੀਐਂਟਲ (ਐੱਮਏਓ) ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਕਾਲਜ ਦੇ ਪੰਜਾਹ ਕਮਰਿਆਂ 'ਚੋਂ ਪੰਜ ਕਮਰੇ ਲੁਧਿਆਣਾ, ਜਲੰਧਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਲੋਂ ਬਣਵਾਏ ਗਏ। ਇਥੇ ਇਕ ਗੱਲ ਹੋਰ ਜ਼ਿਕਰਯੋਗ ਹੈ ਕਿ 27 ਜਨਵਰੀ, 1884 ਨੂੰ ਗੁਰਦਾਸਪੁਰ 'ਚ ਸਰ ਸਯਦ ਅਹਿਮਦ ਖਾਨ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪੰਜਾਬ ਦੀਆਂ ਜਨਾਨੀਆਂ ਨੇ ਗੁਰਦਾਸਪੁਰ ਦੇ ਜੁਡੀਸ਼ਲ ਕਮਿਸ਼ਨਰ ਸਰਦਾਰ ਮੁਹੰਮਦ ਹਿਯਾਤ ਹੁਰਾਂ ਦੀ ਪਤਨੀ ਦੀ ਰਹਿਨੁਮਾਈ 'ਚ ਕੀਤਾ। ਕਿਹਾ ਜਾਂਦਾ ਹੈ ਕਿ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਜਨਾਨੀਆਂ ਨੇ ਆਪਣੇ ਲਈ ਆਵਾਜ਼ ਉਠਾਈ ਅਤੇ ਆਪਣੀਆਂ ਗੱਲਾਂ ਸਰ ਸਯਦ ਅਹਿਮਦ ਖਾਂ ਹੁਰਾਂ ਨਾਲ ਸਾਂਝੀਆਂ ਕੀਤੀਆਂ । 27 ਮਾਰਚ, 1898 ਨੂੰ ਜਦੋਂ ਸਰ ਸਯਦ ਇਸ ਦਾਰੇ ਫਾਨੀ ਤੋਂ ਰੁਖਸਤ ਹੋਏ। ਤਾਂ ਉਸ ਸਮੇਂ ਉੱਥੇ ਕਾਲਜ ਵਿਚ 285 ਮੁਸਲਮਾਨ ਅਤੇ 64 ਹਿੰਦੂ ਵਿਦਿਆਰਥੀ ਪੜ੍ਹ ਰਹੇ ਸਨ।
ਅੰਤ ਵਿਚ ਉਨ੍ਹਾਂ ਦੀ ਸ਼ਖਸੀਅਤ ਦੇ ਸੰਦਰਭ ਵਿਚ ਇਹੋ ਕਹਿ ਕੇ ਆਪਣੀ ਗੱਲ ਨੂੰ ਵਿਰਾਮ ਦੇਵਾਂਗਾ ਕਿ :
ਦੇਤਾ ਰਹੂੰਗਾ ਰੌਸ਼ਨੀ ਬੁਝਣੇ ਕੇ ਬਾਅਦ ਭੀ।
ਮੈਂ ਬਜ਼ਮੇ ਫਿਕਰ-ਓ-ਫਨ ਕਾ ਵੋਹ ਤਨਹਾ ਚਿਰਾਗ ਹੂੰ।
ਅੱਬਾਸ ਧਾਲੀਵਾਲ
ਮਲੇਰਕੋਟਲਾ।
ਸੰਪਰਕ ਨੰਬਰ :9855259650