ਗਾਇਕਾ ਦੀ ਭੈਣ ਫਿਰ ਹੈਰੋਇਨ ਸਮੇਤ ਗ੍ਰਿਫਤਾਰ
Saturday, Jun 22, 2019 - 02:41 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੀ ਇਕ ਗਾਇਕਾ ਦੀ ਭੈਣ ਬੇਅੰਤ ਕੌਰ ਵਾਸੀ ਰਹੀਮਾਬਾਦ ਖੁਰਦ ਨੂੰ ਫਿਰ ਮਾਛੀਵਾੜਾ ਪੁਲਸ ਨੇ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਰਮਨਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਨਿਰਦੇਸ਼ਾਂ 'ਤੇ ਇਲਾਕੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਸਹਾਇਕ ਥਾਣੇਦਾਰ ਜਰਨੈਲ ਸਿੰਘ ਰਾਹੋਂ ਰੋਡ ਤੋਂ ਪਿੰਡ ਮਾਣੇਵਾਲ ਮੇਨ ਰੋਡ 'ਤੇ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਸਾਹਮਣੇ ਆ ਰਹੀ ਇਕ ਔਰਤ ਨੇ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਪੁਲਸ ਨੇ ਔਰਤ ਨੂੰ ਜਾਂਚ ਲਈ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਬੇਅੰਤ ਕੌਰ ਵਾਸੀ ਰਹੀਮਾਬਾਦ ਖੁਰਦ ਦੱਸਿਆ।
ਇਸ ਦੌਰਾਨ ਜਦੋਂ ਉਕਤ ਔਰਤ ਦੀ ਤਲਾਸ਼ੀ ਲਈ ਗਈ ਤਾਂ ਇਸ ਦੇ ਮੋਬਾਇਲ ਦੇ ਕਵਰ 'ਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਪੁਲਸ ਨੇ ਉਸ ਖਿਲਾਫ਼ ਐੱਨ. ਡੀ. ਪੀ. ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੇਅੰਤ ਕੌਰ ਤੇ ਉਸਦੀ ਮਾਤਾ ਖਿਲਾਫ਼ 17-8-2018 'ਚ 5-5 ਗ੍ਰਾਮ ਹੈਰੋਇਨ ਦਾ ਪਰਚਾ ਦਰਜ ਕੀਤਾ ਗਿਆ ਸੀ। ਪਿਛਲੇ ਕੁੱਝ ਦਿਨਾਂ ਤੋਂ ਪੁਲਸ ਉਚ ਅਧਿਕਾਰੀਆਂ ਕੋਲ ਇਹ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਕਿ ਉਕਤ ਔਰਤ ਦੇ ਘਰੋਂ ਕਾਫ਼ੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਹੁੰਦੀ ਹੈ ਜਿਸ 'ਤੇ ਪੁਲਸ ਨੇ ਇਸ ਉਪਰ ਬਾਜ਼ ਅੱਖ ਰੱਖੀ ਹੋਈ ਸੀ ਅਤੇ ਅੱਜ ਇਹ ਹੈਰੋਇਨ ਸਮੇਤ ਕਾਬੂ ਆ ਗਈ।