ਸਿੰਘੂ ਬਾਰਡਰ ਤੋਂ ਟਰਾਲੇ 'ਤੇ ਲੱਦ ਕੇ ਲਿਆਂਦੀ 'ਝੌਂਪੜੀ' ਨੇ ਕੀਲੇ ਲੋਕ, ਖੜ੍ਹ-ਖੜ੍ਹ ਲੈਣ ਲੱਗੇ ਸੈਲਫ਼ੀਆਂ (ਤਸਵੀਰਾਂ)
Wednesday, Dec 15, 2021 - 11:26 AM (IST)
ਬਨੂੜ (ਜ. ਬ.) : ਦਿੱਲੀ ਦੇ ਸਿੰਘੂ ਬਾਰਡਰ ਤੋਂ ਟਰਾਲੇ 'ਤੇ ਲੱਦ ਕੇ ਲਿਆਂਦੀ ਗਈ ਝੌਂਪੜੀ ਇਲਾਕੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਕੌਮੀ ਮਾਰਗ ਤੋਂ ਲੰਘਣ ਵਾਲੇ ਲੋਕਾਂ ਨੇ ਇਸ ਝੌਂਪੜੀ ਨਾਲ ਸੈਲਫ਼ੀਆਂ ਤੇ ਫੋਟੋਆਂ ਖਿਚਾਉਣ ’ਚ ਬੜੀ ਦਿਲਚਸਪੀ ਦਿਖਾਈ। ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਅਜੀਜ਼ਪੁਰ ਟੋਲ-ਪਲਾਜ਼ੇ ’ਤੇ ਦਿੱਲੀ ਦੇ ਸਿੰਘੂ ਬਾਰਡਰ ਤੋਂ ਦੁਪਹਿਰ ਵੇਲੇ ਇਕ ਟਰਾਲੇ ’ਤੇ ਲੱਦ ਕੇ ਝੋਂਪੜੀ ਲਿਆਂਦੀ ਜਾ ਰਹੀ ਸੀ।
ਇਹ ਹੀ ਪੜ੍ਹੋ : ਮੰਤਰੀ ਮੰਡਲ ਦਾ ਅਹਿਮ ਫ਼ੈਸਲਾ, ਕ੍ਰਿਸਮਸ ਤੋਂ ਪਹਿਲਾਂ ਈਸਾਈ ਬਰਾਦਰੀ ਨੂੰ ਸੌਗਾਤ ਦੇਵੇਗੀ ਚੰਨੀ ਸਰਕਾਰ
ਇਸ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨ ਜਤਿੰਦਰ ਸਿੰਘ ਮੋਹਾਲੀ, ਗੁਰਪ੍ਰੀਤ ਸਿੰਘ ਮਟਰਾਂ ਤੇ ਗੁਰਤੇਜ ਸਿੰਘ ਮੰਡੀ ਖ਼ੁਰਦ ਬਠਿੰਡਾ ਨੇ ਦੱਸਿਆ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਸਿੰਘੂ ਬਾਰਡਰ ’ਤੇ 2 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਝੌਂਪੜੀ ਬਣਾਈ ਗਈ ਸੀ। ਨੌਜਵਾਨਾਂ ਨੇ ਦੱਸਿਆ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣ ਮਗਰੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਸੰਘਰਸ਼ ਨੂੰ ਮੁਅੱਤਲ ਕਰਨ ਦੇ ਐਲਾਨ ਉਪਰੰਤ ਉਨ੍ਹਾਂ ਨੇ ਇਸ ਝੌਂਪੜੀ ਨੂੰ ਇਸੇ ਤਰ੍ਹਾਂ ਹੀ ਲੈ ਕੇ ਜਾਣ ਬਾਰੇ ਸੋਚਿਆ।
ਨੌਜਵਾਨਾਂ ਨੇ ਦੱਸਿਆ ਕਿ ਉਹ ਮੰਡੀ ਖੁਰਦ ਬਠਿੰਡਾ ਡੇਰੇ 2 ਕਿੱਲੇ ਜ਼ਮੀਨ ’ਚ ਬਿਰਧ ਆਸ਼ਰਮ ਬਣਾਉਣਗੇ, ਜਿਸ ’ਚ ਇਸ ਝੌਂਪੜੀ ਨੂੰ ਦਫ਼ਤਰ ਵੱਜੋਂ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਝੌਂਪੜੀ ਜਿੱਥੇ ਕਿਸਾਨੀ ਸੰਘਰਸ਼ ਦੀ ਯਾਦ ਦੁਹਰਾਏਗੀ, ਉੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਸਾਨੀ ਸੰਘਰਸ਼ ਦੀ ਯਾਦ ਨੂੰ ਤਰੋ-ਤਾਜ਼ਾ ਰੱਖੇਗੀ।
ਇਹ ਹੀ ਪੜ੍ਹੋ : ਟੋਲ ਪਲਾਜ਼ਿਆਂ 'ਤੇ ਧਰਨੇ ਨੂੰ ਲੈ ਕੇ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ, ਜਾਣੋ ਕੀ ਬੋਲੇ
ਜਿਵੇਂ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਦਿੱਲੀ ’ਤੇ ਜਿੱਤ ਪ੍ਰਾਪਤ ਕਰਨ ਉਪਰੰਤ ਦਿੱਲੀ ਦਾ ਤਖ਼ਤ ਖਿੱਚ ਕੇ ਲਿਆਂਦਾ ਸੀ, ਉਸੇ ਹੀ ਤਰਜ਼ ’ਤੇ ਇਸ ਝੌਂਪੜੀ ਨੂੰ ਲਿਆਂਦਾ ਗਿਆ ਹੈ। ਜਦੋਂ ਟਰਾਲੇ ’ਤੇ ਰੱਖੀ ਇਹ ਝੌਂਪੜੀ ਕੌਮੀ ਮਾਰਗ ਤੋਂ ਜਾ ਰਹੀ ਸੀ ਤਾਂ ਲੋਕ ਬੜੀ ਉਤਸੁਕਤਾ ਨਾਲ ਇਸ ਨੂੰ ਰੋਕ ਕੇ ਇਸ ਨਾਲ ਸੈਲਫ਼ੀਆਂ ਤੇ ਫੋਟੋਆਂ ਖਿੱਚ ਰਹੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ