ਦੁਖ਼ਦਾਇਕ ਖ਼ਬਰ: ਸਿੰਘੂ ਬਾਰਡਰ ’ਤੇ ਅੱਜ ਇੱਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Wednesday, Aug 18, 2021 - 06:20 PM (IST)

ਦੁਖ਼ਦਾਇਕ ਖ਼ਬਰ: ਸਿੰਘੂ ਬਾਰਡਰ ’ਤੇ ਅੱਜ ਇੱਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਫਿਰੋਜ਼ਪੁਰ (ਕੁਮਾਰ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਦੇ ਚੱਲਦਿਆਂ ਅੱਜ ਸਿੰਘੂ ਬਾਰਡਰ ’ਤੇ ਕਿਸਾਨੀ ਅੰਦੋਲਨ ਦੇ 264ਵੇਂ ਦਿਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ਰ੍ਹੀਂਵਾਲਾ ਦੇ ਕਰੀਬ 70 ਸਾਲਾ ਕਿਸਾਨ ਮਹਿਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਉੱਪ ਪ੍ਰਧਾਨ ਜਸਬੀਰ ਸਿੰਘ ਪਿੱਦੀ ਨੇ ਦੱਸਿਆ ਕਿ ਸ਼ਹੀਦ ਹੋਏ ਕਿਸਾਨ ਦੀ ਮ੍ਰਿਤਕ ਦੇਹ ਪੰਜਾਬ ਵਿੱਚ ਉਨ੍ਹਾਂ ਦੇ ਘਰ ਭੇਜ ਦਿੱਤੀ ਗਈ ਹੈ ਅਤੇ ਉਸ ਦੇ ਪਿੰਡ ਵਿੱਚ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਨੇ ਸ਼ਹੀਦ ਹੋਏ ਕਿਸਾਨ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਉਸ ਦਾ ਸਾਰਾ ਕਰਜ਼ਾ ਸਰਕਾਰ ਅਦਾ ਕਰੇ।

ਇਹ ਵੀ ਪੜ੍ਹੋ : ਸਕੂਟਰੀ ਸਵਾਰਾਂ ਨੇ ਦਿਨ ਦਿਹਾੜੇ ਘਰ ਨੇੜਿਓਂ ਚੁੱਕੀ 6 ਸਾਲ ਦੀ ਬੱਚੀ, ਇਲਾਕੇ ’ਚ ਦਹਿਸ਼ਤ

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਕਿਸਾਨੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਕਿਸਾਨ ਮਜ਼ਦੂਰ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨੀ ਕਾਨੂੰਨਾਂ ਵਿਚ ਸੋਧ ਕਰਨ ਦੀ ਕੇਂਦਰ ਸਰਕਾਰ ਦੀ ਤਜਵੀਜ਼ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਕਾਨੂੰਨ ਰੱਦ ਕੀਤੇ ਜਾਣ ਅਤੇ ਐੱਮ.ਐੱਸ.ਪੀ. ਦਾ ਕਾਨੂੰਨ ਬਣਾਇਆ ਜਾਵੇ ਤਾਂ ਜੋ 23 ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਹੋਵੇ। ਉਨ੍ਹਾਂ ਨੇ ਏ.ਪੀ.ਐਮ.ਸੀ. ਐਕਟ ਨੂੰ ਹੋਰ ਮਜ਼ਬੂਤ ਕਰਦੇ ਦੇਸ਼ ਭਰ ਵਿੱਚੋਂ 7000 ਮੰਡੀਆਂ ਲਈ ਜਗ੍ਹਾ 42000 ਹਜ਼ਾਰ ਮੰਡੀਆਂ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਰਾਣਾ, ਸਾਹਿਬ ਸਿੰਘ ਦੀਨੇ ਕੇ, ਗੁਰਦੇਵ ਸਿੰਘ, ਹਰਬੰਸ ਸਿੰਘ, ਕੁਲਵੰਤ ਸਿੰਘ, ਜਗਦੀਸ਼ ਸਿੰਘ ਅਤੇ ਹਰਪਾਲ ਸਿੰਘ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ :  ਬਠਿੰਡਾ ’ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ਼, ਇਤਰਾਜ਼ਯੋਗ ਹਾਲਾਤ ’ਚ ਮਿਲੇ ਜੋੜੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Shyna

Content Editor

Related News